ਕੈਨੇਡਾ ’ਚ ਭਾਰਤੀ ਮੂਲ ਦੇ ਰਹਿਣ ਵਾਲੇ ਹਰਦੀਪ ਸਿੰਘ ਨਿੱਝਰ ਦੀ ਜੂਨ ਮਹੀਨੇ ਵਿਚ ਉਥੇ ਅਣਪਛਾਤੇ ਲੋਕਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਹਰਦੀਪ ਸਿੰਘ ਨਿੱਝਰ ਪੰਜਾਬ ਦੇ ਜਿਲਾ ਜਲੰਧਰ ਦੇ ਫਿਲੌਰ ਬਲਕੇ ਦੇ ਪਿੰਡ ਭਾਰਸਿੰਘ ਪੁਰਾ ਦਾ ਰਹਿਣ ਵਾਲਾ ਹੈ ਅਤੇ ਉਸਨੂੰ ਖਾਲਿਸਤਾਨ ਟਾਇਗਰ ਫੋਰਸ ਦਾ ਮੁਖੀ ਕਿਹਾ ਜਾਂਦਾ ਹੈ। ਉਸ ’ਤੇ ਪੰਜਾਬ ’ਚ ਕਈ ਮਾਮਲੇ ਦਰਜ ਹਨ ਅਤੇ ਉਸ ’ਨੂੰ ਪਕੜਾਉਣ ਵਾਲੇ ਲਈ ਸਰਕਾਰ ਵਲੋਂ ਦਸ ਲੱਖ ਰੁਪਏ ਦਾ ਇਨਾਮ ਘੋਸ਼ਿਤ ਕੀਤਾ ਹੋਇਆ ਸੀ। ਸਮੇਂ-ਸਮੇਂ ’ਤੇ ਉਸ ’ਤੇ ਭਾਰਤ ’ਚ ਪੰਜਾਬ ’ਚ ਖਾਲਿਸਤਾਨੀ ਗਤੀਵਿਧੀਆਂ ਨੂੰ ਪ੍ਰਫੁੱਲਤ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਲਾਏ ਗਏ ਸਨ। ਕੈਨੇਡਾ ਲੰਬੇ ਸਮੇਂ ਤੋਂ ਗਿਆ ਹੋਣ ਕਾਰਨ ਉਹ ਇਸ ਸਮੇਂ ਕੈਨੇਡਾ ਦਾ ਸਿਟੀਜ਼ਨ ਸੀ। ਹੁਣ ਜਦੋਂ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਤਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਹ ਕਹਿ ਕੇ ਸਨਸਨੀ ਮਚਾ ਦਿੱਤੀ ਹੈ ਕਿ ਨਿੱਝਰ ਦੇ ਕਤਲ ਵਿੱਚ ਭਾਰਤੀ ਏਜੰਸੀਆਂ ਦਾ ਹੱਥ ਹੈ। ਜੇਕਰ ਕਿਸੇ ਦੇਸ਼ ਦੀ ਕੋਈ ਅਜੰਸੀ ਸਾਡੇ ਦੇਸ਼ ਵਿੱਚ ਸਾਡੇ ਕਿਸੇ ਵੀ ਨਾਗਰਿਕ ਦਾ ਕਤਲ ਕਰਵਾ ਦੇਵੇ ਇਹ ਬਰਦਾਸ਼ਤ ਨਹੀਂ ਕਰਾਂਗੇ। ਟਰੂਡੋ ਦਾ ਇਹ ਬਿਆਨ ਸਾਹਮਣੇ ਆਉਂਦੇ ਹੀ ਭਾਰਤ ਵਿੱਚ ਹੰਗਾਮਾ ਹੋ ਗਿਆ ਅਤੇ ਹਰ ਕੋਈ ਆਪਣੇ-ਆਪਣੇ ਤਰੀਕੇ ਨਾਲ ਬਿਆਨਬਾਜੀ ਕਰਨ ਲੱਗਾ। ਭਾਰਤ ਸਰਕਾਰ ਨੇ ਵੀ ਟਰੂਡੋ ਦੇ ਬਿਆਨ ਦੀ ਸਖ਼ਤ ਨਿਖੇਧੀ ਕੀਤੀ ਅਤੇ ਕਿਹਾ ਕਿ ਟਰੂਡੋ ਵਲੋਂ ਲਗਾਏ ਜਾ ਰਹੇ ਦੋਸ਼ ਗੈਰ ਤੱਥਾਂ ਦੇ ਆਧਾਰਿਤ ਹਨ। ਇਸੇ ਦੌਰਾਨ ਕੈਨੇਡਾ ਦੂਤਾਵਾਸ ਨੇ ਅਪਣੇ ਸਥਾਨਕ ਕਰਮਚਾਰਿਆਂ ਨੂੰ ਤੁਰੰਤ ਉਥੋਂ ਵਾਪਿਸ ਆਉਣ ਲਈ ਕਿਹਾ ਤਾਂ ਭਾਰਤ ਵਲੋਂ ਵੀ ਵਿਦੇਸ਼ ਮੰਤਰਾਲੇ ਨੇ ਨਵੀਂ ਦਿੱਲੀ ਵਿਖੇ ਸਥਿਤ ਕੈਨੇਡਾ ਦੇ ਦੂਤਾਵਾਸ ਦੇ ਕੈਮਪੂਵ ਮੈਕਾਏ ਨੂੰ ਸੰਮਨ ਕਰਕੇ ਇਤਰਾਜ ਜਾਹਿਰ ਕੀਤਾ ਅਤੇ ਕਨੇਡਾ ਦੇ ਸੀਮੀਅਰ ਰਾਜਨੀਤਿਕ ਓਲੀਵਿਅਰ ਨੂੰ ਬਰਖਾਸਤ ਕਰ ਦਿਤਾ। ਕੈਨੇਡਾ ਸਰਕਾਰ ਭੇਜੇ ਜਾਣ ਵਾਲੇ ਉਥੇ ਦੇ ਇਕ ਮੰਤਰੀ ਦੀ ਭਾਰਤ ਫੇਰੀ ਵੀ ਰੱਦ ਕਰ ਦਿੱਤੀ ਗਈ। ਇਨ੍ਹਾਂ ਸਾਰੀਆਂ ਸਰਗਰਮੀਆਂ ਦਰਮਿਆਨ ਦੋਵਾਂ ਮੁਲਕਾਂ ਵਿਚਾਲੇ ਵਧਦਾ ਤਣਾਅ ਖਾਸ ਕਰਕੇ ਪੰਜਾਬ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਪੰਜਾਬ ਤੋਂ ਹਰ ਸਾਲ ਲੱਖਾਂ ਦੀ ਗਿਣਤੀ ਵਿੱਚ ਲੋਕ ਕੈਨੇਡਾ ਜਾ ਰਹੇ ਹਨ ਅਤੇ ਉੱਥੇ ਰਹਿੰਦੇ ਹਨ। ਲੰਮੇ ਸਮੇਂ ਤੋਂ ਕੈਨੇਡਾ ਵਿਚ ਪੰਜਾਬੀ ਹੋਣ ਕਾਰਨ ਪੰਜਾਬ ਦੇ ਮੂਲ ਨਿਵਾਸੀ ਫਥੋਂ ਦੀ ਸਿਆਸਤ ਵਿਚ ਅਤੇ ਸਰਕਾਰ ਵਿਚ ਜਿਥੇ ਅਹਿਮ ਸਥਾਨ ਰੱਖਦੇ ਹਨ ਉਥੇ ਕਈ ਅਹਿਮ ਅਹੁਦਿਆਂ ’ਤੇ ਵੀ ਕਾਬਜ਼ ਹਨ। ਇਸ ਤੋਂ ਇਲਾਵਾ ਹਰ ਸਾਲ ਵਿਦਿਆਰਥੀਆਂ ਦੀ ਪੜ੍ਹਾਈ ਲਈ ਜਾਣ ਦਾ ਰੁਝਾਨ ਅਜੇ ਵੀ ਜਾਰੀ ਹੈ।.ਇਹ ਪੰਜਾਬ ਲਈ ਚਿੰਤਾ ਦਾ ਵਿਸ਼ਾ ਹੈ। ਕਿਹਾ ਜਾ ਰਿਹਾ ਹੈ ਕਿ ਜੇਕਰ ਦੋਨਾਂ ਦੇਸ਼ਾਂ ਵਿੱਚ ਤਣਾਓ ਹੋਰ ਵਧਦਾ ਹੈ ਤਾਂ ਇਹ ਉਹਨਾਂ ਬੱਚਿਆਂ ਲਈ ਵੱਡੀ ਸਮੱਸਿਆ ਬਣ ਸਕਦੀ ਹੈ ਜੋ ਉਹਨਾਂ ਨੇ ਜਿੱਥੋਂ ਜਾ ਰਹੇ ਹਨ ਅਤੇ ਉਹਨਾਂ ਲੋਕਾਂ ਲਈ ਜਿਹਨਾਂ ਨੇ ਆਪਣੇ ਆਪ ਨੂੰ ਉਥੇ ਸਖਥ ਮਿਹਨਤ ਕਰਕੇ ਸਥਾਪਿਤ ਕੀਤਾ ਹੈ। ਕੈਨੇਡਾ ਸਰਕਾਰ ਭਾਰਤ ਤੋਂ ਜਾਣ ਵਾਲੇ ਲੋਕਾਂ ਲਈ ਅਤੇ ਉਥੇ ਪੜ੍ਹ ਰਹੇ ਜਾਂ ਕਾਰੋਬਾਰ ਕਰ ਰਹੇ ਲੋਕਾਂ ਲਈ ਨਿਯਮਾਂ ਵਿਚ ਤਬਦੀਲੀ ਕਰ ਸਕਦੀ ਹੈ। ਉਥੇ ਨਾਗਰਿਕਤਾ ਦੇਣ ਲਈ ਨਿਯਮ ਹੋਰ ਸਖਤ ਕਰ ਸਕਦੀ ਹੈ। ਇਸ ਲਈ ਪੰਜਾਬ ਦੀ ਚਿੰਤਾ ਕਰਨੀ ਜਾਇਜ ਹੈ। ਇਸ ਤੋਂ ਪਹਿਲਾਂ ਦੇ ਦੌਰ ਵਿੱਚ ਜਸਟਿਨ ਟਰੂਡੋ ਪੰਜਾਬੀਆਂ ਦੀ ਬਦੌਲਤ ਉੱਥੇ ਸੱਤਾ ਵਿੱਚ ਆਏ ਸਨ। ਉਨ੍ਹਾਂ ਵਲੋਂ ਸੱਤਾ ਸੰਭਾਲਦਿਆਂ ਹੀ ਕੈਨੇਡਾ ਸਰਕਾਰ ਨੇ ਵਿਦਿਆਰਥੀਆਂ ਨੂੰ ਵਿਸ਼ੇਸ਼ ਰਿਆਇਤਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਉਨ੍ਹਾਂ ਨੂੰ ਖੁੱਲ੍ਹੇ ਦਿਲ ਨਾਲ ਪੀਆਰ ਵੀ ਦਿੱਤੀ। ਜਿਸ ਕਾਰਨ ਜਸਟਿਨ ਟਰੂਡੋ ਪੰਜਾਬੀਆਂ ਦੀ ਪਹਿਲੀ ਪਸੰਦ ਹੈ। ਕੈਨੇਡਾ ਵਿੱਚ ਸਮੇਂ-ਸਮੇਂ ’ਤੇ ਖਾਲਿਸਤਾਨ ਸਮਰਥਕਾਂ ਵਲੋਂ ਉਥੇ ਪ੍ਰੋਗ੍ਰਾਮ ਕੀਤੇ ਜਾਂਦੇ ਹਨ। ਗਰਮ ਤਕਰੀਰਾਂ ਅਕਸਰ ਚਰਚਾ ਗਾ ਵਿਸ਼ਾ ਬਣਦੀਆਂ ਹਨ। ਇੱਥੋਂ ਤੱਕ ਕਿ ਉਥੇ ਖਾਲਿਸਤਾਨ ਲਈ ਰਿਫਰੈਂਡਮ ਵੀ ਕਰਵਾਏ ਗਏ ਅਤੇ ਕੈਨੇਡਾ ਵਿੱਚ ਬਹੁਤ ਸਾਰੇ ਭਾਰਤ ਦੇ ਮੋਸਟ ਵਾਂਟੇਡ ਵਿਅਕਤੀ ਬੈਠੇ ਹੋਏ ਹਨ। ਜਿਨ੍ਹਾਂ ਨੂੰ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਭਾਰਤ ਵਾਪਸ ਲਿਆਉਣਾ ਚਾਹੁੰਦੀ ਹੈ ਪਰ ਕਾਨੂੰਨੀ ਪੇਚੀਦਗੀਆਂ ਕਾਰਨ ਉਨ੍ਹਾਂ ਨੂੰ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ। ਕੈਨੇਡਾ ਵਿੱਚ ਖਾਲਿਸਤਾਨੀ ਪੱਖੀਆਂ ਵਲੋਂ ਭਾਰਤ ਵਿਰੋਧੀ ਗਤੀਵਿਧੀਆਂ ਕਰਨ ਦੇ ਦੋਸ਼ ਲਗਾ ਕੇ ਉਥੇ ਭਾਰਤ ਵਿਰੋਧੀ ਗਤੀਵਿਧੀਆਂ ਰੋਕਣ ਲਈ ਕੈਨੇਡਾ ਸਰਕਾਰ ਕੋਲ ਆਪਣਾ ਇਤਰਾਜ਼ ਜ਼ਾਹਰ ਕੀਤਾ ਹੈ ਪਰ ਉਥੋਂ ਦੀ ਸਰਕਾਰ ਨੇ ਇਸ ਮਾਮਲੇ ਵਿਚ ਭਾਰਤ ਸਰਕਾਰ ਨੂੰ ਨਹੀਂ ਕੋਈ ਬਹੁਤਾ ਹੁੰਗਾਰਾ ਨਹੀਂ ਦਿਤਾ। ਉਥੇ ਖਾਲਿਸਤਾਨੀ ਸਰਗਰਮੀਆਂ ਲਗਾਤਾਰ ਜਾਰੀ ਹਨ। ਹੁਣ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਕੈਨੇਡਾ ਵਿੱਚ ਹੋਏ ਕਤਲ ਲਈ ਸਰਕਾਰ ਸਿੱਧੇ ਤੌਰ ‘ਤੇ ਭਾਰਤ ਸਰਕਾਰ ਅਤੇ ਉਨ੍ਹਾਂ ਦੀਆਂ ਏਜੰਸੀਆਂ ਦਾ ਹੱਥ ਕਹਿ ਰਹੀ ਹੈ। ਜਿਸ ਕਾਰਨ ਦੋਵੇਂ ਦੇਸ਼ ਇੱਕ ਦੂਜੇ ਦੇ ਆਹਮੋ-ਸਾਹਮਣੇ ਖੜ੍ਹੇ ਹਨ। ਜੇਕਰ ਇਸ ਮਾਮਲੇ ਵਿਚ ਜਲਦੀ ਹੀ ਦੋਵਾਂ ਦੇਸ਼ਾਂ ਵਿਚਕਾਰ ਕੋਈ ਸਹਿਮਤੀ ਨਹੀਂ ਬਣ ਸਕੀ ਤਾਂ ਮਾਮਲਾ ਗੰਭੀਰ ਸਥਿਤੀ ਵੱਲ ਨੂੰ ਵਧ ਸਕਦਾ ਹੈ। ਇਸ ਮਾਮਲੇ ਨੂੰ ਲੈ ਕੇ ਦੋਵਾਂ ਪਾਸਿਆਂ ਤੋਂ ਕੂਟਨੀਤਕ ਰਾਜਨੀਤੀ ਸ਼ੁਰੂ ਹੋ ਜਾਵੇਗੀ। ਜਿਸ ਦਾ ਸੰਕੇਤ ਕੈਨੇਡਾ ਵਲੋਂ ਅਮਰੀਕਾ, ਆਸਟ੍ਰੇਲੀਆ, ਫਰਾਂਸ ਅਤੇ ਹੋਰ ਸਹਿਯੋਗੀ ਦੇਸ਼ਾਂ ਦੀਆਂ ਸਰਕਾਰਾਂ ਪਾਸ ਇਸ ਮਾਮਲੇ ਨੂੰ ਉਠਾ ਕੇ ਦੇ ਦਿਤਾ ਹੈ।ਜਿਸ ਕਾਰਨ ਇਹ ਮਾਮਲਾ ਕਾਫੀ ਗੰਭੀਰ ਮੰਨਿਆ ਜਾ ਰਿਹਾ ਹੈ। ਜਿੱਥੇ ਇਹ ਸਾਡੇ ਲਈ ਅੰਤਰਰਾਸ਼ਟਰੀ ਪੱਧਰ ’ਤੇ ਨਮੋਸ਼ੀ ਦਾ ਵਿਸ਼ਾ ਹੈ, ਉਥੇ ਹੀ ਪੰਜਾਬ ਦੀਆਂ ਧਾਰਮਿਕ ਜਥੇਬੰਦੀਆਂ ਅਤੇ ਹੋਰ ਕਈ ਸਿਆਸੀ ਪਾਰਟੀਆਂ ਇਸ ਮਾਮਲੇ ਨੂੰ ਲੈ ਕੇ ਹਰਕਤ ਵਿਚ ਆ ਗਈਆਂ ਹਨ ਅਤੇ ਉਹ ਵੀ ਨਿੱਝਰ ਦੇ ਕਤਲ ਦੇ ਮਾਮਲੇ ਨੂੰ ਸੰਗੀਨ ਮਾਮਲਾ ਦੱਸ ਕੇ ਇਸ ਦੀ ਅਸਲੀਅਤ ਸਾਹਮਣੇ ਲਿਆਉਣ ਦੀ ਮੰਗ ਕਰਨ ਲੱਗੀਆਂ ਹਨ। ਹੁਣ ਦੇਖਣਾ ਇਹ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਮਾਮਲਾ ਹੋਰ ਅੱਗੇ ਵਧਦਾ ਹੈ ਜਾਂ ਖਤਮ ਹੁੰਦਾ ਹੈ। ਜੇਕਰ ਇਹ ਮਾਮਲਾ ਇੱਥੇ ਹੀ ਨਿਪਟਾ ਲਿਆ ਜਾਵੇ ਤਾਂ ਪਰ ਇਹ ਪੰਜਾਬ ਦੇ ਹਿੱਤ ਵਿੱਚ ਹੈ ।
ਹਰਵਿੰਦਰ ਸਿੰਘ ਸੱਗੂ।