ਜਗਰਾਓਂ, 31 ਦਸੰਬਰ ( ਬੌਬੀ ਸਹਿਜਲ, ਧਰਮਿੰਦਰ )-ਥਾਣਾ ਸਦਰ ਦੀ ਪੁਲਿਸ ਪਾਰਟੀ ਨੇ ਆਪਣੀ ਕਾਰ ਵਿੱਚ ਅਫੀਮ ਸਪਲਾਈ ਕਰਨ ਜਾ ਰਹੇ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਕੋਲੋਂ ਇੱਕ ਕਿਲੋ ਅਫੀਮ ਬਰਾਮਦ ਕੀਤੀ ਹੈ। ਏਐਸਆਈ ਲਖਬੀਰ ਸਿੰਘ ਨੇ ਦੱਸਿਆ ਕਿ ਉਹ ਪੁਲੀਸ ਪਾਰਟੀ ਸਮੇਤ ਬੱਸ ਸਟੈਂਡ ਪਿੰਡ ਮਲਕ ਵਿਖੇ ਚੈਕਿੰਗ ਲਈ ਮੌਜੂਦ ਸਨ। ਉਥੇ ਸੂਚਨਾ ਮਿਲੀ ਕਿ ਸੁਖਵਿੰਦਰ ਸਿੰਘ ਵਾਸੀ ਪਿੰਡ ਫਤਿਹਗੜ੍ਹ ਛਪਰਾ ਜ਼ਿਲਾ ਫ਼ਿਰੋਜ਼ਪੁਰ ਬਾਹਰਲੇ ਸੂਬਿਆਂ ਤੋਂ ਸਸਤੇ ਭਾਅ ’ਤੇ ਅਫੀਮ ਲਿਆ ਕੇ ਥਾਣਾ ਸਦਰ ਜਗਰਾਉਂ ਦੇ ਇਲਾਕੇ ’ਚ ਮਹਿੰਗੇ ਭਾਅ ’ਤੇ ਵੇਚਣ ਦਾ ਧੰਦਾ ਕਰਦਾ ਹੈ। ਜੋ ਮੋਗਾ ਤੋਂ ਜਗਰਾਓਂ ਵੱਲ ਪਿੰਡ ਮਲਕ ਸਾਈਡ ਤੋਂ ਸਿੱਧਵਾਂਬੇਟ ਰੋਡ ’ਤੇ ਆਪਣੀ ਕਾਰ ਈਟੀਓਸ ਲਿਵਾ ’ਚ ਅਫੀਮ ਲੈ ਕੇ ਆ ਰਿਹਾ ਸੀ। ਇਸ ਸਬੰਧੀ ਸੂਚਨਾ ਮਿਲਣ ’ਤੇ ਸਿੱਧਵਾਂਬੇਟ ਰੋਡ ਤੋਂ ਪਿੰਡ ਮਲਕ ਨੂੰ ਜਾਂਦੀ ਸੜਕ ’ਤੇ ਡਰੇਨ ਪੁਲੀ ’ਤੇ ਨਾਕਾਬੰਦੀ ਕਰਕੇ ਕਾਰ ਵਿੱਚ ਆ ਰਹੇ ਸੁਖਵਿੰਦਰ ਸਿੰਘ ਨੂੰ ਕਾਬੂ ਕਰਕੇ ਉਸ ਕੋਲੋਂ ਇੱਕ ਕਿਲੋ ਅਫੀਮ ਬਰਾਮਦ ਕੀਤੀ ਗਈ। ਉਸ ਖ਼ਿਲਾਫ਼ ਥਾਣਾ ਸਦਰ ਜਗਰਾਉਂ ਵਿੱਚ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।