ਲੁਧਿਆਣਾ, 15 ਮਾਰਚ ( ਵਿਕਾਸ ਮਠਾੜੂ, ਮੋਹਿਤ ਜੈਨ)-ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਨੇ ਸ਼ੁੱਕਰਵਾਰ ਨੂੰ ਇੱਥੇ ਸਿਵਲ ਹਸਪਤਾਲ ਦਾ ਦੌਰਾ ਕਰਕੇ ਉੱਥੇ ਚੱਲ ਰਹੇ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ।
ਇਸ ਮੌਕੇ ਉਨ੍ਹਾਂ ਸਿਹਤ ਵਿਭਾਗ ਦੇ ਸਬੰਧਤ ਅਧਿਕਾਰੀਆਂ ਨਾਲ ਵੀ ਵਿਸਥਾਰਪੂਰਵਕ ਗੱਲਬਾਤ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਿਵਲ ਸਰਜਨ ਡਾ: ਜਸਬੀਰ ਸਿੰਘ ਔਲਖ ਅਤੇ ਐਸ.ਐਮ.ਓ ਡਾ: ਮਨਦੀਪ ਸਿੱਧੂ ਹਾਜ਼ਰ ਸਨ | ਇੱਥੇ ਇਹ ਵਰਣਨਯੋਗ ਹੈ ਕਿ ਪੰਜਾਬ ਸਰਕਾਰ ਦੀ ਇੱਕ ਵੱਡੀ ਪਹਿਲਕਦਮੀ ਵਜੋਂ ਅਰੋੜਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਸਿਹਤ ਮੰਤਰਾਲੇ ਦੇ ਸਹਿਯੋਗ ਨਾਲ ਲੁਧਿਆਣਾ ਅਤੇ ਰਾਜ ਦੇ ਹੋਰ ਹਿੱਸਿਆਂ ਵਿੱਚ ਜ਼ਿਲ੍ਹਾ ਹਸਪਤਾਲਾਂ ਨੂੰ ਅਪਗ੍ਰੇਡ ਕਰਨ ਅਤੇ ਬਿਹਤਰ ਬਣਾਉਣ ਲਈ ਲਗਾਤਾਰ ਮੀਟਿੰਗਾਂ ਕਰ ਰਹੇ ਹਨ। ਇਨ੍ਹਾਂ ਹਸਪਤਾਲਾਂ ਲਈ ਸਰਵੇਖਣ ਅਤੇ ਯੋਜਨਾਬੰਦੀ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਸਿਵਲ ਹਸਪਤਾਲ ਲੁਧਿਆਣਾ ਦਾ ਕੰਮ ਸ਼ੁਰੂ ਹੋ ਚੁੱਕਾ ਹੈ।
ਅਰੋੜਾ ਨੇ ਸਬੰਧਤਾਂ ਨੂੰ ਚੱਲ ਰਹੇ ਵਿਕਾਸ ਕਾਰਜਾਂ ਨੂੰ ਜਲਦੀ ਤੋਂ ਜਲਦੀ ਮੁਕੰਮਲ ਕਰਨ ਲਈ ਕਿਹਾ। ਉਨ੍ਹਾਂ ਆਪਣੀ ਟੀਮ ਨੂੰ ਚਾਰਦੀਵਾਰੀ ਦਾ ਕੰਮ ਪੂਰਾ ਕਰਨ ਲਈ ਕਿਹਾ, ਜਿਸ ਲਈ ਪਲਾਸਟਰ, ਸ਼ੀਸ਼ੇ ਅਤੇ ਪੇਂਟ ਦੇ ਕੰਮ ਦੀ ਲੋੜ ਸੀ। ਉਨ੍ਹਾਂ ਹਸਪਤਾਲ ਦੀਆਂ ਕੰਧਾਂ ਅਤੇ ਪਖਾਨਿਆਂ ਆਦਿ ’ਤੇ ਟਾਈਲਾਂ ਲਾਉਣ ਦਾ ਕੰਮ ਵੀ ਮੁਕੰਮਲ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਜਾਣ ਕੇ ਬਹੁਤ ਹੈਰਾਨੀ ਹੋਈ ਕਿ ਹਸਪਤਾਲ ਦੀਆਂ ਲਿਫਟਾਂ ਪਿਛਲੇ ਬਾਰਾਂ ਸਾਲਾਂ ਤੋਂ ਕੰਮ ਨਹੀਂ ਕਰ ਰਹੀਆਂ। ਉਨ੍ਹਾਂ ਕਿਹਾ ਕਿ ਮਰੀਜ਼ਾਂ ਅਤੇ ਉਨ੍ਹਾਂ ਦੇ ਅਟਟੇਂਡੈਂਟਸ ਦੀ ਸਹੂਲਤ ਲਈ ਮੌਜੂਦਾ ਲਿਫਟਾਂ ਨੂੰ ਜਲਦੀ ਤੋਂ ਜਲਦੀ ਚਾਲੂ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿੱਚ ਇੱਕ ਹੋਰ ਲਿਫਟ ਦੀ ਵੀ ਲੋੜ ਹੈ। ਅਰੋੜਾ ਨੇ ਕਿਹਾ ਕਿ ਉਹ ਹਸਪਤਾਲ ਦੇ ਅਹਾਤੇ ਵਿੱਚ ਲੋੜੀਂਦੀਆਂ ਲਿਫਟਾਂ ਲਗਾਉਣ ਲਈ ਲੋੜੀਂਦੇ ਕਦਮ ਚੁੱਕਣਗੇ।
ਇਸ ਮੀਟਿੰਗ ਦੌਰਾਨ ਅਰੋੜਾ ਨੇ ਸਬੰਧਤ ਅਧਿਕਾਰੀਆਂ ਨੂੰ ਸਮੇਂ-ਸਮੇਂ ‘ਤੇ ਬਕਾਇਆ ਪਏ ਮਹੱਤਵਪੂਰਨ ਕੰਮਾਂ ਬਾਰੇ ਜਾਣੂ ਕਰਵਾਉਣ ਲਈ ਕਿਹਾ। ਇਸ ’ਤੇ ਉਨ੍ਹਾਂ ਦੱਸਿਆ ਗਿਆ ਕਿ ਹਸਪਤਾਲ ਦੇ ਸੀਵਰੇਜ ਸਿਸਟਮ ਦੀ ਮੁਰੰਮਤ ਕਰਨ ਦੀ ਲੋੜ ਹੈ ਕਿਉਂਕਿ ਇਹ ਜ਼ਿਆਦਾਤਰ ਸਮਾਂ ਜਾਮ ਰਹਿੰਦਾ ਹੈ। ਅਰੋੜਾ ਨੇ ਭਵਿੱਖ ਵਿੱਚ ਮੌਜੂਦਾ ਸੀਵਰੇਜ ਨੂੰ ਬਦਲ ਕੇ ਨਵਾਂ ਬਣਾਉਣ ਦਾ ਭਰੋਸਾ ਦਿੱਤਾ। ਉਨ੍ਹਾਂ ਆਪਣੀ ਟੀਮ ਦੇ ਮੈਂਬਰਾਂ ਨੂੰ ਮੌਜੂਦਾ ਸੀਵਰੇਜ ਨੂੰ ਬਦਲਣ ਬਾਰੇ ਵਿਸਥਾਰਪੂਰਵਕ ਰਿਪੋਰਟ ਦੇਣ ਲਈ ਕਿਹਾ। ਉਨ੍ਹਾਂ ਦੱਸਿਆ ਕਿ ਹਸਪਤਾਲ ਦੀ ਇਮਾਰਤ ਦੇ ਵਿਸਥਾਰ ਦਾ ਕੰਮ ਸ਼ੁਰੂ ਹੋਣ ਤੋਂ ਬਾਅਦ ਪਿਛਲੇ 10 ਸਾਲਾਂ ਤੋਂ ਸੀਵਰੇਜ ਬਲਾਕੇਜ ਦੀ ਸਮੱਸਿਆ ਬਣੀ ਹੋਈ ਹੈ।
ਇਸ ਤੋਂ ਇਲਾਵਾ ਅਰੋੜਾ ਨੂੰ ਦੱਸਿਆ ਗਿਆ ਕਿ ਹਸਪਤਾਲ ਦੀ ਇਮਾਰਤ ਦੀ ਛੱਤ ਦੇ ਕੁਝ ਹਿੱਸਿਆਂ ਤੋਂ ਲੀਕੇਜ ਹੈ। ਮੀਟਿੰਗ ਵਿੱਚ ਹਸਪਤਾਲ ਦੇ ਬਿਲਡਿੰਗ ਵਿੱਚ ਚੂਹਿਆਂ ਦੀ ਵੱਡੀ ਗਿਣਤੀ ਦਾ ਮੁੱਦਾ ਵੀ ਉਠਾਇਆ ਗਿਆ। ਅਰੋੜਾ ਨੂੰ ਦੱਸਿਆ ਗਿਆ ਕਿ ਇਸ ਸਮੱਸਿਆ ਦਾ ਮੁੱਖ ਕਾਰਨ ਹਸਪਤਾਲ ਦੇ ਬੈਕਯਾਰਡ ‘ਚ ਵੱਡਾ ਡੰਪ ਹੋਣਾ ਹੈ। ਇਸ ਸਬੰਧੀ ਅਰੋੜਾ ਨੇ ਡੰਪ ਦੇ ਮਸਲੇ ਦੇ ਹੱਲ ਲਈ ਨਗਰ ਨਿਗਮ ਲੁਧਿਆਣਾ ਦੇ ਕਮਿਸ਼ਨਰ ਸੰਦੀਪ ਰਿਸ਼ੀ ਨਾਲ ਫ਼ੋਨ ‘ਤੇ ਸੰਪਰਕ ਕੀਤਾ | ਅਰੋੜਾ ਨੇ ਭਰੋਸਾ ਦਿੱਤਾ ਕਿ ਚੂਹਿਆਂ ਦੀ ਸਮੱਸਿਆ ਦਾ ਪੂਰੀ ਤਰ੍ਹਾਂ ਹੱਲ ਕੀਤਾ ਜਾਵੇਗਾ। ਉਨ੍ਹਾਂ ਹਸਪਤਾਲ ਦੀ ਛੱਤ ਦੇ ਕੁਝ ਹਿੱਸੇ ਵਿੱਚੋਂ ਲੀਕੇਜ ਦੀ ਸਮੱਸਿਆ ਨੂੰ ਵੀ ਹੱਲ ਕਰਨ ਦਾ ਭਰੋਸਾ ਦਿੱਤਾ।
ਅਰੋੜਾ ਨੇ ਵੀਲ੍ਹ ਚੇਅਰ ‘ਤੇ ਹਸਪਤਾਲ ਆਉਣ ਵਾਲੇ ਮਰੀਜ਼ਾਂ ਦੀ ਸਹੂਲਤ ਲਈ ਹਸਪਤਾਲ ਦੀਆਂ ਅੰਦਰੂਨੀ ਸੜਕਾਂ ਨੂੰ ਪੱਕਾ ਕਰਨ ਦਾ ਭਰੋਸਾ ਵੀ ਦਿੱਤਾ। ਇਸ ਦਾ ਸਥਾਈ ਹੱਲ ਕੱਢਣ ਲਈ ਬੰਦ ਕੇਂਦਰੀਕ੍ਰਿਤ ਏਸੀ ਕਮਰਿਆਂ ਦਾ ਮੁੱਦਾ ਵੀ ਵਿਚਾਰਿਆ ਗਿਆ।
ਜਦੋਂ ਅਰੋੜਾ ਨੂੰ ਦੱਸਿਆ ਗਿਆ ਕਿ ਇੱਕ ਨਿੱਜੀ ਠੇਕੇਦਾਰ ਨੂੰ ਫੰਡ ਜਾਰੀ ਨਾ ਕੀਤੇ ਜਾਣ ਕਾਰਨ ਕੁਝ ਵਿਕਾਸ ਕਾਰਜ ਠੱਪ ਪਏ ਹਨ ਤਾਂ ਅਰੋੜਾ ਨੇ ਮੌਕੇ ‘ਤੇ ਹੀ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਵਰਿੰਦਰ ਕੁਮਾਰ ਸ਼ਰਮਾ ਨਾਲ ਫ਼ੋਨ ‘ਤੇ ਮਾਮਲਾ ਉਠਾਇਆ। ਸ਼ਰਮਾ ਕੋਲ ਹਸਪਤਾਲ ਵਿੱਚ ਸਟਾਫ਼ ਦੀ ਘਾਟ ਦਾ ਮੁੱਦਾ ਵੀ ਉਠਾਇਆ।
ਚਰਚਾ ਦੌਰਾਨ ਅਰੋੜਾ ਨੇ ਅਧਿਕਾਰੀਆਂ ਨੂੰ ਆਯੂਸ਼ਮਾਨ ਸਕੀਮ ਤਹਿਤ ਮਰੀਜ਼ਾਂ ਦੇ ਇਲਾਜ ਲਈ ਉਤਸ਼ਾਹਿਤ ਕਰਨ ਦਾ ਸੁਝਾਅ ਦਿੱਤਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਮਰੀਜ਼ਾਂ ਦੀ ਸਹੂਲਤ ਲਈ ਆਯੁਸ਼ਮਾਨ ਯੋਜਨਾ ਲਈ ਹਸਪਤਾਲ ਦੇ ਅਹਾਤੇ ਵਿੱਚ ਵਿਸ਼ੇਸ਼ ਕਾਊਂਟਰ ਸਥਾਪਤ ਕਰਨ ਦਾ ਸੁਝਾਅ ਦਿੱਤਾ। ਸਿਵਲ ਸਰਜਨ ਡਾ: ਜਸਬੀਰ ਸਿੰਘ ਔਲਖ ਨੇ ਅਰੋੜਾ ਨੂੰ ਦੱਸਿਆ ਕਿ ਹਸਪਤਾਲ ਵਿੱਚ ਹਰ ਸਾਲ ਕਰੀਬ 4 ਲੱਖ ਮਰੀਜ਼ ਇਲਾਜ ਲਈ ਆਉਂਦੇ ਹਨ। ਅਰੋੜਾ ਨੇ ਹਸਪਤਾਲ ਦੇ ਅਧਿਕਾਰੀਆਂ ਨੂੰ ਸਖ਼ਤੀ ਨਾਲ ਕਿਹਾ ਕਿ ਉਹ ਹਸਪਤਾਲ ਵਿੱਚ ਪੂਰੀ ਤਰ੍ਹਾਂ ਸਾਫ਼-ਸਫ਼ਾਈ ਦੀ ਸਥਿਤੀ ਬਣਾਈ ਰੱਖਣ।