ਪੁਰਸਕਾਰ ਜਿੱਤਣ ਵਾਲੇ ਨੂੰ ਮੈਡਲ,ਸਰਟੀਫਿਕੇਟ ਅਤੇ 51,000/-ਰੁਪਏ ਦੀ ਰਾਸ਼ੀ ਨਕਦ ਰੂਪ ਵਿੱਚ ਦਿੱਤੀ ਜਾਵੇਗੀ : ਸੰਯਮ ਅਗਰਵਾਲ
ਮਾਲੇਰਕੋਟਲਾ 31 ਅਕਤੂਬਰ : ( ਸਤੀਸ਼ ਕੋਹਲੀ, ਜੱਸੀ ਢਿੱਲੋਂ) –ਡਿਪਟੀ ਕਮਿਸ਼ਨਰ ਮਾਲੇਰਕੋਟਲਾ ਸੰਯਮ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੁਵਕ ਸੇਵਾਵਾਂ ਵਿਭਾਗ ਪੰਜਾਬ ਵੱਲੋਂ ਸ਼ਹੀਦ-ਏ–ਆਜ਼ਮ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਸਾਲ 2021-22 ਦੇਣ ਲਈ ਮਾਲੇਰਕੋਟਲਾ ਜ਼ਿਲ੍ਹੇ ਦੇ ਯੁਵਕ/ਯੁਵਤੀਆਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਸਾਲ 2021-22 ਲਈ ਯੋਗ ਉਮੀਦਵਾਰਾਂ 30 ਨਵੰਬਰ 2022 ਤੱਕ ਆਪਣੀਆਂ ਅਰਜੀਆਂ ਦੇ ਸਕਦੇ ਹਨ। ਇਸ ਪੁਰਸਕਾਰ ਲਈ ਚੁਣੇ ਗਏ ਨੌਜਵਾਨਾਂ ਨੂੰ ਮੈਡਲ, ਸਰਟੀਫਿਕੇਟ ਤੇ 51 ਹਜ਼ਾਰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ।ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਯੁਵਕ ਗਤੀਵਿਧੀਆਂ ਵਿੱਚ ਉੱਘਾ ਤੇ ਸ਼ਲਾਘਾਯੋਗ ਕੰਮ ਕਰਨ ਵਾਲੇ ਨੌਜਵਾਨਾਂ ਨੂੰ ਦਿੱਤਾ ਜਾਂਦਾ ਹੈ। ਉਨਾਂ ਕਿਹਾ ਕਿ ਪੁਰਸਕਾਰ ਲਈ ਨੌਜਵਾਨ ਪਿਛਲੇ ਸਾਲਾਂ ਤੋਂ ਵੱਖ-ਵੱਖ ਯੁਵਕ ਗਤੀਵਿਧੀਆਂ ਜਿਵੇ, ਯੁਵਕ ਭਲਾਈ ਗਤੀਵਿਧੀਆਂ, ਕੌਮੀ ਸੇਵਾ ਯੋਜਨਾ, ਐਨ.ਸੀ.ਸੀ., ਸੱਭਿਆਚਾਰਕ ਗਤੀਵਿਧੀਆਂ, ਪਰਬਤ ਰੋਹਣ, ਹਾਈਕਿੰਗ ਟਰੈਕਿੰਗ, ਖੇਡਾਂ, ਸਮਾਜ ਸੇਵਾ, ਰਾਸ਼ਟਰੀ ਏਕਤਾ, ਖੂਨਦਾਨ, ਨਸ਼ਿਆ ਵਿਰੁੱਧ ਜਾਗਰੂਕਤਾ, ਵਿੱਦਿਅਕ ਯੌਗਤਾ, ਬਹਾਦਰੀ ਦੇ ਕਾਰਨਾਮੇ, ਸਕਾਊਟਿੰਗ ਅਤੇ ਗਾਈਡਿੰਗ ਅਤੇ ਸਾਹਸੀ ਗਤੀਵਿਧੀਆਂ ਵਿਚ ਹਿੱਸਾ ਲੈਂਦਾ ਰਿਹਾ ਹੋਵੇ।ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਅਰੁਣ ਕਮਾਰ ਨੇ ਦੱਸਿਆ ਕਿ ਇਹ ਪੁਰਸਕਾਰ ਸਿਰਫ਼ ਪੰਜਾਬ ਦੇ ਨੌਜਵਾਨਾਂ ਲਈ ਹੈ ਤੇ ਉਮੀਦਵਾਰ ਦੀ ਉਮਰ ਮਿਤੀ 31 ਮਾਰਚ 2022 ਨੂੰ 15 ਸਾਲ ਤੋਂ ਘੱਟ ਅਤੇ 35 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਉਨਾਂ ਕਿਹਾ ਕਿ ਉਮੀਦਵਾਰ ਯੁਵਕ ਭਲਾਈ ਗਤੀਵਿਧੀਆਂ ਜਾਂ ਸਮਾਜ ਸੇਵਾ ਵਿੱਚ ਸ਼ਾਮਿਲ ਹੁੰਦਾ ਰਿਹਾ ਹੋਵੇ ਅਤੇ ਪੁਰਸਕਾਰ ਪ੍ਰਾਪਤ ਹੋਣ ਉਪਰੰਤ ਵੀ 02 ਸਾਲ ਬਾਅਦ ਇਨਾਂ ਗਤੀਵਿਧੀਆਂ ਨੂੰ ਚਾਲੂ ਰੱਖਣ ਦਾ ਇਛੁੱਕ ਹੋਵੇ ਤੇ ਇਹ ਗਤੀਵਿਧੀਆਂ ਸਮਾਜ ਸੇਵਾ ਅਤੇ ਨੌਜਵਾਨਾਂ ਦੇ ਵਿਕਾਸ ਵਿੱਚ ਸਹਾਈ ਹੋਣੀਆਂ ਚਾਹੀਦੀਆਂ ਹਨ । ਉਨ੍ਹਾਂ ਦੱਸਿਆ ਕਿ ਇਹ ਪੁਰਸਕਾਰ ਲਈ ਚੋਣ ਉਸ ਦੀ ਸਮਾਜ ਸੁਧਾਰ ਵਿੱਚ ਅਸਲ ਇੱਛਾ ਅਤੇ ਪ੍ਰਤੀਨਿਧਤਾ ਦੇ ਅਧਾਰ ’ਤੇ ਕੀਤੀ ਜਾਵੇਗੀ। ਉਨਾਂ ਕਿਹਾ ਕਿ ਇਸ ਪੁਰਸਕਾਰ ਲਈ ਯੋਗ ਉਮੀਦਵਾਰ ਆਪਣੀਆਂ ਅਰਜ਼ੀਆਂ ਅਤੇ ਪ੍ਰਾਪਤੀ ਸਬੰਧੀ ਆਪਣੀ ਪ੍ਰਤੀ ਬੇਨਤੀ (ਦਸਤਾਵੇਜ਼) ਦੀ ਫਾਇਲ ਸਬੰਧਿਤ ਜ਼ਿਲੇ ਦੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਦੇ ਦਫ਼ਤਰ ਵਿਖੇ 30 ਨਵੰਬਰ 2022 ਤੱਕ ਭੇਜ ਸਕਦੇ ਹਨ। ਵਧੇਰੇ ਜਾਣਕਾਰੀ ਲਈ ਦਫ਼ਤਰ ਯੂਥ ਹੋਸਟਲ, ਨੇੜੇ ਪੰਚਾਇਤ ਭਵਨ, ਪਟਿਆਲਾ ਗੇਟ, ਸੰਗਰੂਰ ਵਿਖੇ ਜਾਂ ਦਫ਼ਤਰ ਦੇ ਟੈਲੀਫੋਨ ਨੰ. 01672-233184 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।