ਲੁਧਿਆਣਾ 10 ਫਰਵਰੀ (ਰਾਜੇਸ਼ ਜੈਨ – ਅਸ਼ਵਨੀ): ਸੂਬਾ ਸਰਕਾਰ ਵੱਲੋਂ ਸੋਧੇ ਤਨਖ਼ਾਹ ਸਕੇਲਾਂ ਅਤੇ ਪੈਨਸ਼ਨਾਂ ਵਿੱਚ ਸੋਧ ਕਰਨ ਵਿੱਚ ਕੀਤੀ ਜਾ ਰਹੀ ਦੇਰੀ ਦੇ ਵਿਰੋਧ ਵਿੱਚ ਅੱਜ ਪੀਏਯੂ ਟੀਚਰਜ਼ ਐਸੋਸੀਏਸ਼ਨ ਅਤੇ ਗਡਵਾਸੂ ਟੀਚਰਜ਼ ਐਸੋਸੀਏਸ਼ਨ ਨੇ ਸਮਾਰਕ ਚੌਕ ’ਤੇ ਧਰਨਾ ਦਿੱਤਾ। ਸਰਕਾਰ ਨੇ ਉੱਚ ਸਿੱਖਿਆ ਵਿਭਾਗ ਰਾਹੀਂ ਸਤੰਬਰ, 2022 ਵਿੱਚ ਰਾਜ ਦੀਆਂ ਰਵਾਇਤੀ ਯੂਨੀਵਰਸਿਟੀਆਂ ਅਤੇ ਕਾਲਜ ਅਧਿਆਪਕਾਂ ਲਈ 7ਵੇਂ ਯੂ ਜੀ ਸੀ ਤਨਖਾਹ ਸਕੇਲਾਂ ਨੂੰ ਲਾਗੂ ਕਰਨ ਲਈ ਪਹਿਲਾਂ ਹੀ ਨੋਟੀਫਾਈ ਕਰ ਦਿੱਤਾ ਹੈ।ਪਰ ਪੰਜ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਪੀਏਯੂ ਅਤੇ ਗਡਵਾਸੂ ਦੇ ਅਧਿਆਪਕਾਂ ਨੂੰ ਸੋਧੇ ਹੋਏ ਤਨਖਾਹ ਸਕੇਲ ਨਹੀਂ ਦਿੱਤੇ ਗਏ ਹਨ।ਡਾ ਹਰਮੀਤ ਸਿੰਘ ਕਿੰਗਰਾ, ਪ੍ਰਧਾਨ, ਡਾ: ਮਨਦੀਪ ਸਿੰਘ ਗਿੱਲ, ਸਕੱਤਰ ਪੀ ਏ ਯੂ ਟੀਚਰਜ਼ ਐਸੋਸੀਏਸ਼ਨ ਨੇ ਸੂਬਾ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਪੀਏਯੂ ਅਤੇ ਗਡਵਾਸੂ ਦੇ ਅਧਿਆਪਕਾਂ ਦੇ ਤਨਖ਼ਾਹ ਸਕੇਲ ਜਲਦੀ ਤੋਂ ਜਲਦੀ ਲਾਗੂ ਕੀਤੇ ਜਾਣ ਨਹੀਂ ਤਾਂ ਅਸੀਂ ਸਰਕਾਰ-ਕਿਸਾਨ ਮਿਲਣੀ ਵਾਲੇ ਦਿਨ ਸੂਬਾ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਵਾਂਗੇ।ਇਸ ਮਿਲਣੀ ਲਈ 12 ਫਰਵਰੀ, 2023 ਨੂੰ ਪੀਏਯੂ ਕੈਂਪਸ ਵਿਖੇ ਤਹਿ ਕੀਤਾ ਗਿਆ ਹੈ ਜਿੱਥੇ ਸੂਬੇ ਦੇ ਵੱਡੀ ਗਿਣਤੀ ਕਿਸਾਨਾਂ ਦੇ ਭਾਗ ਲੈਣ ਦੀ ਉਮੀਦ ਹੈ।ਧਰਨਾਕਾਰੀ ਅਧਿਆਪਕਾਂ ਨੂੰ ਗਡਵਾਸੂਟਾ ਤੋਂ ਡਾ: ਹਰਪ੍ਰੀਤ ਸਿੰਘ ਅਤੇ ਡਾ: ਅਪਮਿੰਦਰਪਾਲ ਸਿੰਘ ਬਰਾੜ ਨੇ ਵੀ ਸੰਬੋਧਨ ਕੀਤਾ। ਧਰਨੇ ਨੂੰ ਪੀਏਯੂ ਅਤੇ ਗਡਵਾਸੂ ਦੇ ਸੇਵਾਮੁਕਤ ਅਧਿਆਪਕਾਂ ਨੇ ਵੀ ਸਮਰਥਨ ਦਿੱਤਾ। ਭਾਰੀ ਗਿਣਤੀ ਵਿੱਚ ਦੋਵਾਂ ਯੂਨੀਵਰਸਿਟੀਆਂ ਦੇ ਅਧਿਆਪਕ ਇਸ ਧਰਨੇ ਵਿੱਚ ਸ਼ਾਮਿਲ ਹੋਏ। ਬਾਅਦ ਵਿਚ ਅਧਿਆਪਕਾਂ ਨੇ ਮੁਹਿੰਦਰ ਸਿੰਘ ਰੰਧਾਵਾ ਲਾਇਬ੍ਰੇਰੀ ਤਕ ਮਾਰਚ ਕੀਤਾ
