ਐਨਐਚਏਆਈ ਦੇ ਚੇਅਰਮੈਨ ਨੇ ਸੰਸਦ ਮੈਂਬਰ ਸੰਜੀਵ ਅਰੋੜਾ ਨੂੰ ਕੀਤਾ ਸੂਚਿਤ
ਲੁਧਿਆਣਾ(ਭਗਵਾਨ ਭੰਗੂ-ਲਿਕੇਸ ਸ਼ਰਮਾ ) ਸ਼ੇਰਪੁਰ ਚੌਕ ਨੇੜੇ ਉਸਾਰੀ ਅਧੀਨ ਆਰ.ਓ.ਬੀ. ਮੁਕੰਮਲ ਹੋਣ ਦੇ ਨੇੜੇ ਹੈ ਅਤੇ ਇਸ ਮਹੀਨੇ ਦੇ ਅੰਤ ਤੱਕ ਆਵਾਜਾਈ ਲਈ ਖੋਲ੍ਹੇ ਜਾਣ ਦੀ ਸੰਭਾਵਨਾ ਹੈ। ਇਹ ਖੁਲਾਸਾ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨਐਚਏਆਈ) ਦੇ ਚੇਅਰਮੈਨ ਸੰਤੋਸ਼ ਕੁਮਾਰ ਯਾਦਵ ਦੁਆਰਾ ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਨੂੰ ਸੰਬੋਧਿਤ ਇੱਕ ਅਧਿਕਾਰਤ ਪੱਤਰ ਵਿੱਚ ਕੀਤਾ ਗਿਆ ਹੈ।
ਐਨਐਚਏਆਈ ਚੇਅਰਮੈਨ ਦਾ 10 ਫਰਵਰੀ, 2023 ਦਾ ਪੱਤਰ ਅਰੋੜਾ ਦੇ 5 ਜਨਵਰੀ, 2023 ਦੇ ਪੱਤਰ ਦੇ ਜਵਾਬ ਵਿੱਚ ਸੀ, ਜਿਸ ਵਿੱਚ ਉਨ੍ਹਾਂ ਨੇ ਸ਼ੇਰਪੁਰ ਬਾਈਪਾਸ ਅਤੇ ਲੁਧਿਆਣਾ ਵਿੱਚ ਸਿੱਧਵਾਂ ਨਹਿਰ ਉੱਤੇ ਪੁਲਾਂ ਦੀ ਉਸਾਰੀ ਨਾਲ ਸਬੰਧਤ ਬਕਾਇਆ ਕੰਮਾਂ ਦਾ ਮੁੱਦਾ ਉਠਾਇਆ ਸੀ।
ਅਰੋੜਾ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚੇਅਰਮੈਨ, ਐਨ.ਐਚ.ਏ.ਆਈ. ਨੇ ਅੱਜ ਉਹਨਾਂ ਨੂੰ ਆਪਣੇ ਪੱਤਰ ਵਿੱਚ ਸੂਚਿਤ ਕੀਤਾ ਹੈ ਕਿ ਐਨ.ਐਚ.ਏ.ਆਈ. ਵੱਲੋਂ ਮਾਮਲੇ ਦੀ ਜਾਂਚ ਕਰ ਲਈ ਗਈ ਹੈ ਅਤੇ ਦੱਸਿਆ ਗਿਆ ਹੈ ਕਿ ਐਨ.ਐਚ.-44 (ਸ਼ੇਰਪੁਰ ਚੌਂਕ) ਦੇ ਕਿਲੋਮੀਟਰ 311 ‘ਤੇ ਆਰ.ਓ.ਬੀ. ਦੀ ਉਸਾਰੀ ਮੁਕੰਮਲ ਹੋਣ ਦੇ ਨੇੜੇ ਹੈ ਅਤੇ 28 ਫਰਵਰੀ 2023 ਤੱਕ ਆਵਾਜਾਈ ਲਈ ਖੋਲ੍ਹੇ ਜਾਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਲਾਡੋਵਾਲ ਬਾਈਪਾਸ ’ਤੇ ਸਿੱਧਵਾਂ ਨਹਿਰ ’ਤੇ 4 ਪੁਲਾਂ ਦੀ ਉਸਾਰੀ ਦਾ ਪ੍ਰਸਤਾਵ ਵੀ ਵਿਚਾਰ ਅਧੀਨ ਹੈ।
ਅਰੋੜਾ ਨੇ ਇਸ ਸਾਲ 5 ਜਨਵਰੀ ਨੂੰ ਐਨ.ਐਚ.ਏ.ਆਈ. ਦੇ ਚੇਅਰਮੈਨ ਨਾਲ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਨੂੰ ਲੁਧਿਆਣਾ ਸ਼ਹਿਰ ਦੇ ਬਕਾਇਆ ਕੰਮਾਂ ਸਬੰਧੀ ਪੱਤਰ ਸੌਂਪਿਆ ਸੀ। ਉਨ੍ਹਾਂ ਨੇ ਐਨ.ਐਚ.ਏ.ਆਈ ਦੇ ਚੇਅਰਮੈਨ ਨੂੰ ਜਾਣੂ ਕਰਵਾਇਆ ਕਿ ਲੁਧਿਆਣਾ ਅਤੇ ਇਸ ਦੇ ਆਸ-ਪਾਸ ਐਨ.ਐਚ.ਏ.ਆਈ ਦੇ ਲੰਬਿਤ ਪਏ ਪ੍ਰੋਜੈਕਟਾਂ ਕਾਰਨ ਆਮ ਲੋਕਾਂ ਅਤੇ ਯਾਤਰੀਆਂ ਨੂੰ ਭਾਰੀ ਅਸੁਵਿਧਾ ਹੋ ਰਹੀ ਹੈ। ਸ਼ੇਰਪੁਰ ਬਾਈਪਾਸ ਦੇ ਲੰਬਿਤ ਪਏ ਕੰਮ ਨੂੰ ਜਲਦੀ ਮੁਕੰਮਲ ਕਰਨ ਦੀ ਮੰਗ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਲੰਬਿਤ ਪ੍ਰਾਜੈਕਟ ਅਸਲ ਵਿੱਚ ਰੋਜ਼ਾਨਾ ਆਉਣ-ਜਾਣ ਵਾਲਿਆਂ ਨੂੰ ਪ੍ਰੇਸ਼ਾਨੀ ਦਾ ਕਾਰਨ ਬਣ ਰਿਹਾ ਹੈ ਕਿਉਂਕਿ 500 ਮੀਟਰ ਦੇ ਪੈਚ ਨੂੰ ਪਾਰ ਕਰਨ ਵਿੱਚ ਕਰੀਬ 30 ਮਿੰਟ ਲੱਗਦੇ ਹਨ। ਉਨ੍ਹਾਂ ਨੇ ਐਨ.ਐਚ.ਏ.ਆਈ. ਦੇ ਚੇਅਰਮੈਨ ਨੂੰ ਇਹ ਵੀ ਜਾਣੂ ਕਰਵਾਇਆ ਕਿ ਲੁਧਿਆਣਾ ਵਿੱਚ ਸਾਊਥ ਸਿਟੀ ਵੱਲ ਸਿੱਧਵਾਂ ਨਹਿਰ ਉੱਤੇ 4 ਪੁਲਾਂ ਦੀ ਉਸਾਰੀ ਦਾ ਕੰਮ ਅਜੇ ਸ਼ੁਰੂ ਨਹੀਂ ਹੋਇਆ ਹੈ, ਜਿਸ ਦੀ ਅਰਜ਼ੀ ਲੰਬੇ ਸਮੇਂ ਤੋਂ ਐਨ.ਐਚ.ਏ.ਆਈ. ਕੋਲ ਪੈਂਡਿੰਗ ਹੈ। ਉਨ੍ਹਾਂ ਚੇਅਰਮੈਨ ਨੂੰ ਇਸ ਮਾਮਲੇ ਦੀ ਨਿੱਜੀ ਤੌਰ ‘ਤੇ ਦਖਲ ਦੇਕੇ ਲੋੜੀਂਦੀ ਕਾਰਵਾਈ ਕਰਨ ਦੀ ਮੰਗ ਕੀਤੀ ਸੀ।
ਅਰੋੜਾ ਨੇ ਕਿਹਾ, “ਮੈਂ ਐਨ.ਐਚ.ਏ.ਆਈ. ਦੇ ਚੇਅਰਮੈਨ ਸੰਤੋਸ਼ ਕੁਮਾਰ ਯਾਦਵ ਦਾ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਵਡੇਰੇ ਜਨਤਕ ਹਿੱਤ ਵਿੱਚ ਮੇਰੀਆਂ ਬੇਨਤੀਆਂ ‘ਤੇ ਵਿਚਾਰ ਕੀਤਾ। ਉਨ੍ਹਾਂ ਕਿਹਾ ਕਿ ਆਰ.ਓ.ਬੀ. ਦਾ ਨਿਰਮਾਣ ਕਾਰਜ ਮੁਕੰਮਲ ਹੋਣ ਅਤੇ ਇਸ ਸੜਕ ਨੂੰ ਵਾਹਨਾਂ ਦੀ ਆਵਾਜਾਈ ਲਈ ਖੋਲ੍ਹਣ ਨਾਲ ਲੋਕਾਂ ਨੂੰ ਰਾਹਤ ਦਾ ਸਾਹ ਆਵੇਗਾ। ਉਨ੍ਹਾਂ ਨੇ ਲਾਡੋਵਾਲ ਬਾਈਪਾਸ ‘ਤੇ ਸਿੱਧਵਾਂ ਨਹਿਰ ‘ਤੇ 4 ਪੁਲਾਂ ਦੀ ਉਸਾਰੀ ਦੇ ਪ੍ਰਸਤਾਵ ‘ਤੇ ਵਿਚਾਰ ਕਰਨ ਲਈ ਵੀ ਚੇਅਰਮੈਨ, ਐਨ.ਐਚ.ਏ.ਆਈ. ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਲੁਧਿਆਣਾ ਦੇ ਨਾਗਰਿਕ ਲੰਬੇ ਸਮੇਂ ਤੋਂ ਇਨ੍ਹਾਂ ਚਾਰਾਂ ਪੁਲਾਂ ਦੀ ਉਸਾਰੀ ਲਈ ਜ਼ੋਰਦਾਰ ਮੰਗ ਉਠਾ ਰਹੇ ਹਨ।