ਜਗਰਾਉਂ, 20 ਸਤੰਬਰ (ਪ੍ਰਤਾਪ ਸਿੰਘ):- ਹਰ ਸਾਲ ਦੀ ਤਰ੍ਹਾਂ ਐਤਕੀ ਵੀ ਮਨੁੱਖਤਾ ਦੇ ਰਹਿਬਰ ,ਸਿੱਖਾਂ ਦੇ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੀ ਖੁਸ਼ੀ ਵਿੱਚ ਸਮਾਗਮ ਹੋ ਰਹੇ ਹਨ। ਜਿਸ ਦੀਆਂ ਤਿਆਰੀਆਂ ਪ੍ਰਬੰਧਕਾਂ ਵੱਲੋਂ ਮੁਕੰਮਲ ਕਰ ਲਈਆਂ ਗਈਆਂ ਹਨ। ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਭਜਨਗੜ ਸਾਹਿਬ ਦੇ ਮੁੱਖ ਸੇਵਾਦਾਰ ਸਰਦਾਰ ਗੁਰਪ੍ਰੀਤ ਸਿੰਘ ਭਜਨਗੜ, ਗੁਰਦੁਆਰਾ ਮੋਰੀ ਗੇਟ ਦੇ ਪ੍ਰਧਾਨ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਗੁਰਦੁਆਰਾ ਗੋਬਿੰਦਪੁਰਾ (ਮਾਈ ਦਾ) ਦੇ ਪ੍ਰਧਾਨ ਪ੍ਰਤਾਪ ਸਿੰਘ ਅਤੇ ਖਾਲਸਾ ਪਰਿਵਾਰ ਦੇ ਮੈਂਬਰ ਰਜਿੰਦਰ ਸਿੰਘ ਨੇ ਦੱਸਿਆ ਕਿ ਬਾਬੇ ਨਾਨਕ ਦੇ ਵਿਆਹ ਪੁਰਬ ਨੂੰ ਸਮਰਪਿਤ 22 ਸਤੰਬਰ ਦਿਨ ਸ਼ੁਕਰਵਾਰ ਨੂੰ (ਬਰਾਤ ਰੂਪੀ) ਸ਼ਾਮ ਫੇਰੀ ਗੁਰਦੁਆਰਾ ਗੁਰੂ ਨਾਨਕਪੂਰਾ ਮੋਰੀ ਗੇਟ ਤੋਂ ਅਰੰਭ ਹੋਵੇਗੀ । ਸੰਗਤਾਂ ਵਿਆਹ ਦੀ ਖੁਸ਼ੀ ਵਾਲੇ ਸ਼ਬਦ ਗਾਇਨ ਕਰਦੀਆਂ ਗੁਰਦੁਆਰਾ ਭਜਨਗੜ ਸਾਹਿਬ ਵਿਖੇ ਪਹੁੰਚਣਗੀਆਂ ਜਿੱਥੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਖਾਲਸਾ ਪਰਿਵਾਰ ਵੱਲੋਂ (ਬਰਾਤ ਰੂਪੀ ) ਨਗਰ ਕੀਰਤਨ ਵਿੱਚ ਸ਼ਾਮਿਲ ਸੰਗਤਾਂ ਦਾ ਫੁੱਲਾਂ ਦੀ ਵਰਖਾ ਨਾਲ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ ਉਪਰੰਤ ਸੰਗਤਾਂ ਨੂੰ ਮਿਸ਼ਠਾਨ ਪਦਾਰਥਾਂ ਦਾ ਲੰਗਰ ਛਕਾਇਆ ਜਾਵੇਗਾ। ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਚਲ ਰਹੇ ਕੀਰਤਨ ਸਮਾਗਮ ਵਿੱਚ ਪ੍ਰਸਿੱਧ ਰਾਗੀ ਭਾਈ ਗੁਰਚਰਨ ਸਿੰਘ ਰਸੀਆ (ਲੁਧਿਆਣੇ ਵਾਲੇ) ਸੰਗਤਾਂ ਨੂੰ ਰਸ ਭਿੰਨਾ ਕੀਰਤਨ ਸਰਵਣ ਕਰਾਉਣਗੇ। ਠੀਕ 09:00 ਵਜੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ । ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸਮਾਗਮ ਵਿੱਚ ਸ਼ਾਮਿਲ ਹੋ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ।