ਲੁਧਿਆਣਾ (ਰਾਜੇਸ ਜੈਨ-ਭਗਵਾਨ ਭੰਗੂ) 53 ਸਾਲਾਂ ਬਾਅਦ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਜਦ ਲੁਧਿਆਣਾ ’ਚ ਦਿਨ ਦਾ ਤਾਪਮਾਨ ਚਾਰ ਫਰਵਰੀ ਨੂੰ ਸਭ ਤੋਂ ਘੱਟ ਰਿਹਾ ਹੋਵੇ। ਸਾਰਾ ਦਿਨ ਕੰਬਨੀ ਛਿੜੀ ਰਹੀ। ਸਾਲ 1970 ਤੋਂ ਹੁਣ ਤਕ ਲੁਧਿਆਣਾ ’ਚ ਚਾਰ ਜਨਵਰੀ ਨੂੰ ਦਿਨ ਸਭ ਤੋਂ ਠੰਢਾ ਰਿਹਾ। ਇਸ ਤੋਂ ਪਹਿਲਾਂ ਸਾਲ 2000 ’ਚ ਚਾਰ ਜਨਵਰੀ ਨੂੰ ਦਿਨ ਦਾ ਤਾਪਮਾਨ 10.4 ਡਿਗਰੀ ਸੈਲਸੀਅਸ ਰਿਹਾ ਸੀ। ਇਸ ਵਾਰ 4 ਜਨਵਰੀ ਨੂੰ ਵੱਧ ਤੋਂ ਵੱਧ ਤਾਪਮਾਨ 9.6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਵੱਧ ਤੋਂ ਵੱਧ ਤੇ ਘੱਟ ਤੋਂ ਘੱਟ ਤਾਪਮਾਨ ’ਚ ਚਾਰ ਡਿਗਰੀ ਸੈਲਸੀਅਸ ਦਾ ਅੰਤਰ ਦੇਖਣ ਨੂੰ ਮਿਲਿਆ। ਇਸ ਤੋਂ ਪਹਿਲਾਂ ਵੀਰਵਾਰ ਸਵੇਰੇ ਸੰਘਣੀ ਧੁੰਦ ਛਾਈ ਰਹੀ।
ਸਵੇਰੇ 11 ਵਜੇ ਤਕ ਧੁੰਦ ਰਹੀ ਤੇ ਆਉਣ-ਜਾਣ ਵਾਲੇ ਵਾਹਨਾਂ ਨੂੰ ਲਾਈਟਾਂ ਜਗਾਉਣੀਆਂ ਪਈਆਂ। ਦੁਪਹਿਰ ਬਾਅਦ ਕੁਝ ਮਿੰਟਾਂ ਲਈ ਧੁੱਪ ਦੇਖਣ ਨੂੰ ਮਿਲੀ ਪਰ ਮੁੜ ਬੱਦਲ ਛਾ ਗਏ। ਠੰਢ ਤੇ ਸੀਤ ਲਹਿਰ ਕਾਰਨ ਠੰਢ ਬਰਕਰਾਰ ਹੈ। ਜ਼ਿਲ੍ਹਾ ਲੁਧਿਆਣਾ ਦੀ ਗੱਲ ਕਰੀਏ ਤਾਂ ਸ਼ਨਿਚਰਵਾਰ ਤਕ ਮੌਸਮ ਦਾ ਆਰੇਂਜ ਅਲਰਟ ਹੈ। ਇਸ ਦੌਰਾਨ ਸੰਘਣੀ ਧੁੰਦ ਤੇ ਠੰਢ ਬਰਕਰਾਰ ਰਹੇਗੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਭਾਗ ਪ੍ਰਮੁੱਖ ਡਾ. ਪੀਕੇ ਕਿੰਗਰਾ ਨੇ ਕਿਹਾ ਕਿ ਸਾਲ 1970 ਤੋਂ ਹੁਣ ਤਕ ਚਾਰ ਜਨਵਰੀ ਨੂੰ ਦਿਨ ਦਾ ਤਾਪਮਾਨ ਸਭ ਤੋਂ ਘੱਟ ਰਿਹਾ ਹੈ, ਜਿਸ ਕਾਰਨ ਸਾਰਾ ਦਿਨ ਕੰਬੜੀ ਲੱਗੀ ਰਹੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਵੀ ਅਜਿਹੇ ਹੀ ਹਾਲਾਤ ਰਹਿਣਗੇ ਤੇ ਸਵੇਰੇ ਸੰਘਣੀ ਧੁੰਦ ਪਵੇਗੀ। ਦੂਸਰੇ ਪਾਸੇ ਸਕੂਲ ਖੁੱਲ੍ਹ ਚੁੱਕੇ ਹਨ। ਅਜਿਹੇ ’ਚ ਬੱਚਿਆਂ ਤੇ ਅਧਿਆਪਕਾਂ ਨੂੰ ਠੰਢ ਦੀ ਮਾਰ ਝੱਲਣੀ ਪੈ ਰਹੀ ਹੈ।