10 ਦਿਨ ਪਹਿਲਾਂ ਟੁੱਟੇ ਫੁੱਟਪਾਥ ਦੀ ਮੁਰੰਮਤ ਤਾਂ ਛੱਡੋ ਮਲਬਾ ਵੀ ਨਹੀਂ ਹਟਾਇਆ
ਜਗਰਾਉਂ, 15 ਮਾਰਚ ( ਭਗਵਾਨ ਭੰਗੂ, ਜਗਰੂਪ ਸੋਹੀ )-ਹਮੇਸ਼ਾ ਚਰਚਾ ’ਚ ਰਹਿਣ ਵਾਲੀ ਨਗਰ ਕੌਂਸਲ ਜਗਰਾਓਂ ਸ਼ਾਇਦ ਸ਼ਹਿਰ ’ਚ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਹੀ ਹੈ। ਇਸ ਦਾ ਕਾਰਨ ਇਹ ਹੈ ਕਿ ਕਰੀਬ 10 ਦਿਨ ਪਹਿਲਾਂ ਸ਼ਹਿਰ ਦੇ ਮੁੱਖ ਰਾਏਕੋਟ ਰੋਡ ’ਤੇ ਰਾਤ ਸਮੇਂ ਬੱਜਰੀ ਨਾਲ ਭਰਿਆ ਇੱਕ ਟਰੱਕ ਟਾਇਰ ਫਟਣ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਅਤੇ ਉਸ ਟਰੱਕ ਦੇ ਪਲਟਣ ਕਾਰਨ ਡਾ: ਭੀਮ ਰਾਓ ਅੰਬੇਡਕਰ ਚੌਕ ਨੇੜੇ ਫੁੱਟਪਾਥ ਦਾ ਵੱਡਾ ਹਿੱਸਾ ਟੁੱਟ ਕੇ ਬਿਖਰ ਗਿਆ। ਉਸ ਤੋਂ ਬਾਅਦ ਫੁੱਟਪਾਥ ਦੀ ਮੁਰੰਮਤ ਤਾਂ ਛੱਡੋ, ਨਗਰ ਕੌਂਸਲ ਨੇ ਸੜਕ ਦੇ ਦੋਵੇਂ ਪਾਸੇ ਖਿੱਲਰੇ ਮਲਬੇ ਨੂੰ ਚੁੱਕਣ ਦੀ ਵੀ ਲੋੜ ਨਹੀਂ ਸਮਝੀ। ਜ਼ਿਕਰਯੋਗ ਹੈ ਕਿ ਜਗਰਾਓਂ ਦੀ ਨਗਰ ਕੌਂਸਲ ਸ਼ਹਿਰ ਦੇ ਫੁੱਟਪਾਥਾਂ ਨੂੰ ਫਾਇਰ ਬਿਗ੍ਰੇਡ ਦੀ ਗੱਡੀ ਨਾਲ ਧੋਣ ਦਾ ਕਾਰਨਾਮਾ ਕਰ ਚੁੱਕੀ ਹੈ। ਜਿਸਦੀ ਪਿਛਲੇ ਸਮੇਂ ਅੰਦਰ ਇਹ ਖੂਬ ਚਰਚਾ ਵੀ ਮੀਡੀਆ ਵਿਚ ਹੋਈ ਸੀ। ਰਾਏਕੋਟ ਰੋਡ ਸ਼ਹਿਰ ਦੀ ਮੁੱਖ ਸੜਕ ਹੈ ਅਤੇ ਇੱਥੇ ਦਿਨ-ਰਾਤ ਹਰ ਸਮੇਂ ਭਾਰੀ ਆਵਾਜਾਈ ਰਹਿੰਦੀ ਹੈ। ਇਸ ਟੁੱਟੇ ਫੁੱਟਪਾਥ ਦੇ ਖਿੱਲਰੇ ਹੋਏ ਮਲਬੇ ਬਾਰੇ ਤਾਂ ਸ਼ਹਿਰ ਦੇ ਲੋਕ ਤਾਂ ਭਲੇ ਹੀ ਜਾਣੂ ਹੋਣ ਪਰ ਬਾਹਰੋਂ ਆਉਣ ਵਾਲੇ ਲੋਕਾਂ ਨੂੰ ਇਸ ਤਰ੍ਹਾਂ ਖਿੱਲਰੇ ਮਲਬੇ ਬਾਰੇ ਪਤਾ ਨਹੀਂ। ਜਿਸ ਕਾਰਨ ਕਿਸੇ ਸਮੇਂ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ। ਕੇ.ਕੇ. ਯੂਨੀਅਨ ਦੇ ਕਾਰਜਕਾਰੀ ਪ੍ਰਧਾਨ ਸੰਜੀਵ ਕੁਮਾਰ ਬਾਂਸਲ ਨੇ ਕਿਹਾ ਕਿ ਨਗਰ ਕੌਂਸਲ ਤੁਰੰਤ ਸੜਕ ਤੋਂ ਮਲਬਾ ਹਟਾ ਕੇ ਇਸ ਦੀ ਸਫ਼ਾਈ ਕਰਵਾਉਣ ਦੇ ਨਾਲ-ਨਾਲ ਇਸ ਦੀ ਮੁਰੰਮਤ ਕਰਵਾਈ ਜਾਵੇ ਤਾਂ ਜੋ ਕਿਸੇ ਵੀ ਹਾਦਸੇ ਤੋਂ ਬਚਿਆ ਜਾ ਸਕੇ।
ਕੀ ਕਹਿਣਾ ਹੈ ਈਓ ਦਾ-
ਇਸ ਸਬੰਧੀ ਜਦੋਂ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਸੁਖਦੇਵ ਸਿੰਘ ਰੰਧਾਵਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਫੁੱਟਪਾਥ ਤੋਂ ਮਲਬਾ ਹਟਾਉਣ ਦੇ ਨਾਲ-ਨਾਲ ਇਸ ਦੀ ਜਲਦੀ ਮੁਰੰਮਤ ਵੀ ਕਰਵਾ ਦਿੱਤੀ ਜਾਵੇਗੀ।