24 ਸਿਤੰਬਰ ਨੂੰ ਨਸ਼ਿਆਂ ਖਿਲਾਫ ਵਿਸ਼ਾਲ ਕਨਵੈਨਸ਼ਨ
ਜਗਰਾਓਂ, 3 ਸਿਤੰਬਰ ( ਰਾਜੇਸ਼ ਜੈਨ, ਭਗਵਾਨ ਭੰਗੂ)-ਸਥਾਨਕ ਸ਼ਹੀਦ ਨਛੱਤਰ ਸਿੰਘ ਯਾਦਗਾਰ ਹਾਲ ਜਗਰਾਂਓ ਵਿਖੇ ਡੇਢ ਦਰਜਨ ਦੇ ਕਰੀਬ ਜਨਤਕ ਜਮਹੂਰੀ ਜਥੇਬੰਦੀਆਂ ਦੀ ਮੀਟਿੰਗ ਹੋਈ। ਜਮਹੂਰੀ ਕਿਸਾਨ ਸਭਾ ਦੇ ਆਗੂ ਗੁਰਮੇਲ ਸਿੰਘ ਰੂਮੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਲੰਮੇ ਵਿਚਾਰ ਵਟਾਂਦਰੇ ਉਪਰੰਤ ਸਪਸ਼ਟ ਕੀਤਾ ਗਿਆ ਕਿ ਪਿਛਲੇ ਸਮੇਂ ਚ ਕਿਸੇ ਵੀ ਹਕੂਮਤ ਨੇ ਨਸ਼ਿਆਂ ਦੇ ਮਾਰੂ ਹੱਲੇ ਨੂੰ ਰੋਕਣਾ ਨਹੀਂ ਚਾਹਿਆ। ਅਸਲ ਚ ਲੋਕ ਉਮੰਗਾਂ ਨੂੰ ਮਿੱਟੀ ਚ ਰੋਲ ਕੇ ਲੁਟੇਰਾ ਤੇ ਜਾਬਰ ਰਾਜ ਕਾਇਮ ਰੱਖਣਾ ਹਰ ਰੰਗ ਦੀ ਸਰਕਾਰ ਦੀ ਲੋੜ ਰਹੀ ਹੈ। ਪੂੰਜੀ ਦੇ ਰਾਜ ਚ ਜਵਾਨੀ ਨੂੰ ਨਸ਼ਿਆਂ ਦੀ ਚਾਟ ਤੇ ਲਾ ਕੇ ਉਨਾਂ ਦਾ ਬਾਗੀ ਕਣ ਮਾਰਨ ਲਈ ਇਕ ਸਾਜਿਸ਼ ਤਹਿਤ ਜਵਾਨੀ ਨੂੰ ਨਸ਼ਿਆਂ ਦੀ ਦਲਦਲ ਚ ਸੁੱਟਿਆ ਜਾ ਰਿਹਾ ਹੈ।ਇਸ ਅਤਿਅੰਤ ਨਾਜੁਕ ਹਾਲਤ ਲਈ ਸਰਕਾਰ,ਨਸ਼ਾ ਤਸਕਰ ਤੇ ਪੁਲਸ ਦਾ ਗੱਠਜੋੜ ਇਸ ਹਮਲੇ ਲਈ ਜਿੰਮੇਵਾਰ ਹੈ। ਨਸ਼ਾ ਤਸਕਰਾਂ ਅਤੇ ਪੁਲਸ ਦੀ ਭਾਈਵਾਲੀ ਕਰੋੜਾਂ ਰੁਪਏ ਦੇ ਮੁਨਾਫੇ ਦੇ ਇਸ ਧੰਦੇ ਚ ਸਿਆਸੀ ਆਕਾਵਾਂ ਦੀ ਸਰਪ੍ਰਸਤੀ ਹੇਠ ਨੰਗੇ ਚਿੱਟੇ ਰੂਪ ਚ ਸ਼ਾਮਲ ਹੈ। ਸ਼ਾਮਿਲ ਨੁਮਾਇੰਦਿਆ ਨੇ ਮੈਡੀਕਲ ਸਟੋਰਾਂ ਤੇ ਵਿਕਦੀਆਂ ਨਸ਼ਿਆਂ ਦੀਆਂ ਗੋਲੀਆਂ ਤੇ ਪਾਬੰਦੀ ਲਗਾਉਣ ਦੀ ਪ੍ਰਸਾਸ਼ਨ ਤੋਂ ਜੋਰਦਾਰ ਮੰਗ ਕੀਤੀ ਹੈ। ਮੀਟਿੰਗ ਨੇ ਹਰ ਤਰਾਂ ਦੇ ਨਸ਼ਿਆਂ ਵਿਸ਼ੇਸ਼ਕਰ ਚਿੱਟੇ ਖਿਲਾਫ ਪਿੰਡਾਂ ਚ ਜੋਰਦਾਰ ਪ੍ਰਚਾਰ ਅਤੇ ਵਿਰੋਧ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ। ਇਸ ਸਬੰਧੀ ਅਗਲੀ ਰਣਨੀਤੀ ਉਲੀਕਣ ਅਤੇ ਇਸ ਗੰਭੀਰ ਮੁੱਦੇ ਤੇ ਮਾਹਿਰ ਵਿਦਵਾਨਾਂ ਦੇ ਵਿਚਾਰ ਸੁਨਣ ਲਈ 24 ਸਤੰਬਰ ਨੂੰ ਟਰੱਕ ਯੂਨੀਅਨ ਕੰਪਲੈਕਸ ਜਗਰਾਂਓ ਵਿਖੇ ਵਿਸ਼ਾਲ ਕਨਵੈਨਸ਼ਨ ਰਖੀ ਗਈ ਹੈ। ਉਨਾਂ ਸਮੂਹ ਸਰਪੰਚ ਸਹਿਬਾਨ, ਪੰਚਾਇਤ ਮੈਂਬਰਾਨ, ਕੌਂਸਲਰ ਸਹਿਬਾਨ, ਸਮਾਜਸੇਵੀ ਜਥੇਬੰਦੀਆਂ , ਕਲੱਬਾਂ, ਟਰੇਡ ਤੇ ਧਾਰਮਿਕ ਜਥੇਬੰਦੀਆਂ ਨੂੰ ਇਸ ਕਨਵੈਨਸ਼ਨ ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਇਸ ਸਮੇਂ ਪੰਜਾਬ ਲੋਕ ਸਭਿਆਚਾਰਕ ਮੰਚ ਵਲੋਂ ਕੰਵਲਜੀਤ ਖੰਨਾ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਇੰਦਰਜੀਤ ਸਿੰਘ ਧਾਲੀਵਾਲ, ਜਮਹੂਰੀ ਕਿਸਾਨ ਸਭਾ ਵਲੋਂ ਗੁਰਮੇਲ ਸਿੰਘ ਰੂਮੀ,ਕੁਲ ਹਿੰਦ ਕਿਸਾਨ ਸਭਾ ਵਲੋਂ ਭਰਪੂਰ ਸਿੰਘ ਸੱਵਦੀ ,ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵਲੋਂ ਗੁਰਪ੍ਰੀਤ ਸਿੰਘ ਸਿਧਵਾਂਬੇਟ, ਕੈਪਟਨ ਸੁਖਚੈਨ ਸਿੰਘ ਜਨੇਤਪੁਰਾ,ਭਾਰਤੀ ਕਿਸਾਨ ਯੂਨੀਅਨ ਦੋਆਬਾ ਵਲੋਂ ਜਸਪ੍ਰੀਤ ਸਿੰਘ ਜੱਸੀ ਢੱਟ, ਦਸਮੇਸ਼ ਕਿਸਾਨ ਮਜਦੂਰ ਯੂਨੀਅਨ ਵਲੋਂ ਜਗਤਾਰ ਸਿੰਘ ਤਲਵੰਡੀ , ਕਿਰਤੀ ਕਿਸਾਨ ਯੂਨੀਅਨ ਪੰਜਾਬ ਵਲੋਂ ਕਰਮਜੀਤ ਸਿੰਘ ਕਾਉਂਕੇ, ਟਰੱਕ ਯੂਨੀਅਨ ਵਲੋਂ ਪਿਰਥੀ ਸਿੰਘ, ਮਨਜੀਤ ਸਿੰਘ, ਜਗਮੋਹਨ ਸਿੰਘ, ਫੂਡ ਐਂਡ ਐਵਾਰਡ ਵਰਕਰਜ ਯੂਨੀਅਨ ਵਲੋਂ ਅਵਤਾਰ ਸਿੰਘ ਬਿੱਲਾ, ਗੱਲਾ ਮਜਦੂਰ ਯੂਨੀਅਨ ਵਲੋਂ ਰਾਜਪਾਲ ਬਾਬਾ, ਐਕਸ ਸਰਵਿਸ ਮੈਨ ਐਸੋਸੀਏਸ਼ਨ ਵਲੋਂ ਜਗਜੀਤ ਸਿੰਘ, ਰਜਿੰਦਰ ਗਿੱਲ, ਕੁਲਵੰਤ ਸਿੰਘ ਸਹੋਤਾ ,ਪੈਨਸ਼ਨਰਜ ਐਸੋਸੀਏਸ਼ਨ ਵਲੋਂ ਜਗਦੀਸ਼ ਸਿੰਘ ਕਾਉਂਕੇ ਆਦਿ ਹਾਜਰ ਸਨ। ਮਜਦੂਰ ਆਗੂਆਂ ਸੁਖਦੇਵ ਸਿੰਘ ਭੂੰਦੜੀ, ਮਦਨ ਸਿੰਘ, ਅਵਤਾਰ ਸਿੰਘ ਰਸੂਲਪੁਰ, ਕਿਸਾਨ ਆਗੂ ਬੂਟਾ ਸਿੰਘ ਚਕਰ, ਏਟਕ ਆਗੂ ਚਰਨਜੀਤ ਸਿੰਘ ਨੇ ਫੋਨ ਰਾਹੀਂ ਸਹਿਮਤੀ ਦਿੱਤੀ।