ਤਰਨ ਤਾਰਨ,11 ਅਪ੍ਰੈਲ (ਲਿਕੇਸ਼ ਸ਼ਰਮਾ – ਵਿਕਾਸ ਮਠਾੜੂ) : ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਅਤੇ ਕੈਬਨਿਟ ਮੰਤਰੀ ਪੰਜਾਬ ਲਾਲਜੀਤ ਸਿੰਘ ਭੁੱਲਰ ਵੱਲੋਂ ਅੱਜ ਪਿੰਡ ਉਸਮਾਂ, ਜ਼ਿਲ੍ਹਾ ਤਰਨ ਤਾਰਨ ਵਿਖੇ ਲੱਗਭੱਗ 5 ਕੋਰੜ ਰੁਪਏ ਦੀ ਲਾਗਤ ਨਾਲ 4 ਕਨਾਲਾਂ ਵਿੱਚ ਬਣਨ ਵਾਲੇ ਸਰਕਾਰੀ ਬਾਲ ਘਰ ਦਾ ਨੀਂਹ ਪੱਥਰ ਰੱਖਿਆ ਗਿਆ।ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਹੇਠ ਰਾਜ ਵਿੱਚ ਬੱਚਿਆਂ, ਔਰਤਾਂ ਅਤੇ ਬਜ਼ੁਰਗਾਂ ਦੀ ਸੁਰੱਖਿਆ ਨੂੰ ਸੁਨਿਸ਼ਚਿਤ ਕਰਨ ਲਈ ਬਹੁਪੱਖੀ ਉਪਰਾਲੇ ਕੀਤੇ ਜਾ ਰਹੇ ਹਨ।ਉਹਨਾਂ ਕਿਹਾ ਕਿ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਵੱਲੋਂ ਬੱਚਿਆਂ ਦੀ ਸੁਰੱਖਿਆ ਤੇ ਭਲਾਈ ਲਈ, ਬਾਲ ਸੁਰੱਖਿਆ ਸਕੀਮ ਚਲਾਈ ਜਾ ਰਹੀ ਹੈ, ਜਿਸ ਦਾ ਮੁੱਖ ਉਦੇਸ਼ 0 ਤੋਂ 18 ਸਾਲ ਤੱਕ ਦੇ ਲੋੜਵੰਦ ਬੱਚਿਆਂ ਦੀ ਸਹੀ ਦੇਖਭਾਲ, ਸੁਰੱਖਿਆ, ਵਿਕਾਸ, ਇਲਾਜ ਅਤੇ ਸਮਾਜ ਵਿੱਚ ਮੁੜ ਵਸੇਬਾ ਕਰਨਾ ਹੈ।ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜੁਵੇਨਾਇਲਜਸਟਿਸ ਕੇਅਰ ਐਂਡ ਪ੍ਰੋਟੈਕਸ਼ਨ ਆਫ਼ ਚਿਲਡਰਨ ਐਕਟ 2015 ਅਧੀਨ ਰਾਜ ਵਿੱਚ 07 ਸਰਕਾਰੀ ਬਾਲ ਘਰ ਚਲਾਏ ਜਾ ਰਹੇ ਹਨ।ਇਹ ਬਾਲ ਘਰ ਬਠਿੰਡਾ,ਜਲੰਧਰ,ਲੁੁਧਿਆਣਾ, ਪਟਿਆਲ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਵਿੱਚ ਸਥਾਪਿਤ ਹਨ।ਇਹਨਾਂ ਬਾਲ ਘਰਾਂ ਵਿੱਚ ਅਨਾਥ, ਬੇਸਹਾਰਾ ਅਤੇ ਸਪੁਰਦ ਕੀਤੇ ਬੱਚਿਆਂ ਨੂੰ ਰੱਖਣ ਦਾ ਉਪਬੰਧ ਹੈ।ਇਹਨਾਂ ਬਾਲ ਘਰਾਂ ਵਿੱਚ 238 ਬੱਚੇ ਰਹਿ ਰਹੇ ਹਨ।ਉਹਨਾਂ ਦੱਸਿਆ ਕਿ ਜ਼ਿਲ੍ਹਾ ਤਰਨ ਤਾਰਨ ਵਿੱਚ ਕੋਈ ਵੀ ਸਰਕਾਰੀ ਜਾਂ ਗੈਰ ਸਰਕਾਰੀ ਬਾਲ ਘਰ ਨਾ ਹੋਣ ਕਰਕੇ ਸਰਕਾਰ ਵੱਲੋਂ 50 ਦੀ ਸਮਰੱਥਾ ਵਾਲਾ ਲੜਕਿਆਂ ਲਈ ਬਾਲ ਘਰ ਦਾ ਨਿਰਮਾਣ ਕੀਤਾ ਜਾ ਰਿਹਾ ਹੈ।ਉਹਨਾਂ ਦੱਸਿਆ ਕਿ ਇਸ ਬਾਲ ਘਰ ਵਿੱਚ ਲੋੜਵੰਦ ਤੇ ਬੇਸਹਾਰਾ ਬੱਚਿਆਂ ਦੇ ਰਹਿਣ-ਸਹਿਣ ਲਈ ਲਈ ਇਮਾਰਤ ਦਾ ਨਿਰਮਾਣ ਕਰਨ ਤੇ ਹੋਰ ਲੋੜੀਂਦੀਆਂ ਸੁਵਿਧਾਵਾਂ ਲਈ ਲੱਗਭੱਗ 05 ਕਰੋੜ ਰੁਪਏ ਦੀ ਲਾਗਤ ਆਵੇਗੀ।ਇਸ ਬਾਲ ਘਰ ਵਿੱਚ ਬੱਚਿਆਂ ਦੇ ਰਹਿਣ-ਸਹਿਣ, ਖਾਣ-ਪੀਣ, ਪੜਾਈ, ਸਿਹਤ ਸੁਵਿਧਾਵਾਂ ਅਤੇ ਸਰਬਪੱਖੀ ਵਿਕਾਸ ਲਈ ਲੋੜੀਂਦੀਆਂ ਸਹੂਲਤਾਂ ਮੁਫ਼ਤ ਉਪਲੱਬਧ ਕਰਵਾਈਆਂ ਜਾਣਗੀਆਂ ਤਾਂ ਜੋ ਕੋਈ ਵੀ ਲੋੜਵੰਦ ਬੱਚਾ ਸੁਰੱਖਿਆ ਤੋਂ ਵਾਂਝਾ ਨਾ ਰਹੇ।ਇਸ ਮੌਕੇ ਬੋਲਦਿਆਂ ਕੈਬਨਿਟ ਮੰਤਰੀ ਪੰਜਾਬ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਸਮਾਜਿਕ ਕੁਰੀਤੀਆਂ ਦਾ ਸ਼ਿਕਾਰ ਅਨਾਥ ਤੇ ਬੇਸਹਾਰਾ ਬੱਚਿਆਂ ਦੀ ਸੁਰੱਖਿਅਤ ਦੇਖਭਾਲ ਲਈ ਬਾਲ ਘਰ ਸਾਡੇ ਇਲਾਕੇ ਦੀ ਬਹੁਤ ਸਮੇਂ ਤੋਂ ਮੰਗ ਸੀ। ਉਹਨਾਂ ਕਿਹਾ ਕਿ ਇਸ ਬਾਲ ਘਰ ਦੇ ਬਣਨ ਨਾਲ ਇਲਾਕੇ ਦੇ ਅਨਾਥ ਤੇ ਬੇਸਹਾਰਾ ਬੱਚਿਆਂ ਨੂੰ ਰਹਿਣ-ਸਹਿਣ, ਖਾਣ-ਪੀਣ ਅਤੇ ਪੜਾਈ ਆਦਿ ਦੀ ਮੁਫ਼ਤ ਸਹੂਲਤ ਮਿਲੇਗੀ ਤਾਂ ਜੋ ਉਹ ਸਮਾਜ ਵਿੱਚ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ।ਉਹਨਾਂ ਕਿਹਾ ਕਿ ਇਸ ਬਾਲ ਘਰ ਦੀ ਦੋ ਮੰਜ਼ਿਲਾਂ ਇਮਾਰਤ ਦੀ ਉਸਾਰੀ ਕਰਕੇ ਜਲਦ ਹੀ ਇਲਾਕੇ ਦੇ ਲੋਕਾਂ ਦੇ ਸਪੁਰਦ ਕੀਤੀ ਜਾਵੇਗੀ ਤਾਂ ਜੋ ਅਨਾਥ ਤੇ ਬੇਸਹਾਰਾ ਬੱਚੇ ਇੱਥੇ ਰਹਿ ਕੇ ਆਪਣਾ ਜੀਵਨ ਬਸਰ ਕਰ ਸਕਣ। ਉਹਨਾਂ ਕਿਹਾ ਕਿ ਬੱਚਿਆਂ ਦੀ 18 ਸਾਲ ਦੀ ਉਮਰ ਤੱਕ ਦਾ ਸਾਰਾ ਖਰਚ ਸਰਕਾਰ ਵੱਲੋਂ ਕੀਤਾ ਜਾਵੇਗਾ ਅਤੇ 18 ਸਾਲ ਤੋਂ ਬਾਅਦ ਬੱਚੇ ਆਤਮ ਨਿਰਭਰ ਹੋ ਕੇ ਸਮਾਜ ਵਿੱਚ ਆਪਣਾ ਮੁੜ ਵਸੇਬਾ ਕਰਨ ਦੇ ਕਾਬਲ ਬਣ ਸਕਣਗੇ।ਇਸ ਉਪਰੰਤ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਅਤੇ ਸ੍ਰ. ਲਾਲਜੀਤ ਸਿੰਘ ਭੁੱਲਰ ਵੱਲੋਂ ਆਂਗਣਬਾੜੀ ਵਰਕਰਾਂ ਦੀ ਸਮੱਸਿਆਵਾਂ ਵੀ ਸੁਣੀਆਂ ਗਈਆਂ ਅਤੇ ਸਰਕਾਰ ਵੱਲੋਂ ਉਹਨਾਂ ਦੀ ਸਮੱਸਿਆਵਾਂ ਦਾ ਜਲਦ ਤੋਂ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ।ਇਸ ਮੌਕੇ ਕਰਵਾਏ ਗਏ ਸੰਖੇਪ ਸਮਾਗਮ ਦੌਰਾਨ ਮਾਵਾਂ ਤੇ ਨਵ-ਜਨਮੇਂ ਬੱਚਿਆਂ ਨੂੰ ਪੋਸ਼ਣ ਕਿੱਟਾਂ ਤੇ ਬੇਬੀ ਸੂਟ ਵੀ ਵੰਡੇ ਗਏ।ਇਸ ਦੌਰਾਨ ਹਲਕਾ ਵਿਧਾਇਕ ਤਰਨ ਤਾਰਨ ਡਾ. ਕਸ਼ਮੀਰ ਸਿੰਘ ਸੋਹਲ, ਚੇਅਰਮੈਨ ਨਗਰ ਸੁਧਾਰ ਟਰੱਸਟ ਤਰਨ ਤਾਰਨ ਰਜਿੰਦਰ ਸਿੰਘ ਉਸਮਾਂ,ਚਰਨਜੀਤ ਸਿੰਘ ਜੋਆਇੰਟ ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ, ਐੱਸ. ਡੀ. ਐੱਮ. ਤਰਨ ਤਾਰਨ ਰਜਨੀਸ਼ ਅਰੋੜਾ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰਾਜੇਸ਼ ਕੁਮਾਰ ਤੋਂ ਇਲਾਵਾ ਵਿਭਾਗ ਦੇ ਹੋਰ ਅਧਿਕਾਰੀ ਤੇ ਪਤਵੰਤੇ ਵੀ ਹਾਜ਼ਰ ਸਨ।