ਖੰਨਾ, 26 ਅਪ੍ਰੈਲ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ)-: ਰਾਤ ਝੰਮਟ ਪੁਲ ਉਤੇ ਦਰਦਨਾਕ ਘਟਨਾ ਵਾਪਰ ਗਈ। ਇਕ ਗੱਡੀ ਬੇਕਾਬੂ ਹੋ ਕੇ ਨਹਿਰ ਵਿੱਚ ਡਿੱਗ ਪਈ। ਗੱਡੀ ਵਿੱਚ ਸਵਾਰ 6 ਜਣਿਆਂ ਵਿੱਚੋਂ 5 ਦੀ ਮੌਤ ਹੋ ਗਈ।ਪ੍ਰਾਪਤ ਜਾਣਕਾਰੀ ਅਨੁਸਾਰ ਰਾਤ 2 ਵਜੇ ਇੱਕ ਕਾਰ ਫਾਰਚੂਨਰ ਨੰ: PB-08-BT-3999 ਪਿੰਡ ਝੰਮਟ ਪੁਲ ਮਲੌਦ ਪੁਲਿਸ ਨੇੜੇ ਨਹਿਰ ਵਿੱਚ ਡਿੱਗ ਗਈ। ਇਸ ਕਾਰ ਵਿੱਚ ਕੁੱਲ 06 ਵਿਅਕਤੀ ਸਵਾਰ ਸਨ ਅਤੇ ਇਨ੍ਹਾਂ ਵਿੱਚੋਂ 5 ਵਿਅਕਤੀਆਂ ਮੌਕੇ ਉਤੇ ਮੌਤ ਹੋ ਗਈ। ਇਸ ਘਟਨਾ ‘ਚ ਸੰਦੀਪ ਸਿੰਘ ਪੁੱਤਰ ਮੇਵਾ ਸਿੰਘ ਵਾਸੀ ਨੰਗਲਾਨ ਵਾਲ-ਵਾਲ ਬਚ ਗਿਆ।ਮ੍ਰਿਤਕਾਂ ਦੀ ਪਛਾਣ ਜਤਿੰਦਰ ਸਿੰਘ (40 ਸਾਲ) ਪੁੱਤਰ ਭਗਵੰਤ ਸਿੰਘ ਸਾਲ ਵਾਸੀ ਨੰਗਲਾ, ਜਗਤਾਰ ਸਿੰਘ ਪੁੱਤਰ ਬਾਵਾ ਸਿੰਘ (45 ਸਾਲ) ਵਾਸੀ ਨੰਗਲਾਂ, ਜੱਗਾ ਸਿੰਘ ਪੁੱਤਰ ਭਜਨ ਸਿੰਘ (35 ਸਾਲ) ਵਾਸੀ ਗੋਪਾਲਪੁਰ, ਕੁਲਦੀਪ ਸਿੰਘ ਪੁੱਤਰ ਕਰਨੈਲ ਸਿੰਘ (45 ਸਾਲ) ਵਾਸੀ ਲੇਹਲ ਤੇ ਜਗਦੀਪ ਸਿੰਘ ਪੁੱਤਰ ਗੁਰਮੀਤ ਸਿੰਘ (35/36 ਸਾਲ) ਪਿੰਡ ਰੁੜਕਾ ਵਜੋਂ ਹੋਈ ਹੈ।ਪੁਲਿਸ ਨੇ ਲਾਸ਼ਾਂ ਨੂੰ ਸਿਵਲ ਹਸਪਤਾਲ ਲੁਧਿਆਣਾ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ। ਪੁਲਿਸ ਨੇ ਮੌਕੇ ਉਤੇ ਪੁੱਜ ਕੇ ਇਸ ਮਾਮਲੇ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਜਾਣਕਾਰੀ ਅਨੁਸਾਰ ਹਾਦਸੇ ਵਿੱਚ ਵਚਣ ਵਾਲਾ ਸ਼ਹਿਰ ਵਿਖੇ ਟੈਟੂ ਆਰਟਿਸਟ ਨੰਗਲਾਂ ਪਿੰਡ ਦਾ ਵਸਨੀਕ ਸੰਦੀਪ ਸਿੰਘ ਸੰਨੀ ਸਦਮੇ ਵਿੱਚ ਹੈ। ਸੋਮਵਾਰ ਸ਼ਾਮ ਨੂੰ ਗੱਡੀ ਦਾ ਮਾਲਕ ਅਤੇ ਚਾਲਕ ਐੱਨਆਰਆਈ ਜਤਿੰਦਰ ਸਿੰਘ ਹੈਪੀ ਆਪਣੇ ਸਾਥੀਆਂ ਸਮੇਤ ਬੇਰ ਕਲਾਂ ਰਹਿੰਦੇ ਕਿਸੇ ਦੋਸਤ ਕੋਲ ਬੀਤੇ ਸਮੇਂ ਦੌਰਾਨ ਹੋਈ ਕਿਸੇ ਮੌਤ ਦੇ ਸਬੰਧ ਵਿੱਚ ਅਫਸੋਸ ਕਰਨ ਗਿਆ ਸੀ ਅਤੇ ਜਦੋਂ ਉਹ ਕਰੀਬ ਅੱਧੀ ਰਾਤ ਵਾਪਸ ਆ ਰਹੇ ਸੀ ਤਾਂ ਝੱਮਟ ਪਿੰਡ ਕੋਲ ਲਿੰਕ ਰੋਡ ਤੋਂ ਜਗੇੜਾ-ਪਾਇਲ ਮੁੱਖ ਮਾਰਗ ’ਤੇ ਚੜ੍ਹਣ ਵੇਲੇ ਗੱਡੀ ਬੇਕਾਬੂ ਹੋ ਗਈ। ਨਹਿਰ ਕੰਢੇ ਬਣੀ ਰੋਕ ਨੂੰ ਭੰਨਦਿਆ ਫਾਰਚੂਨਰ ਪਾਣੀ ਵਿੱਚ ਜਾ ਡਿੱਗੀ ਅਤੇ ਉਲਟੀ ਹੋਣ ਕਰਕੇ ਸਵਾਰੀਆਂ ਨੂੰ ਸੰਭਲਣ ਦਾ ਮੌਕਾ ਨਹੀਂ ਮਿਲਿਆ, ਜਦੋਂ ਤੱਕ ਬਚਾਅ ਕਾਰਜ ਕਰਕੇ ਗੱਡੀ ਅਤੇ ਸਵਾਰੀਆਂ ਨੂੰ ਬਾਹਿਰ ਕੱਢਿਆ ਗਿਆ ਉਸ ਵੇਲੇ ਤੱਕ ਪੰਜ ਵਿਅਕਤੀਆਂ ਦੀ ਮੌਤ ਹੋ ਚੁੱਕੀ ਸੀ।