ਕਿਸਾਨ ਆਗੂ ਨੇ ਕਿਹਾ, ਮੇਰੇ ਪਿੰਡ ’ਚ ਦਿਨ-ਰਾਤ ਵਿਕਦਾ ਨਸ਼ਾ, ਮੈਂ ਨਾਂ ਦੱਸਦਾਂ ਪੁਲਿਸ ਕਰੇ ਕਾਰਵਾਈ
ਜਗਰਾਓਂ, 31 ਦਸੰਬਰ ( ਭਗਵਾਨ ਭੰਗੂ, ਜਗਰੂਪ ਸੋਹੀ )-ਪੁਲਿਸ ਜਿਲ੍ਹਾ ਲੁਧਿਆਣਾ ਦਿਹਾਤੀ ਅਧੀਨ ਭਾਵੇਂ ਸ਼ਹਿਰ ਦੇ ਬਹੁਤੇ ਮੁਹੱਲਿਆਂ ਅਤੇ ਪਿੰਡਾਂ ਵਿੱਚ ਸ਼ਰੇਆਮ ਨਸ਼ਾ ਵਿਕਣ ਦਾ ਮਾਮਲਾ ਅਕਸਰ ਸਾਹਮਣੇ ਆਉਂਦਾ ਹੈ, ਪਰ ਪੁਲਿਸ ਨੇ ਪਿਛਲੇ ਕੁਝ ਦਿਨਾਂ ਤੋਂ ਵੱਡੇ ਨਸ਼ਾ ਤਸਕਰਾਂ ਨੂੰ ਕਾਬੂ ਕਰਨਮ ਦੀ ਬਜਾਏ ਚਿੱਟੇ ਦਾ ਨਸ਼ਾ ਕਰਨ ਵਾਲੇ ਛੇਟੇ ਨਸ਼ੇੜੀਆਂ ਨੂੰ ਲਾਈਟਰ ਪੰਨੀ ਦੀ ਹੀ ਬਰਾਮਦਗੀ ਦਿਖਾ ਕੇ ਜੇਲ ਭੇਜਣਾ ਸ਼ੁਰੂ ਕੀਤਾ ਹੋਇਆ ਹੈ। ਦੂਜੇ ਪਾਸੇ ਨਸ਼ੇ ਵੇਚਣ ਵਾਲੇ ਤਸਕਰ ਅਤੇ ਨਸ਼ਾ ਕਰਨ ਵਾਲੇ ਨਸ਼ੇੜੀ ਅਕਸਰ ਚਰਚਾ ਵਿੱਚ ਰਹਿੰਦੇ ਹਨ। ਇਸੇ ਦੌਰਾਨ ਕਿਸਾਨ ਆਗੂ ਬੂਟਾ ਸਿੰਘ ਚਕਰ ਵੱਲੋਂ ਫੇਸਬੁੱਕ ਪੇਜ ’ਤੇ ਪਾਈ ਗਈ ਪੋਸਟ ਚਰਚਾ ਦਾ ਵਿਸ਼ਾ ਬਣ ਰਹੀ ਹੈ। ਜਿਸ ਵਿੱਚ ਉਸਨੇ ਦਾਅਵਾ ਕੀਤਾ ਹੈ ਕਿ ਉਸਦੇ ਪਿੰਡ ਚਕਰ ਵਿੱਚ ਰਾਤ ਨੂੰ ਵੀ ਨਸ਼ਾ ਖੁੱਲੇਆਮ ਵਿਕਦਾ ਹੈ ਅਤੇ ਪੁਲਿਸ ਹੱਥ ਤੇ ਹੱਥ ਧਰੀ ਬੈਠੀ ਹੋਈ ਹੈ। ਉਹ ਆਪਣੇ ਪਿੰਡ ਵਿੱਚ ਨਸ਼ਾ ਤਸਕਰੀ ਵਿੱਚ ਸ਼ਾਮਲ ਲੋਕਾਂ ਦੇ ਨਾਂ ਪੁਲੀਸ ਨੂੰ ਦਿੰਦਾ ਹੈ ਅਤੇ ਥਾਣਾ ਹਠੂਰ ਪੁਲੀਸ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਕੇ ਕੇਸ ਦਰਜ ਕਰੇ। ਵਰਨਣਯੋਗ ਹੈ ਕਿ ਨਸ਼ਿਆਂ ਸਬੰਧੀ ਇਹ ਸਥਿਤੀ ਸਿਰਫ਼ ਪਿੰਡ ਚਕਰ ਵਿੱਚ ਹੀ ਨਹੀਂ ਹੈ, ਸਗੋਂ ਇਲਾਕੇ ਦੇ ਸਾਰੇ ਪਿੰਡਾਂ ਵਿੱਚ ਇਹੋ ਸਥਿਤੀ ਬਣੀ ਹੋਈ ਹੈ। ਇਸ ਤੋਂ ਇਲਾਵਾ ਸ਼ਹਿਰ ’ਚ ਮੁਹੱਲਾ ਮਾਈ ਜੀਨਾ, ਇੰਦਰਾ ਕਾਲੋਨੀ, ਗਾਂਧੀਨਗਰ, ਅਜੀਤ ਨਗਰ, ਚੁੰਗੀ ਨੰਬਰ 7 ਵਰਗੇ ਹੋਰ ਵੀ ਕਈ ਮੁਹੱਲੇ ਹਨ, ਇੱਥੇ ਨਸ਼ਾ ਵਿਕਣ ਦੀ ਕਾਫੀ ਚਰਚਾ ਹੁੰਦੀ ਰਹਿੰਦੀ ਹੈ। ਇਨ੍ਹਾਂ ਮੁਹੱਲਿਆਂ ਦੀਆਂ ਵੀਡੀਓਜ਼ ਵੀ ਕਈ ਵਾਰ ਵਾਇਰਲ ਹੋ ਚੁੱਕੀਆਂ ਹਨ। ਪੁਲਿਸ ਛੋਟੇ ਮੋਟੇ ਨਸ਼ੇੜੀਆਂ ਨੂੰ ਫੜਦੀ ਹੈ, ਜੋ ਕਿ ਖੁਦ ਨਸ਼ੇ ਦਾ ਸੇਵਨ ਕਰਦੇ ਹਨ ਅਤੇ ਉਸੇ ਵਿਚੋਂ ਹੀ ਕੁਝ ਅੱਗੇ ਵੇਚ ਦਿੰਦੇ ਹਨ। ਪਰ ਵੱਡੇ ਨਸ਼ਾ ਤਸਕਰ ਪੁਲਿਸ ਦੇ ਹੱਥ ਨਹੀਂ ਆਉਂਦੇ। ਪੁਲਿਸ ਫੜੇ ਗਏ ਛੋਟੇ ਨਸ਼ਾ ਤਸਕਰਾਂ ਅਤੇ ਨਸ਼ੇੜੀਆਂ ਤੋਂ ਪੁੱਛ-ਗਿੱਛ ਕਰਨ ਦੇ ਬਾਵਜੂਦ ( ਕਿ ਉਹ ਨਸ਼ਾ ਕਿੱਥੋਂ ਪ੍ਰਾਪਤ ਕਰਦੇ ਹਨ ) ਵੱਡੇ ਨਸ਼ਾ ਤਸਕਰਾਂ ਤੱਕ ਕਿਉਂ ਨਹੀਂ ਪਹੁੰਚ ਪਾ ਰਹੀ ਹੈ। ਜੇਕਰ ਕੋਈ ਕਿਸਾਨ ਆਗੂ ਨੇ ਇਸ ਸੰਬੰਧੀ ਖੁਲਾਸਾ ਕਰਨ ਵਾਲੀ ਪੋਸਟ ਪਾਈ ਹੈ ਤਾਂ ਉਹ ਇਕ ਜਿੰਮੇਵਾਰ ਵਿਅਕਤੀ ਵੱਲੋਂ ਕੀਤੇ ਜਾ ਰਹੇ ਖੁਲਾਸੇ ’ਤੇ ਪੁਲਿਸ ਨੂੰ ਕਾਰਵਾਈ ਕਰਨੀ ਚਾਹੀਦੀ ਹੈ।
ਕੀ ਕਹਿਣਾ ਹੈ ਥਾਣਾ ਹਠੂਰ ਦੇ ਇੰਚਾਰਜ ਦਾ-
ਇਸ ਸਬੰਧੀ ਜਦੋਂ ਹਠੂਰ ਥਾਣਾ ਇੰਚਾਰਜ ਸਬ-ਇੰਸਪੈਕਟਰ ਸਰਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਸਬੰਧ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਨਹੀਂ ਦਿੱਤੀ ਜਾ ਰਹੀ ਹੈ। ਨਸ਼ਾ ਤਸਕਰ ਭਾਵੇਂ ਕੋਈ ਵੀ ਹੋਵੇ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਬੂਟਾ ਸਿੰਘ ਦੀ ਜਾਣਕਾਰੀ ਵਿੱਚ ਜੇਕਰ ਅਜਿਹੇ ਕੋਈ ਨਸ਼ਾ ਤਸਕਰ ਹਨ ਤਾਂ ਉਹ ਉਨ੍ਹਾਂ ਦੇ ਨਾਮ ਦੱਸੇ ਤਾਂ ਤੁਰੰਤ ਕਾਰਵਾਈ ਕੀਤੀ ਜਾਵੇਗੀ।