Home Political ਆਉਣ ਵਾਲੀ ਜੀਰੀ ਦੀ ਫਸਲ ਸਮੇਂ ਬਿਜਲੀ ਕੱਟ ਨਹੀਂ ਲੱਗਣਗੇ: ਵਿਧਾਇਕ ਰਾਏ

ਆਉਣ ਵਾਲੀ ਜੀਰੀ ਦੀ ਫਸਲ ਸਮੇਂ ਬਿਜਲੀ ਕੱਟ ਨਹੀਂ ਲੱਗਣਗੇ: ਵਿਧਾਇਕ ਰਾਏ

44
0

ਫ਼ਤਹਿਗੜ੍ਹ ਸਾਹਿਬ, 11 ਅਪ੍ਰੈਲ ( ਬੌਬੀ ਸਹਿਜਲ, ਧਰਮਿੰਦਰ)-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਸੂਬਾ ਸਰਕਾਰ ਨੇ ਹਮੇਸ਼ਾਂ ਕਿਸਾਨੀ ਹਿੱਤਾਂ ਦੀ ਗੱਲ ਕੀਤੀ ਹੈ ਅਤੇ ਆਉਣ ਵਾਲੀ ਜੀਰੀ ਦੀ ਫਸਲ ਵੇਲੇ ਸਰਕਾਰ ਕਿਸਾਨਾਂ ਨੂੰ ਬਿਨਾਂ ਕੱਟ ਨਿਰੰਤਰ ਬਿਜਲੀ ਸਪਲਾਈ ਦੇਵੇਗੀ ਅਤੇ ਜੀਰੀ ਦੀ ਫਸਲ ਸਮੇਂ ਬਿਜਲੀ ਕੱਟ ਨਹੀਂ ਲਗਾਏ ਜਾਣਗੇ। ਇਹ ਪ੍ਰਗਟਾਵਾ ਹਲਕਾ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਅੱਤੇਵਾਲੀ ਵਿਖੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਲਗਾਏ ਗਏ ਜ਼ਿਲ੍ਹਾ ਪੱਧਰੀ ਕਿਸਾਨ ਮੇਲੇ ਦੌਰਾਨ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਸਾਉਣੀ ਦੀ ਫਸਲ ਵੇਲੇ ਕਿਸਾਨਾਂ ਨੂੰ ਨਿਰੰਤਰ ਬਿਜਲੀ ਸਪਲਾਈ ਦਿੱਤੀ ਗਈ ਅਤੇ ਉਸੇ ਤਰ੍ਹਾਂ ਇਸ ਵਾਰ ਵੀ ਕਿਸਾਨਾਂ ਨੂੰ ਬਿਨਾਂ ਕੱਟ ਬਿਜਲੀ ਸਪਲਾਈ ਦਿੱਤੀ ਜਾਵੇਗੀ।
ਵਿਧਾਇਕ ਰਾਏ ਨੇ ਕਿਹਾ ਕਿ ਪੰਜਾਬ ਦੇ ਮਿਹਨਤੀ ਕਿਸਾਨਾਂ ਨੇ ਦੇਸ਼ ਦਾ ਢਿੱਡ ਭਰਨ ਵਾਸਤੇ ਧਰਤੀ ਹੇਠਲੇ ਪਾਣੀ ਨੂੰ ਖਤਮ ਹੋਣ ਕਿਨਾਰੇ ਪਹੁੰਚਾ ਦਿੱਤਾ ਜਿਸ ਦਾ ਸਾਨੂੰ ਭਵਿੱਖ ਵਿੱਚ ਵੱਡਾ ਨੁਕਸਾਨ ਉਠਾਉਣਾ ਪੈ ਸਕਦਾ ਹੈ। ਇਸ ਲਈ ਵਿਧਾਨ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਵਿੱਚ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਬਰਸਾਤੀ ਪਾਣੀ ਰੀਚਾਰਜ ਕਰਨ ਵਾਲੇ ਪ੍ਰੋਜੈਕਟ ਤਹਿਤ ਪਿੰਡਾਂ ਵਿੱਚ ਖੂਹ ਬਣਾਏ ਜਾਣਗੇ ਅਤੇ ਬੰਦ ਪਏ ਖੂਹ ਵੀ ਮੁੜ ਚਾਲੂ ਕੀਤੇ ਜਾਣਗੇ ਤਾਂ ਜੋ ਉਸ ਪਾਣੀ ਨੂੰ ਹੋਰਨਾਂ ਜਰੂਰਤਾਂ ਲਈ ਵਰਤਿਆ ਜਾਵੇ। ਉਨ੍ਹਾਂ ਕਿਸਾਨਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਪੰਜਾਬੀਆਂ ਨੇ ਹਮੇਸ਼ਾਂ ਕਈ ਚੁਣੋਤੀਆਂ ਦਾ ਸਾਹਮਣਾ ਕਰਨ ਲਈ ਵੱਡੇ ਸੰਘਰਸ਼ ਕੀਤੇ ਹਨ ਅਤੇ ਅੱਜ ਲੋੜ ਹੈ ਕਿ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਵਾਸਤੇ ਵੀ ਅਸੀਂ ਮਿਲ ਕੇ ਹੰਭਲਾ ਮਾਰੀਏ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਧਰਤੀ ਹੇਠਲਾ ਪਾਣੀ ਬਚਾ ਕੇ ਰੱਖਿਆ ਜਾ ਸਕੇ।ਐਡਵੋਕੇਟ ਰਾਏ ਨੇ ਕਿਹਾ ਕਿ ਅੱਜ ਜਿਸ ਤੇਜੀ ਨਾਲ ਤਕਨਾਲੌਜੀ ਦਾ ਵਿਕਾਸ ਹੋ ਰਿਹਾ ਹੈ ਉਸ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨਾ ਬਹੁਤ ਜਰੂਰੀ ਹੈ ਕਿਉਂਕਿ ਜੇਕਰ ਕਿਸਾਨਾਂ ਨੂੰ ਆਧੁਨਿਕ ਤਕਨਾਲੌਜੀ ਬਾਰੇ ਜਾਣੂ ਕਰਵਾਇਆ ਜਾਵੇ ਤਾਂ ਬੇਮੌਸਮੀ ਬਰਸਾਤ ਅਤੇ ਹੋਰ ਕੁਦਰਤੀ ਆਫਤਾਂ ਕਾਰਨ ਹੋਣ ਵਾਲੇ ਨੁਕਸਾਨ ਨੂੰ ਰੋਕਿਆ ਜਾ ਸਕਦਾ ਹੈ। ਉਨ੍ਹਾਂ ਕਿਸਾਨਾਂ ਨੂੰ ਇਹ ਵੀ ਕਿਹਾ ਕਿ ਖੇਤੀ ਵਿੱਚ ਆਧੁਨਿਕ ਤਕਨੀਕਾਂ ਦੀ ਵਰਤੋਂ ਜਰੂਰ ਕੀਤੀ ਜਾਵੇ ਕਿਉਂਕਿ ਅਜੋਕੇ ਸਮੇਂ ਵਿੱਚ ਬਿਨਾਂ ਤਕਨਾਲੌਜੀ ਕੁਝ ਵੀ ਕਰਨਾ ਮੁਸ਼ਕਲ ਹੈ ਅਤੇ ਜੇਕਰ ਖੇਤੀ ਨੂੰ ਲਾਹੇਵੰਦ ਬਣਾਉਣਾ ਹੈ ਤਾਂ ਖੇਤੀ ਵਿੱਚ ਆਧੁਨਿਕ ਤਕਨੀਕਾਂ ਦੀ ਵਰਤੋਂ ਬਹੁਤ ਜਰੂਰੀ ਹੈ। ਉਨ੍ਹਾਂ ਕਿਸਾਨਾਂ ਨੂੰ ਇਹ ਵੀ ਸੱਦਾ ਦਿੱਤਾ ਕਿ ਖੇਤੀ ਦੇ ਨਾਲ-ਨਾਲ ਸਹਾਇਕ ਧੰਦੇ ਜਰੂਰ ਅਪਣਾਉਣ ਕਿਉਂਕਿ ਆਰਥਿਕ ਖੁਸ਼ਹਾਲੀ ਵਾਸਤੇ ਸਹਾਇਕ ਧੰਦੇ ਅਪਣਾਉਣਾ ਬਹੁਤ ਜਰੂਰੀ ਹੈ।ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਕਿਹਾ ਕਿ ਅਜਿਹੇ ਕਿਸਾਨ ਮੇਲੇ ਕਿਸਾਨਾਂ ਤੱਕ ਆਧੁਨਿਕ ਤਕਨਾਲੌਜੀ ਬਾਰੇ ਜਾਣਕਾਰੀ ਮੁਹੱਈਆ ਕਰਵਾਉਣ ਵਿੱਚ ਅਹਿਮ ਭੂਮਿਕਾ ਅਦਾ ਕਰ ਰਹੇ ਹਨ ਅਤੇ ਇਨ੍ਹਾਂ ਕਿਸਾਨ ਮੇਲਿਆਂ ਵਿੱਚ ਖੇਤੀ ਮਾਹਰਾਂ ਦੇ ਸੁਝਾਅ ਅਨੁਸਾਰ ਖੇਤੀ ਕਰਕੇ ਕਿਸਾਨ ਖੁਸ਼ਹਾਲ ਖੇਤੀ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਸ਼ੁਰੂ ਹੋ ਗਈ ਹੈ ਅਤੇ ਮੰਡੀਆਂ ਵਿੱਚ ਕਿਸਾਨਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮੰਡੀਆਂ ਵਿੱਚ ਕਿਸਾਨਾਂ ਦੀ ਸਹੂਲਤ ਅਨੁਸਾਰ ਸਾਰੇ ਪ੍ਰਬੰਧ ਕੀਤੇ ਗਏ ਹਨ ਅਤੇ ਖਰੀਦੀ ਗਈ ਫਸਲ ਦੀ ਅਦਾਇਗੀ ਵੀ ਤੈਅ ਸਮੇਂ ਅੰਦਰ ਕਿਸਾਨਾਂ ਦੇ ਖਾਤਿਆਂ ਵਿੱਚ ਜਮ੍ਹਾਂ ਕਰਵਾ ਦਿੱਤੀ ਜਾਵੇਗੀ।ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਸ਼ਾਮ 07:00 ਵਜੇ ਤੋਂ ਲੈ ਕੇ ਸਵੇਰੇ 06:00 ਵਜੇ ਤੱਕ ਕੰਬਾਇਨਾਂ ਨਾਲ ਫਸਲ ਦੀ ਕਟਾਈ ਨਾ ਕਰਵਾਈ ਜਾਵੇ ਕਿਉਂਕਿ ਅਜਿਹਾ ਕਰਨ ਨਾਲ ਫਸਲ ਵਿੱਚ ਨਮੀਂ ਦੀ ਮਾਤਰਾ ਵੱਧ ਜਾਂਦੀ ਹੈ ਅਤੇ ਕਿਸਾਨਾਂ ਨੂੰ ਫਸਲ ਵੇਚਣ ਵਿੱਚ ਮੁਸ਼ਕਲ ਪੇਸ਼ ਆ ਸਕਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਣਕ ਨੂੰ ਪੂਰੀ ਤਰ੍ਹਾਂ ਸੁੱਕਾ ਕੇ ਹੀ ਮੰਡੀਆਂ ਵਿੱਚ ਲਿਆਂਦਾ ਜਾਵੇ ਤਾਂ ਜੋ ਮੰਡੀਆਂ ਵਿੱਚ ਫਸਲ ਦੇ ਢੇਰ ਨਾ ਲੱਗ ਸਕਣ।ਇਸ ਮੌਕੇ ਖੇਤੀਬਾੜ੍ਹੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਸੰਯੁਕਤ ਡਾਇਰੈਕਟਰ (ਇੰਜੀ) ਡਾ.ਜਗਦੀਸ ਸਿੰਘ ਨੇ ਕਿਸਾਨਾਂ ਨੂੰ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵੱਖ ਵੱਖ ਸਕੀਮਾਂ ਅਤੇ ਸਬਸਿਡੀ ਤੇ ਦਿੱਤੀ ਜਾ ਰਹੀ ਖੇਤੀ ਮਸ਼ੀਨੀਰੀ ਬਾਰੇ ਜਾਣਕਾਰੀ ਦਿੱਤੀ।ਇਸ ਮੌਕੇ ਐਸ.ਡੀ.ਐਮ. ਫ਼ਤਹਿਗੜ੍ਹ ਸਾਹਿਬ ਹਰਪ੍ਰੀਤ ਸਿੰਘ ਅਟਵਾਲ, ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਅਮਰਿੰਦਰ ਸਿੰਘ ਮੰਡੋਫਲ, ਗੁਰਸਤਿੰਦਰ ਸਿੰਘ ਜੱਲ੍ਹਾ, ਮੁੱਖ ਖੇਤੀਬਾੜੀ ਅਫਸਰ ਡਾ: ਕੁਲਵਿੰਦਰ ਸਿੰਘ, ਜਿਲ੍ਹਾ ਸਿਖਲਾਈ ਅਫਸਰ ਰੰਗੀਲ ਸਿੰਘ, ਕ੍ਰਿਸ਼ੀ ਵਿਗਿਆਨ ਕੇਂਦਰ ਦੇ ਡਿਪਟੀ ਡਾਇਰੈਕਟਰ (ਸਿਖਲਾਈ) ਡਾ: ਵਿਪਨ ਕੁਮਾਰ ਰਾਮਪਾਲ, ਖੇਤੀਬਾੜ੍ਹੀ ਅਫਸਰ ਇਕਬਾਲਜੀਤ ਸਿੰਘ ਬੈਨੀਪਾਲ, ਜਸਵਿੰਦਰ ਸਿੰਘ, ਕ੍ਰਿਪਾਲ ਸਿੰਘ, ਮੇਵਾ ਸਿੰਘ, ਜੋਤਇੰਦਰ ਸਿੰਘ, ਖੇਤੀਬਾੜੀ ਵਿਕਾਸ ਅਫਸਰ ਡਾ: ਦਮਨ ਝਾਂਜੀ, ਆਤਮਾ ਦੇ ਸਹਾਇਕ ਪ੍ਰੋਜੈਕਟ ਡਾਇਰੈਕਟਰ ਹਰਮਨਜੀਤ ਸਿੰਘ, ਜਤਿੰਦਰ ਸਿੰਘ, ਲਵਪ੍ਰੀਤ ਸਿੰਘ, ਪ੍ਰਿਤਪਾਲ ਸਿੰਘ ਜੱਸੀ, ਪਵੇਲ ਹਾਂਡਾ ਤੋਂ ਇਲਾਵਾ ਖੇਤੀ ਮਾਹਰ ਆਮ ਆਦਮੀ ਪਾਰਟੀ ਦੇ ਆਗੂ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਹਾਜਰ ਸਨ।

LEAVE A REPLY

Please enter your comment!
Please enter your name here