ਜੈਤੋ , 26 ਅਪ੍ਰੈਲ ( ਸਤੀਸ਼ ਕੋਹਲੀ, ਜੱਸੀ ਢਿੱਲੋਂ)-: ਕਾਫੀ ਸਮੇਂ ਤੋਂ ਸਰੀਰਕ ਢਿੱਲ-ਮੱਠ ਨਾਲ ਜੂਝ ਰਹੇ ਉੱਘੇ ਅਨੁਵਾਦਕ ਲੇਖਕ ਡਾ. ਮਹਿੰਦਰ ਬੇਦੀ ਲੰਘੀ ਰਾਤ ਇਥੇ ਜੈਤੋ ਵਿਖੇ ਆਪਣੇ ਆਪਣੇ ਨਿਵਾਸ ‘ਤੇ ਸਦੀਵੀ ਵਿਛੋੜਾ ਦੇ ਗਏ।ਆਪਣੇ ਸਾਢੇ ਚਾਰ ਦਹਾਕਿਆਂ ਦੇ ਸਾਹਿਤਕ ਸਫ਼ਰ ਦੌਰਾਨ ਉਨ੍ਹਾਂ ਹਿੰਦੀ /ਉਰਦੂ ਤੋਂ ਸੈਂਕੜੇ ਕਹਾਣੀਆਂ/ਨਾਵਲ ਤੇ ਵਾਰਤਕ ਰਚਨਾਵਾਂ ਦਾ ਪੰਜਾਬੀ ਵਿੱਚ ਅਨੁਵਾਦ ਕੀਤਾ। ਅਨੁਵਾਦ ਦੀਆਂ ਤਿੰਨ ਦਰਜਨ ਤੋਂ ਵੱਧ ਕਿਤਾਬਾਂ ਛਪ ਚੁੱਕੀਆਂ ਹਨ। ਪੰਜਾਬੀ ਦੇ ਸਾਰੇ ਸਿਰਕੱਢ ਅਖ਼ਬਾਰਾਂ /ਰਸਾਲਿਆਂ ਵਿੱਚ ਉਹ ਛਪਦੇ ਰਹੇ। ਉਨ੍ਹਾਂ ਵੱਲੋ ਅਸਗਰ ਵਜਾਹਤ ਦੇ ਹਿੰਦੀ ਨਾਵਲ ਦੇ ਪੰਜਾਬੀ ਅਨੁਵਾਦ ‘ਰਾਵੀ ਵਿਰਸਾ’ ਨੂੰ ਪਿਛਲੇ ਸਾਲ ਭਾਰਤੀ ਸਾਹਿਤ ਅਕਾਦਮੀ ਸਨਮਾਨ ਮਿਲਿਆ।ਉਨ੍ਹਾਂ ਨੇ ਪੰਜਾਬੀ ਮਾਂ ਬੋਲੀ ਲਈ ਅਹਿਮ ਯੋਗਦਾਨ ਪਾਇਆ ਹੈ। ਅੱਜ ਉਨ੍ਹਾਂ ਦੇ ਸਸਕਾਰ ਮੌਕੇ ਵੱਡੀ ਗਿਣਤੀ ‘ਚ ਲੇਖਕ, ਸਾਹਿਤਕਾਰ, ਗੀਤਕਾਰ, ਅਨੁਵਾਦਕ, ਕਵੀ, ਖੱਤਰੀ ਸਭਾ ਜੈਤੋ ਦੇ ਅਹੁਦੇਦਾਰ, ਦੀਪਕ ਜੈਤੋਈ ਮੰਚ ਦੇ ਅਹੁਦੇਦਾਰ, ਸਮਾਜ ਸੇਵੀ, ਰਾਜਨੀਤਕ ਆਗੂ, ਜੈਤੋ ਵਾਸੀ ਸ਼ਾਮਿਲ ਹੋਏ ਅਤੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।
