Home ਸਭਿਆਚਾਰ ਬਦੇਸ਼ੀਂ ਜਾਣ ਦੀ ਹੋੜ ਰੋਕਣ ਲਈ ਕਰਮਜੀਤ ਗਰੇਵਾਲ ਦਾ ਗੀਤ “ਯੂਰੋ ਨਹੀਂ...

ਬਦੇਸ਼ੀਂ ਜਾਣ ਦੀ ਹੋੜ ਰੋਕਣ ਲਈ ਕਰਮਜੀਤ ਗਰੇਵਾਲ ਦਾ ਗੀਤ “ਯੂਰੋ ਨਹੀਂ ਲੱਗਦੇ ਰੁੱਖਾਂ ਨੂੰ” ਪ੍ਰੋ ਗਿੱਲ ਤੇ ਸਾਥੀਆਂ ਵੱਲੋਂ ਲੋਕ ਅਰਪਣ

42
0

ਲੁਧਿਆਣਾ 21 ਅਪ੍ਰੈਲ ( ਵਿਕਾਸ ਮਠਾੜੂ)-ਬਦੇਸ਼ਾਂ ਨੂੰ ਲੱਗੀ ਹੋੜ ਰੋਕਣ ਲਈ ਪੰਜਾਬੀਆਂ ਦੀ ਦੁਖਦੀ ਰਗ ਪਛਾਣਦੇ ਅਜਿਹੇ ਗੀਤਾਂ ਦੀ ਬਹੁਤ ਲੋੜ ਹੈ। ਇਹ ਸ਼ਬਦ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ
ਸਾਹਿਤਕ ਤੇ ਉਸਾਰੂ ਲਿਖਤਾਂ ਨੂੰ ਸਮਰਪਿਤ ਕੌਮੀ ਪੁਰਸਕਾਰ ਜੇਤੂ ਅਧਿਆਪਕ ਕਰਮਜੀਤ ਸਿੰਘ ਗਰੇਵਾਲ ਲਲਤੋਂ ਦੇ ਲਿਖੇ ਤੇ ਗਾਏ ਗੀਤ “ਯੂਰੋ ਨੀ ਲੱਗਦੇ ਰੁੱਖਾਂ ਨੂੰ”ਲੋਕ ਅਰਪਣ ਕਰਦਿਆਂ ਕਹੇ। ਪ੍ਰੋ. ਗੁਰਭਜਨ ਸਿੰਘ ਗਿੱਲ,ਸੁਰਜੀਤ ਸਪੋਰਟਸ ਅਸੋਸੀਏਸ਼ਨ ਬਟਾਲਾ ਦੇ ਪ੍ਰਧਾਨ ਪਿਰਥੀਪਾਲ ਸਿੰਘ, ਸੱਰੀ (ਕੈਨੇਡਾ) ਤੋਂ ਆਏ ਟਰਾਂਸਪੋਰਟਰ ਕਰਮਜੀਤ ਸਿੰਘ ਗਰੇਵਾਲ ਰਾਏਕੋਟੀ,ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਚੈਰੀਟੇਬਲ ਟਰਸਟ ਬੱਸੀਆਂ -ਰਾਏਕੋਟ ਦੇ ਸਕੱਤਰ ਪਰਮਿੰਦਰ ਜੱਟਪੁਰੀ ਅਤੇ ਜਗਦੀਸ਼ਪਾਲ ਸਿੰਘ ਗਰੇਵਾਲ ਨੇ ਆਪਣੇ ਕਰ ਕਮਲਾਂ ਨਾਲ਼ ਰਿਲੀਜ਼ ਕੀਤਾ। ਇਸ ਮੌਕੇ ਬੋਲਦਿਆਂ ਪ੍ਰੋ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਇਸ ਗੀਤ ਵਿੱਚ ਕਰਮਜੀਤ ਗਰੇਵਾਲ ਨੇ ਵਿਦੇਸ਼ ਜਾ ਰਹੇ ਨੌਜਵਾਨਾਂ ਨੂੰ ਸਹੀ ਸੇਧ ਦਿੰਦਿਆਂ ਆਪਣੀ ਮਾਨਸਿਕਤਾ ਨੂੰ ਬਦੇਸ਼ੀ ਹੋੜ ਦੀ ਥਾਂ ਦੇਸ਼ ਮੁਖੀ ਬਣਾਉਣ ਦੀ ਗੱਲ ਕੀਤੀ ਹੈ। ਅਜਿਹੇ ਗੀਤ ਨੌਜਵਾਨਾਂ ਦੇ ਬਦੇਸ਼ੀ ਧਰਤੀਆਂ ਬਾਰੇ ਭਰਮ ਭੁਲੇਖੇ ਦੂਰ ਕਰਦੇ ਹੋਏ ਉਹਨਾਂ ਨੂੰ ਮਿਹਨਤੀ ਬਣਨ ਲਈ ਪ੍ਰੇਰਦੇ ਹਨ।ਪੰਜਾਬੀਆਂ ਦੀ ਨਬਜ਼ ਪਛਾਣਦੇ ਅਜਿਹੇ ਗੀਤਾਂ ਦੀ ਅੱਜ ਬਹੁਤ ਜ਼ਰੂਰਤ ਹੈ। ਪ੍ਰਿਥੀਪਾਲ ਸਿੰਘ ਬਟਾਲਾ ਨੇ ਕਿਹਾ ਕਿ ਕਰਮਜੀਤ ਗਰੇਵਾਲ ਦਾ ਇਹ ਗੀਤ ਪੰਜਾਬੀ ਸਾਹਿੱਤਕ ਸੰਗੀਤ ਵਿੱਚ ਨਿਵੇਕਲੀ ਪਛਾਣ ਕਾਇਮ ਕਰੇਗਾ।ਇਹ ਸਮੇਂ ਦੀ ਵੱਡੀ ਲੋੜ ਹੈ। ਜਗਦੀਸ਼ਪਾਲ ਸਿੰਘ ਗਰੇਵਾਲ ਸਰਪੰਚ ਦਾਦ ਨੇ ਕਿਹਾ ਕਿ ਉੱਚ ਸਿੱਖਿਆ ਲਈ ਬਦੇਸ਼ ਜਾਣਾ ਗੁਨਾਹ ਨਹੀਂ ਪਰ ਆਪਣੇ ਮੁਲਕ ਦਾ ਸਰਮਾਇਆ ਹੂੰਝ ਕੇ ਪੱਕੇ ਤੌਰ ਤੇ ਜਾ ਵੱਸਣਾ ਠੀਕ ਵਰਤਾਰਾ ਨਹੀਂ। ਪਰਪਿੰਦਰ ਸਿੰਘ ਜੱਟਪੁਰੀ ਨੇ ਵੀ ਕਰਮਜੀਤ ਗਰੇਵਾਲ ਨੂੰ ਇਸ ਸਿਹਤਮੰਦ ਗੀਤ ਲਈ ਮੁਬਾਰਕਬਾਦ ਦਿੱਤੀ।
ਕੌਮੀ ਪੁਰਸਕਾਰ ਜੇਤੂ ਅਧਿਆਪਕ ਤੇ ਪੰਜਾਬੀ ਸਾਹਿੱਤ ਅਕਾਡਮੀ ਵੱਲੋਂ ਬਾਲ ਸਾਹਿੱਤ ਪੁਰਸਕਾਰ ਵਿਜੇਤਾ ਲੇਖਕ ਤੇ ਗਾਇਕ ਕਰਮਜੀਤ ਗਰੇਵਾਲ ਨੇ ਇਸ ਗੀਤ ਬਾਰੇ ਦੱਸਿਆ ਕਿ ਵਿਦੇਸ਼ ਵਿੱਚ ਜਾਣ ਵਾਲੇ ਮਾਪਿਆਂ ਤੇ ਬੱਚਿਆਂ ਦੀਆਂ ਭਾਵਨਾਵਾਂ ਨੂੰ ਇਸ ਗੀਤ ਵਿੱਚ ਪਰੋਣ ਦਾ ਯਤਨ ਕੀਤਾ ਹੈ। ਵਿਦੇਸ਼ਾਂ ਵਿੱਚ ਸਾਡੇ ਵੀਰਾਂ ਭੈਣਾਂ ਨੂੰ ਸਖਤ ਮਿਹਨਤ ਵਿੱਚੋਂ ਲੰਘ ਕੇ ਹੀ ਵੱਡੀਆਂ ਪ੍ਰਾਪਤੀਆਂ ਹੋਈਆਂ ਹਨ। ਵਿਦੇਸ਼ਾਂ ਵਿੱਚ ਵਿਦਿਆਰਥੀਆਂ ਨੂੰ ਆਉਣ ਵਾਲ਼ੀਆਂ ਮੁਸ਼ਕਲਾਂ ਦਾ ਵੀ ਇਸ ਗੀਤ ਵਿੱਚ ਜ਼ਿਕਰ ਕੀਤਾ ਗਿਆ ਹੈ। ਇਸ ਗੀਤ ਦੇ ਪ੍ਰੇਰਕ ਉੱਘੇ ਸਮਾਜ ਸੇਵੀ ਦਵਿੰਦਰ ਸਿੰਘ ਪੱਪੂ ਜੋਧਾਂ ਬੈਲਜ਼ੀਅਮ ਦਾ ਵੀ ਉਨ੍ਹਾਂ ਵਿਸ਼ੇਸ਼ ਧੰਨਵਾਦ ਕੀਤਾ। ਵਰਨਣਯੋਗ ਗੱਲ ਇਹ ਹੈ ਕਿ ਹੈ ਇਸ ਗੀਤ ਤੋਂ ਪਹਿਲਾਂ ਵੀ ਉਹ ਬੱਚਿਆਂ ਤੇ ਨੌਜਵਾਨਾਂ ਲਈ 350 ਵੀਡੀਓ ਗੀਤ ਲਿਖ ਤੇ ਗਾ ਚੁਕੇ ਹਨ ਜਿਨ੍ਹਾਂ ਵਿੱਚੋਂ ਕਈ ਗੀਤਾਂ ਨੂੰ ਰਾਸ਼ਟਰੀ ਪੱਧਰ ਦੇ ਇਨਾਮ ਵੀ ਮਿਲੇ ਹਨ। ਕਰਮਜੀਤ ਗਰੇਵਾਲ ਦੀਆਂ ਲਿਖੀਆਂ ਬਾਲ ਸਾਹਿਤ ਦੀਆਂ 10 ਪੁਸਤਕਾਂ ਵੀ ਸਨਮਾਨ ਹਾਸਲ ਕਰ ਚੁਕੀਆਂ ਹਨ। ਇਸ ਗੀਤ ਲਈ ਕਰਮਜੀਤ ਗਰੇਵਾਲ ਨੂੰ ਡਾ ਲਖਵਿੰਦਰ ਜੌਹਲ ਪ੍ਰਧਾਨ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ, ਡਾ ਗੁਰਇਕਬਾਲ ਸਿੰਘ ਜਨਰਲ ਸਕੱਤਰ,ਦਰਸ਼ਨ ਬੁੱਟਰ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ,ਉੱਘੇ ਪੰਜਾਬੀ ਕਵੀ ਪ੍ਰੋ ਰਵਿੰਦਰ ਭੱਠਲ,ਤ੍ਰੈਲੋਚਨ ਲੋਚੀ, ਸੁਸ਼ੀਲ ਦੋਸਾਂਝ, ਮਨਜਿੰਦਰ ਧਨੋਆ,ਲੋਕ ਗਾਇਕ ਪਾਲੀ ਦੇਤਵਾਲੀਆ ਤੋਂ ਇਲਾਵਾ ਹਰਨੇਕ ਗੁੱਜਰਵਾਲ, ਵਿਵੇਕ ਮੋਂਗਾ, ਪ੍ਰਿੰਸੀਪਲ ਬਲਵੰਤ ਸਿੰਘ ਸੰਧੂ, ਸਖ਼ਸ਼ੀਅਤਾਂ ਨੇ ਵੀ ਕਰਮਜੀਤ ਸਿੰਘ ਗਰੇਵਾਲ ਨੂੰ ਮੁਬਾਰਕਬਾਦ ਦਿੱਤੀ।

LEAVE A REPLY

Please enter your comment!
Please enter your name here