ਫਤਹਿਗੜ ਸਾਹਿਬ,21 ਅਪ੍ਰੈਲ ( ਰਾਜਨ ਜੈਨ )- ਸਿਵਲ ਸਰਜਨ ਡਾ:ਦਵਿੰਦਰਜੀਤ ਕੌਰ ਨੇ ਕੁਸ਼ਟ ਆਸ਼ਰਮ, ਸੇਖੂਪੁਰਾ ਵਿੱਚ ਰਹਿੰਦੇ ਕੁਸ਼ਟ ਰੋਗੀਆਂ ਨੁੰ ਘਰੇਲੂ ਵਰਤੋਂ ਵਿੱਚ ਆਉਣ ਵਾਲਾ ਸਮਾਨ, ਬੂਟ,ਜਖਮਾਂ ਦੇ ਇਲਾਜ ਲਈ ਦਵਾਈਆਂ ਅਤੇ ਕਾਟਨ ਆਦਿ ਦੀ ਵੰਡ ਕੀਤੀ ਗਈ।ਇਸ ਮੌਕੇ ਸਿਵਲ ਸਰਜਨ ਡਾ.ਦਵਿੰਦਰਜੀਤ ਕੌਰ ਨੇਂ ਕਿਹਾ ਕਿ ਇਸ ਆਸ਼ਰਮ ਵਿੱਚ ਰਹਿੰਦੇ 55 ਦੇ ਕਰੀਬ ਕੁਸ਼ਟ ਰੋਗੀ ਜੋ ਕਿ ਆਪਣਾ ਕੁਸ਼ਟ ਰੋਗ ਦਾ ਪੁਰਾ ਇਲਾਜ ਕਰਵਾ ਕੇ ਕੁਸ਼ਟ ਰੋਗ ਤੋਂ ਠੀਕ ਹੋ ਚੁੱਕੇ ਹਨ ਅਤੇ ਆਸ਼ਰਮ ਵਿਚ ਰਹਿ ਰਹੇ ਹਨ, ਨੁੰ ਜਿਲ੍ਹਾ ਸਿਹਤ ਵਿਭਾਗ ਵੱਲੋਂ ਪੈਰਾਂ ਦੇ ਅਨੁਕੂਲ ਨਰਮ ਤੱਲੇ ਵਾਲੇ ਬੂਟ, ਜਖਮਾਂ ਦੀ ਦੇਖਭਾਲ ਕਰਨ ਲਈ ਪੱਟੀਆਂ, ਕਾੱਟਨ, ਐਂਟੀਬਾਇਓਟਿਕ, ਜੈਨਰਿਕ ਅਤੇ ਤਾਕਤ ਦੀਆਂ ਦਵਾਈਆਂ ਆਦਿ ਦੀ ਵੰਡ ਕੀਤੀ ਗਈ।ਉਹਨਾਂ ਕਿਹਾ ਕਿ ਭਾਵੇਂ ਇਹ ਮਰੀਜ ਕੁਸ਼ਟ ਤੋਂ ਪੂਰਨ ਤੋਰ ਤੇਂ ਠੀਕ ਹੋ ਚੁਕੇ ਹਨ , ਪ੍ਰੰਤੂ ਫਿਰ ਵੀ ਜਖਮਾਂ ਦੀ ਦੇਖਭਾਲ ਕਰਨ ਲਈ ਸਿਹਤ ਵਿਭਾਗ ਵੱਲੋਂ ਸਮੇਂ ਸਮੇਂ ਤੇਂ ਇਹਨਾਂ ਨੂੰ ਦਵਾਈਆਂ ਮੁਫਤ ਮੁੱਹਈਆ ਕਰਵਾਈਆਂ ਜਾਂਦੀਆ ਹਨ। ਮਹਿਕਮੇ ਵੱਲੋ ਲੋੜ ਮੁਤਾਬਕ ਕੁਸ਼ਟ ਰੋਗ ਪੀੜਤ ਮਰੀਜਾਂ ਨੂੰ ਅੰਗਹੀਣਤਾ ਸਰਟੀਫਿਕੇਟ ਵੀ ਜਾਰੀ ਕਰਵਾਏ ਜਾਂਦੇ ਹਨ ।ਨੋਡਲ ਅਫਸਰ ਡਾ. ਹਰਪ੍ਰੀਤ ਕੌਰ ਨੇ ਦੱਸਿਆਂ ਕਿ ਕੁਸ਼ਟ ਰੋਗ ਕੁਦਰਤ ਦੀ ਕਰੋਪੀ ਜਾਂ ਪੁਰਾਣੇ ਜਨਮਾਂ ਦਾ ਫਲ ਨਹੀ ਹੈ ਬਲਕਿ ਇਹ ਚਮੜੀ ਦਾ ਰੋਗ ਹੈ।ਜੇਕਰ ਇਸ ਰੋਗ ਦਾ ਸਮੇਂ ਸਿਰ ਇਲਾਜ ਹੋ ਜਾਵੇ ਤਾਂ ਕਈ ਕਿਸਮ ਦੀ ਕਰੂਪਤਾਂ ਅਤੇ ਅਪਾਹਜਪਣ ਤੋ ਬਚਿਆ ਜਾ ਸਕਦਾ ਹੈ।ਉਨ੍ਹਾਂ ਕਿਹਾ ਕਿ ਇਸ ਬਿਮਾਰੀ ਦਾ ਇਲਾਜ ਸਾਰੇ ਸਰਕਾਰੀ ਹਸਪਤਾਲਾਂ, ਸਿਹਤ ਕੇਦਰਾਂ ਅਤੇ ਸਰਕਾਰੀ ਡਿਸਪੈਸਰੀਆਂ ਵਿੱਚ ਮਲਟੀ ਡਰੱਗ ਥਰੈਪੀ ਰਾਹੀ ਬਿਲਕੁੱਲ ਮੁਫਤ ਕੀਤਾ ਜਾਦਾ ਹੈ। ਇਸ ਮੌਕੇ ਜਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਕਰਨੈਲ ਸਿੰਘ, ਗੁਰਦੀਪ ਸਿੰਘ ਜਿਲ੍ਹਾ ਬੀ .ਸੀ. ਸੀ .ਕੁਆਰਡੀਨੇਟਰ ਅਮਰਜੀਤ ਸਿੰਘ ,ਲੈਪਰੋਸੀ ਸੁਪਰਵਾਈਜ਼ਰ ਜਸਵਿੰਦਰ ਕੌਰ ਹਾਜ਼ਰ ਸਨ।