- ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਨੂੰ ਸੰਭਾਵਨਾਵਾਂ ਤਲਾਸ਼ਣ ਲਈ ਕਿਹਾ
ਮੋਗਾ, 26 ਅਪ੍ਰੈਲ ( ਕੁਲਵਿੰਦਰ ਸਿੰਘ) – ਨੌਜਵਾਨਾਂ ਨੂੰ ਉੱਚ ਪੱਧਰ ਦੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਮੁਫ਼ਤ ਜਾਂ ਰਿਆਇਤੀ ਦਰਾਂ ਉੱਤੇ ਤਿਆਰੀ ਕਰਾਉਣ ਲਈ ਜ਼ਿਲ੍ਹਾ ਪੱਧਰ ਉੱਤੇ ਇੱਕ ਅਜਿਹਾ ਸਰਕਾਰੀ ਕੋਚਿੰਗ ਸੈਂਟਰ ਹੋਣਾ ਚਾਹੀਦਾ ਹੈ ਜਿੱਥੇ ਹਰੇਕ ਯੋਗ ਨੌਜਵਾਨ/ਮੁਟਿਆਰ ਬੇਝਿਜਕ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਆ ਸਕੇ। ਇਹ ਵਿਚਾਰ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਅੱਜ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੀ ਗਵਰਨਿੰਗ ਕਾਉਂਸਿਲ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪ੍ਰਗਟ ਕੀਤੇ।
ਉਹਨਾਂ ਇਸ ਸਬੰਧੀ ਸੰਭਾਵਨਾਵਾਂ ਤਲਾਸ਼ਣ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਅਧਿਕਾਰੀਆਂ ਦੀ ਜਿੰਮੇਵਾਰੀ ਲਗਾਈ। ਉਹਨਾਂ ਕਿਹਾ ਕਿ ਉਹਨਾਂ ਦੀ ਸੋਚ ਹੈ ਕਿ ਜੇਕਰ ਬੱਚੇ ਨੇ ਉੱਚ ਪੱਧਰ ( ਆਈ ਏ ਐਸ, ਪੀ ਸੀ ਐਸ ਅਤੇ ਹੋਰ ) ਦੀ ਤਿਆਰੀ ਕੀਤੀ ਹੋਵੇਗੀ ਤਾਂ ਉਹ ਹੇਠਲੇ ਪੱਧਰ ਦੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਅਸਾਨੀ ਨਾਲ ਪਾਸ ਕਰਨ ਦੇ ਸਮਰੱਥ ਹੋਵੇਗਾ। ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਕੋਸ਼ਿਸ਼ ਕੀਤੀ ਜਾਵੇਗੀ ਕਿ ਸਬੰਧਤ ਵਿਭਾਗਾਂ ਅਤੇ ਹੋਰ ਧਿਰਾਂ ਦੇ ਸਹਿਯੋਗ ਨਾਲ ਇਸ ਕੋਚਿੰਗ ਸੈਂਟਰ ਦੇ ਸੁਪਨੇ ਨੂੰ ਜਲਦੀ ਹੀ ਹਕੀਕਤ ਵਿੱਚ ਬਦਲਿਆ ਜਾਵੇ।
ਉਹਨਾਂ ਕਿਹਾ ਕਿ ਨੌਜਵਾਨਾਂ ਦੇ ਤਕਨੀਕੀ ਵਿਕਾਸ ਅਤੇ ਸਵੈ- ਰੋਜ਼ਗਾਰ ਵੱਲ ਤੋਰਨ ਉੱਤੇ ਜ਼ੋਰ ਦੇਣਾ ਚਾਹੀਦਾ ਹੈ। ਉਹਨਾਂ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਰਕਾਰੀ ਨੌਕਰੀਆਂ ਦੇ ਪਿੱਛੇ ਭੱਜਣ ਦੀ ਬਿਜਾਏ ਤਕਨੀਕੀ ਤੌਰ ਉੱਤੇ ਕਾਬਿਲ ਹੋ ਕੇ ਸਵੈ ਰੋਜ਼ਗਾਰ ਵਾਲੇ ਪਾਸੇ ਤੁਰਨ। ਉਹਨਾਂ ਭਰੋਸਾ ਦਿੱਤਾ ਕਿ ਤਕਨੀਕੀ ਵਿਕਾਸ ਅਤੇ ਸਵੈ- ਰੋਜ਼ਗਾਰ ਵੱਲ ਤੁਰਨ ਵਾਲੇ ਨੌਜਵਾਨਾਂ ਨੂੰ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਪੂਰਨ ਸਹਿਯੋਗ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਨੌਜਵਾਨ ਰੋਜ਼ਗਾਰ ਮੰਗਣ ਦੀ ਬਿਜਾਏ ਆਪਣੇ ਉੱਦਮ ਅਤੇ ਕਿੱਤੇ ਸ਼ੁਰੂ ਕਰਕੇ ਹੋਰਨਾਂ ਨੂੰ ਰੋਜ਼ਗਾਰ ਮੁਹਈਆ ਕਰਾਉਣ ਵਾਲੇ ਬਣਨ।
ਉਹਨਾਂ ਭਾਵੁਕ ਹੁੰਦਿਆਂ ਅਧਿਕਾਰੀਆਂ ਨੂੰ ਕਿਹਾ ਕਿ ਅੱਜ ਲੋੜ੍ਹ ਹੈ ਕਿ ਅਸੀਂ ਆਪਣੇ ਦੇਸ਼, ਪੰਜਾਬ ਅਤੇ ਸੱਭਿਆਚਾਰ ਨੂੰ ਬਚਾਉਣ ਲਈ ਨੌਜਵਾਨਾਂ ਦੇ ਮਦਦਗਾਰ ਬਣੀਏ। ਦੇਸ਼ ਬਦਲਣ ਲਈ, ਪਹਿਲਾਂ ਇਕ ਇਕ ਵਿਅਕਤੀ ਦਾ ਜੀਵਨ ਬਦਲਣ ਦੀ ਲੋੜ ਹੈ। ਉਹਨਾਂ ਕਿਹਾ ਕਿ ਇਥੋਂ ਪੜ੍ਹ ਕੇ ਵਿਦੇਸ਼ਾਂ ਵਿਚ ਕੰਮ ਧੰਦੇ ਕਰਨ ਜਾਣ ਵਾਲੇ ਨੌਜਵਾਨ ਉਸ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਉਣਗੇ ਜਿਸ ਨਾਲ ਸਾਡਾ ਦੇਸ਼ ਕਮਜ਼ੋਰ ਹੋਵੇਗਾ। ਉਹਨਾਂ ਜ਼ਿਲ੍ਹਾ ਸਿੱਖਿਆ ਅਧਿਕਾਰੀ, ਪੋਲੀਟੈਕਨਿਕ ਅਤੇ ਉਦਯੋਗਿਕ ਸਿਖਲਾਈ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਉਹ ਵੱਖ ਵੱਖ ਸੰਸਥਾਵਾਂ ਨਾਲ ਰਾਬਤਾ ਕਾਇਮ ਕਰਕੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਲੈ ਕੇ ਆਉਣ ਤਾਂ ਜ਼ੋ ਉਹਨਾਂ ਨੂੰ ਇੱਥੇ ਮਿਲਣ ਵਾਲੀਆਂ ਸਹੂਲਤਾਂ ਅਤੇ ਸੇਧਾਂ ਬਾਰੇ ਗਿਆਨ ਹੋ ਸਕੇ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਸਬੰਧਤ ਅਧਿਕਾਰੀਆਂ ਨੂੰ ਪਲੇਸਮੈਂਟ, ਰਜਿਸਟਰੇਸ਼ਨ ਅਤੇ ਹੋਰ ਟੀਚੇ ਪ੍ਰਾਪਤ ਕਰਨ ਲਈ ਹਰ ਸੰਭਵ ਯਤਨ ਕਰਨ ਬਾਰੇ ਕਿਹਾ। ਬੈਂਕ ਪ੍ਰਬੰਧਕਾਂ ਨੂੰ ਕਿਹਾ ਗਿਆ ਕਿ ਉਹ ਸਵੈ – ਰੋਜ਼ਗਾਰ ਸ਼ੁਰੂ ਕਰਨ ਵਾਲੇ ਨੌਜਵਾਨਾਂ ਦੇ ਕੇਸ ਪਹਿਲ ਦੇ ਆਧਾਰ ਉੱਤੇ ਕਲੀਅਰ ਕਰਿਆ ਕਰਨ।