ਜਗਰਾਉਂ, 10 ਦਸੰਬਰ ( ਭਗਵਾਨ ਭੰਗੂ, ਮੁਕੇਸ਼ ਕੁਮਾਰ )-ਸ਼ਨੀਵਾਰ ਰਾਤ 9:45 ਤੋਂ 10:15 ਵਜੇ ਦੇ ਦਰਮਿਆਨ 7-8 ਅਣਪਛਾਤੇ ਵਿਅਕਤੀਆਂ ਨੇ ਸ਼ਹਿਰ ਦੇ ਵੱਖ-ਵੱਖ ਬੁਟੀਕ ‘ਤੇ ਕੰਮ ਕਰਦੇ ਲੜਕਿਆਂ ਨੂੰ ਘੇਰ ਕੇ ਉਨ੍ਹਾਂ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਅਤੇ ਇਕ ਲੜਕੇ ਤੋਂ 5000 ਰੁਪਏ ਦੀ ਨਕਦੀ ਵੀ ਖੋਹ ਲਈ। ਇਕ ਦੀ ਐਕਟਿਵਾ ਸਕੂਟਰੀ ਨੂੰ ਇੱਟਾਂ ਮਾਰ ਕੇ ਤੋੜ ਦਿੱਤਾ। ਇਸ ਸਬੰਧੀ ਕੁੱਟਮਾਰ ਦਾ ਸ਼ਿਕਾਰ ਹੋਏ ਸਮੂਹ ਪੀੜਤਾਂ ਨੇ ਆਪਣੇ ਸਾਥੀਆਂ ਅਤੇ ਸ਼ਹਿਰ ਦੇ ਪਤਵੰਤਿਆਂ ਸਮੇਤ ਥਾਣਾ ਸਿਟੀ ਵਿਖੇ ਪਹੁੰਚ ਕੇ ਇਨਸਾਫ਼ ਦੀ ਗੁਹਾਰ ਲਗਾਈ। ਇੱਕ ਮੁੱਹਲੇ ਵਿੱਚ ਹਮਲਾਵਰਾਂ ਵੱਲੋਂ ਪਥਰਾਅ ਕਰਨ ਦੀ ਵੀਡੀਓ ਵੀ ਵਾਇਰਲ ਹੋਈ ਸੀ। ਮੌਕੇ ‘ਤੇ ਮੌਜੂਦ ਨਵੀ ਮਹਿਰਾ ਨੇ ਦੱਸਿਆ ਕਿ ਉਹ ਸਵਾਮੀ ਰੂਪਚੰਦ ਜੈਨ ਸਕੂਲ ਨੇੜੇ ਕੇ.ਕੇ ਗਾਰਮੈਂਟਸ, ਸਬਜ਼ੀ ਮੰਡੀ ਰੋਡ ਵਿਖੇ ਕੰਮ ਕਰਦਾ ਹੈ। ਜਦੋਂ ਉਹ ਰਾਤ ਨੂੰ ਆਪਣੇ ਘਰ ਜਾ ਰਿਹਾ ਸੀ ਤਾਂ ਕਰੀਬ 10:45 ਵਜੇ ਮੋਟਰਸਾਈਕਲ ‘ਤੇ 6 ਤੋਂ 7 ਵਿਅਕਤੀ ਆਏ ਅਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਹ ਉਸ ਦੀ ਜੇਬ ‘ਚੋਂ 5 ਹਜ਼ਾਰ ਰੁਪਏ ਕੱਢ ਕੇ ਫਰਾਰ ਹੋ ਗਏ। ਇਸ ਤਰ੍ਹਾਂ ਐਮ.ਡੀ ਹਦੀਸ ਨੇ ਦੱਸਿਆ ਕਿ ਉਹ ਨਲਕਾ ਵਾਲੇ ਚੌਕ ਨੇੜੇ ਖੁਸ਼ੀ ਬੁਟੀਕ ਵਿੱਚ ਕੰਮ ਕਰਦਾ ਹੈ। ਰਾਤ 10 ਵਜੇ ਦੇ ਕਰੀਬ ਮੈਂ ਘਰ ਜਾ ਰਿਹਾ ਸੀ। ਜਦੋਂ ਚੌਂਕ ਚਰਖੜੀਆਂ ਨੇੜੇ ਪੁੱਜਾ ਤਾਂ ਦੋ ਲੜਕਿਆਂ ਨੇ ਉਸਨੂੰ ਘੇਰ ਕੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਮੁਹੰਮਦ ਰਾਜਾ ਨੇ ਦੱਸਿਆ ਕਿ ਉਹ ਹਨੀ ਬੁਟੀਕ ਕੈਲਾਸ਼ ਭਾਂਡਿਆਂ ਦੀ ਦੁਕਾਨ ਨੇੜੇ ਮੇਨ ਬਾਜ਼ਾਰ ਵਿੱਚ ਕੰਮ ਕਰਦਾ ਹੈ। ਜਦੋਂ ਮੈਂ ਆਪਣੇ ਘਰ ਜਾ ਰਿਹਾ ਸੀ ਤਾਂ ਤਿੰਨ ਲੜਕਿਆਂ ਨੇ ਉਸ ਨੂੰ ਘੇਰ ਲਿਆ ਅਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਮੁਹੰਮਦ ਇਮਰਾਨ ਨੇ ਦੱਸਿਆ ਕਿ ਉਹ ਕੁੱਕੜ ਚੌਕ ਵਿੱਚ ਆਇਸ਼ਾ ਬੁਟੀਕ ਵਿੱਚ ਕੰਮ ਕਰਦਾ ਹੈ। ਰਾਤ ਕਰੀਬ 10:15 ਵਜੇ ਸੱਤ ਤੋਂ ਅੱਠ ਲੜਕੇ ਤਿੰਨ ਮੋਟਰਸਾਈਕਲਾਂ ’ਤੇ ਆਏ ਅਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਉਸ ਦੀ ਐਕਟਿਵਾ ਸਕੂਟਰੀ ਦੀ ਇੱਟ ਨਾਲ ਭੰਨ-ਤੋੜ ਕੀਤੀ। ਮੁਹੰਮਦ ਮੁੰਨਾ ਅਤੇ ਮੁਹੰਮਦ ਇਮਰਾਨ ਨੇ ਦੱਸਿਆ ਕਿ ਉਹ ਆਲਮ ਬੁਟੀਕ ਖਾਈ ਵਾਲੀ ਗਲੀ ਵਿੱਚ ਕੰਮ ਕਰਦੇ ਹਨ। ਜਦੋਂ ਉਹ ਘਰ ਜਾ ਰਿਹਾ ਸੀ ਤਾਂ ਨਲਕਿਆਂ ਵਾਲੇ ਚੌਕ ਨੇੜੇ ਮੋਟਰਸਾਈਕਲ ਸਵਾਰ ਛੇ ਵਿਅਕਤੀਆਂ ਨੇ ਉਸ ਨੂੰ ਘੇਰ ਲਿਆ ਅਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਵਰਨਣਯੋਗ ਹੈ ਕਿ ਇਨ੍ਹਾਂ ਹਮਲਾਵਰਾਂ ਨੇ ਜਿਨ੍ਹਾਂ ਲੋਕਾਂ ਦੀ ਕੁੱਟਮਾਰ ਕੀਤੀ ਸੀ, ਉਨ੍ਹਾਂ ਨੂੰ ਸਿਰਫ਼ ਇੱਕ ਹੀ ਗੱਲ ਕਹੀ ਸੀ ਕਿ ਤੁਸੀਂ ਲੜਕੀ ਨਾਲ ਛੇੜਛਾੜ ਕੀਤੀ ਹੈ। ਇਹ ਕਹਿ ਕੇ ਉਨ੍ਹਾਂ ਨੇ ਅਚਾਨਕ ਕੁੱਟਮਾਰ ਸ਼ੁਰੂ ਕਰ ਦਿੱਤੀ। ਇਨ੍ਹਾਂ ਸਾਰਿਆਂ ਵੱਲੋਂ ਸਵੇਰੇ ਥਾਣਾ ਸਿਟੀ ਵਿੱਚ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਏਐਸਆਈ ਗੁਰਸੰਤ ਸਿੰਘ ਅਤੇ ਏਐਸਆਈ ਇੰਦਰਜੀਤ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਇਨ੍ਹਾਂ ‘ਚੋਂ ਕੁਝ ਲੋਕ ਹਮਲਾਵਰਾਂ ਨੂੰ ਪਛਾਣ ਵੀ ਰਹੇ ਹਨ। ਮਾਮਲੇ ਦੀ ਜਾਂਚ ਕਰਕੇ ਕਾਰਵਾਈ ਕੀਤੀ ਜਾਵੇਗੀ।