ਫਿਲੌਰ, 2 ਅਗਸਤ ( ਵਿਕਾਸ ਮਠਾੜੂ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਫਿਲੌਰ ਵਿਖੇ ਕਾਲਜ ਦੇ ਮੌਜੂਦਾ ਪ੍ਰਿੰਸੀਪਲ ਡਾ. ਪਰਮਜੀਤ ਕੌਰ ਜੱਸਲ ਹੁਰਾਂ ਦੀ ਮੌਲਿਕ ਕਹਾਣੀਆਂ ਦੀ ਪੁਸਤਕ ‘ਕੁਝ ਹੋਰ ਵੀ ਹੈ’ ਲੋਕ-ਅਰਪਣ ਕੀਤੀ ਗਈ। ਇਸ ਮੌਕੇ ਕਾਲਜ ਦਾ ਸਮੂਹ ਟੀਚਿੰਗ-ਸਟਾਫ਼ ਮੌਜੂਦ ਰਿਹਾ ਅਤੇ ਅਨੁਸ਼ਾਸ਼ਨ ਪੂਰਵਕ ‘ਕੁਝ ਹੋਰ ਵੀ ਹੈ’ ਕਹਾਣੀ-ਸੰਗ੍ਰਹਿ ਪੁਸਤਕ ਦੀ ਘੁੰਡ-ਚੁਕਾਈ ਕੀਤੀ। ਇਸ ਕਹਾਣੀ-ਸੰਗ੍ਰਹਿ ਦੇ ਬਾਬਤ ਗੱਲ ਕਰਦਿਆਂ ਕਹਾਣੀਕਾਰਾ ਪ੍ਰਿੰ. (ਡਾ.) ਪਰਮਜੀਤ ਕੌਰ ਜੱਸਲ ਨੇ ਦੱਸਿਆ ਕਿ ਇਸ ਪੁਸਤਕ ਵਿਚਲੀਆਂ ਕਹਾਣੀਆਂ ਉਹਨਾਂ ਦੇ ਪਿਤਾ ਸਵ: ਸਰਦਾਰ ਬਲਦੇਵ ਸਿੰਘ ਜੀ ਦੀ ਜ਼ਿੰਦਗੀ ਦੀਆਂ ਸੱਚੀਆਂ ਘਟਨਾਵਾਂ ਨਾਲ਼ ਸੰਬੰਧਿਤ ਹਨ ਅਤੇ ਇਹ ਕਹਾਣੀਆਂ ਉਹਨਾਂ ਨੇ ਬਚਪਨ ਤੋਂ ਹੀ ਕਈ ਵਾਰੀ ਆਪਣੇ ਪਿਤਾ ਦੀ ਜ਼ੁਬਾਨੀ ਆਪਣੇ ਭਰਾਵਾਂ ਸੰਗ ਸੁਣੀਆਂ ਸਨ। ਇਹਨਾਂ ਕਹਾਣੀਆਂ ‘ਚ ਕੁਝ ਅਣਦਿਸਦੇ ਪਾਤਰ ਜੋ ਨੰਗੀ ਅੱਖ ਨਾਲ਼ ਭਾਵੇਂ ਦਿਖ ਵੀ ਜਾਣ ਪਰ ਮਨੁੱਖੀ ਸਮਝ ਤੋਂ ਪਾਰ ਦੇ ਹੋ ਨਿਬੜਦੇ ਹਨ। ਉਹਨਾਂ ਦੱਸਿਆ ਕਿ ਇਸ ਕਹਾਣੀ-ਸੰਗ੍ਰਹਿ ਦਾ ਸਿਰਲੇਖ ‘ਕੁਝ ਹੋਰ ਵੀ ਹੈ’ ਰੱਖਿਆ ਗਿਆ ਹੈ ਕਿਉਂਕਿ ਇਸ ਵਿੱਚ ਵਾਸਤਵਿਕ ਪਾਤਰਾਂ ਤੋਂ ਇਲਾਵਾ ਰੂਹ ਨੂੰ ਅਨੁਭਵ ਹੁੰਦੇ ਅਣ-ਦਿਸਦੇ ਪਾਤਰ ਵੀ ਮੌਜੂਦ ਹਨ, ਜੋ ਕਿ ਕਹਾਣੀ ਦੀ ਰੌਚਕਿਤਾ ਨੂੰ ਹੋਰ ਵੀ ਵਧਾਉਂਦੇ ਹਨ। ਮੈਡਮ ਜੱਸਲ ਨੇ ਇਸ ਪੁਸਤਕ ਦੀ ਸਹਿ-ਲੇਖਿਕਾ ਆਪਣੀ ਪੁੱਤਰੀ ਡਾ. ਨਯਨ ਏ.ਡੀ.ਸੀ. ਦੁਆਰਾ ਕੀਤੀ ਮੱਦਦ ਦਾ ਵੀ ਪ੍ਰਸੰਸਾਯੋਗ ਜ਼ਿਕਰ ਕੀਤਾ। ਇਸ ਪੁਸਤਕ ਨੂੰ ਟਾਈਪ ਕਰਨ ਤੇ ਭੂਮਿਕਾ ਲਿਖਣ ਵਾਲੀ ਸਹਾਇਕ ਪ੍ਰੋਫੈਸਰ ਡਾ. ਪਰਮਜੀਤ ਕੌਰ (ਪੰਜਾਬੀ ਵਿਭਾਗ) ਨੇ ਦੱਸਿਆ ਕਿ ਇਸ ਕਹਾਣੀ-ਸੰਗ੍ਰਹਿ ਦੀ ਖ਼ਾਸੀਅਤ ਇਹ ਵੀ ਰਹੀ ਹੈ ਕਿ ਇਸ ਵਿਚਲੀਆਂ ਸਾਰੀਆਂ ਕਹਾਣੀਆਂ ਕਿਸੇ ਇੱਕ ਰਹੱਸਮਈ ਪਾਤਰ ਜੋ ਕਿ ਰੂਹਾਂ, ਦਰਵੇਸ਼ਾਂ ਅਤੇ ਨੇਕ-ਆਤਮਾ ‘ਚੋਂ ਇੱਕ ਹੈ, ਨੂੰ ਨਾਲ਼ ਲੈ ਕੇ ਚੱਲਦੀ ਹੈ। ਇਹਨਾਂ ਕਹਾਣੀਆਂ ਦਾ ਮੰਤਵ ਕਿਸੇ ਵੀ ਭੂਤ-ਪ੍ਰੇਤ ਜਾਂ ਆਤਮਾ ਦੇ ਡਰ ਨੂੰ ਪੇਸ਼ ਕਰਨਾ ਨਹੀਂ ਹੈ, ਸਗੋਂ ਸਾਡੇ ਆਲੇ-ਦੁਆਲੇ ਦੀਆਂ ਸਾਧਾਰਨ ਘਟਨਾਵਾਂ ਵਿੱਚੋਂ ਹੀ ਕੋਈ ਖ਼ਾਸ ਪਲਾਂ ਦੀ ਪੇਸ਼ਕਾਰੀ ਕਰਨਾ ਹੈ ਅਤੇ ਇਹ ਦਰਸਾਉਣਾ ਹੈ ਕਿ ਸਾਡੇ ਆਸੇ-ਪਾਸੇ ਜੋ ਵੀ ਵਾਪਰਦਾ ਹੈ ਉਹ ਕੁਦਰਤ ਦੀ ਰਜ਼ਾ ਅਨੁਸਾਰ ਹੈ ਤੇ ਸਾਡੇ ਆਮ-ਮਨੁੱਖਾਂ ਦੀ ਨਜ਼ਰ ਤੋਂ ਪਰ੍ਹੇ ਹੈ। ਇਸ ਪੁਸਤਕ ਨੂੰ ਸਹਿਜ ਪਬਲੀਕੇਸ਼ਨ, ਸਮਾਣਾ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ। ਪੁਸਤਕ ਨੂੰ ਲੋਕ-ਅਰਪਣ ਕਰਦਿਆਂ ਕਾਲਜ ਦਾ ਸਮੂਹ ਸਟਾਫ਼ ਪ੍ਰੋ: ਵਿਸ਼ਾਲੀ ਪਸਰੀਚਾ, ਪ੍ਰੋ.ਰੁਪਿੰਦਰ ਸਿੰਘ, ਪ੍ਰੋ. ਜਸਪ੍ਰੀਤ ਕੌਰ, ਡਾ. ਜਸਵਿੰਦਰ ਕੌਰ, ਪ੍ਰੋ. ਮਨਿੰਦਰ ਸਿੰਘ, ਪ੍ਰੋ. ਬਬੀਤਾ ਕੁਮਾਰੀ, ਪ੍ਰੋ. ਰਾਜਨ ਮਿੱਤੂ, ਪ੍ਰੋ. ਜਗਜੀਤ ਸਿੰਘ, ਪ੍ਰੋ. ਮਨਦੀਪ ਕੌਰ, ਪ੍ਰੋ. ਕਿਰਨਦੀਪ ਕੌਰ, ਪ੍ਰੋ. ਨਵਦੀਪ ਕੌਰ, ਪ੍ਰੋ. ਮਨੀਸ਼, ਪ੍ਰੋ. ਸੋਨੀਆ ਅਤੇ ਪ੍ਰੋ. ਕਮਲਪ੍ਰੀਤ ਕੌਰ ਅਤੇ ਕਲਰਕ ਗੁਰਪ੍ਰੀਤ ਸਿੰਘ ਹਾਜ਼ਰ ਸਨ।