Home Political 3 ਸਾਲਾਂ ਬਾਅਦ ਲੁਧਿਆਣਾ ਮੁੜ ਹੋਵੇਗਾ ਹਵਾਈ ਨਕਸ਼ੇ ‘ਤੇ

3 ਸਾਲਾਂ ਬਾਅਦ ਲੁਧਿਆਣਾ ਮੁੜ ਹੋਵੇਗਾ ਹਵਾਈ ਨਕਸ਼ੇ ‘ਤੇ

30
0

ਅਰੋੜਾ ਕੇਂਦਰੀ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਜਨਰਲ ਵੀ ਕੇ ਸਿੰਘ (ਸੇਵਾਮੁਕਤ) ਦੇ ਨਾਲ ਹੋਣਗੇ ਉਦਘਾਟਨੀ ਉਡਾਣ ਦਾ ਹਿੱਸਾ

ਲੁਧਿਆਣਾ, 3 ਸਤੰਬਰ ( ਲਿਕੇਸ਼ ਸ਼ਰਮਾਂ, ਰਾਜਨ ਜੈਨ)-ਆਖਰਕਾਰ, ਲੁਧਿਆਣਾ ਤੋਂ ਸੰਸਦ (ਰਾਜ ਸਭਾ) ਸੰਜੀਵ ਅਰੋੜਾ ਵੱਲੋਂ ਕੀਤੇ ਗਏ ਸੁਹਿਰਦ ਯਤਨਾਂ ਦੇ ਸਕਾਰਾਤਮਕ ਨਤੀਜੇ ਸਾਹਮਣੇ ਆਏ ਹਨ ਅਤੇ ਉਡਾਨ ਸਕੀਮ ਤਹਿਤ ਲੁਧਿਆਣਾ ਦੇ ਸਾਹਨੇਵਾਲ ਹਵਾਈ ਅੱਡੇ ਲਈ ਉਡਾਣਾਂ ਮੁੜ ਸ਼ੁਰੂ ਹੋਣ ਵਾਲੀਆਂ ਹਨ।
ਅਰੋੜਾ ਦੇ ਅਨੁਸਾਰ, ਸ਼ੁਰੂਆਤੀ ਉਡਾਣ 6 ਸਤੰਬਰ ਨੂੰ ਸਵੇਰੇ 9:25 ‘ਤੇ ਹਿੰਡਨ ਘਰੇਲੂ ਹਵਾਈ ਅੱਡੇ ਤੋਂ ਉਡਾਣ ਭਰੇਗੀ ਅਤੇ ਸਵੇਰੇ 10:50 ‘ਤੇ ਸਾਹਨੇਵਾਲ ਘਰੇਲੂ ਹਵਾਈ ਅੱਡੇ ‘ਤੇ ਪਹੁੰਚੇਗੀ। ਵਾਪਸੀ ਦੀ ਉਡਾਣ ਸਾਹਨੇਵਾਲ ਤੋਂ ਸਵੇਰੇ 11:10 ‘ਤੇ ਰਵਾਨਾ ਹੋਵੇਗੀ ਅਤੇ 12:25 ‘ਤੇ ਹਿੰਡਨ ਪਹੁੰਚੇਗੀ। ਇਸ ਫਲਾਈਟ ਦਾ ਇਕ ਪਾਸੇ ਦਾ ਕਿਰਾਇਆ 3,148 ਰੁਪਏ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਦਿੱਲੀ-ਲੁਧਿਆਣਾ ਫਲਾਈਟ ਲਈ ਵਾਜਬ ਕਿਰਾਇਆ ਹੈ।
ਅਰੋੜਾ ਸ਼ੁਰੂਆਤੀ ਫਲਾਈਟ ‘ਚ ਹਿੰਡਨ ਤੋਂ ਲੁਧਿਆਣਾ ਲਈ ਰਵਾਨਾ ਹੋਣਗੇ। ਦਰਅਸਲ, ਹਿੰਡਨ ਤੋਂ ਸਾਹਨੇਵਾਲ ਤੱਕ ਦੀ ਸ਼ੁਰੂਆਤੀ ਉਡਾਣ ਵਿੱਚ ਕੇਂਦਰੀ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਜਨਰਲ ਵੀ ਕੇ ਸਿੰਘ (ਸੇਵਾਮੁਕਤ) ਮੁੱਖ ਮਹਿਮਾਨ ਹੋਣਗੇ ਅਤੇ ਅਰੋੜਾ ਵਿਸ਼ੇਸ਼ ਮਹਿਮਾਨ ਹੋਣਗੇ। ਇਸ ਪ੍ਰਾਪਤੀ ‘ਤੇ ਅਰੋੜਾ ਨੇ ਕਿਹਾ, “ਇਹ ਲੁਧਿਆਣਾ ਅਤੇ ਪੂਰੇ ਪੰਜਾਬ ਲਈ ਇੱਕ ਵੱਡੀ ਪ੍ਰਾਪਤੀ ਹੈ ਕਿਉਂਕਿ ਮੈਂ ਉਡਾਣਾਂ ਨੂੰ ਮੁੜ ਸ਼ੁਰੂ ਕਰਨ ਲਈ ਸੰਘਰਸ਼ ਕਰ ਰਿਹਾ ਹਾਂ।” ਉਨ੍ਹਾਂ ਕਿਹਾ ਕਿ ਸ਼ੁਰੂਆਤੀ ਉਡਾਣ ‘ਤੇ ਜਾਣਾ ਉਨ੍ਹਾਂ ਲਈ ਬਹੁਤ ਮਹੱਤਵਪੂਰਨ ਪਲ ਹੋਵੇਗਾ।ਇਹ 1 ਸਤੰਬਰ, 2017 ਦੀ ਗੱਲ ਹੈ ਜਦੋਂ ਲੁਧਿਆਣਾ-ਦਿੱਲੀ-ਲੁਧਿਆਣਾ ਉਡਾਣ ਬੋਲੀ ਦੇ ਪਹਿਲੇ ਦੌਰ ਵਿੱਚ ਅਲਾਇੰਸ ਏਅਰ ਨੂੰ ਦਿੱਤੀ ਗਈ ਸੀ। ਹਾਲਾਂਕਿ, ਤਿੰਨ ਸਾਲ ਦਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ, 31 ਅਗਸਤ, 2020 ਨੂੰ ਉਡਾਣ ਬੰਦ ਕਰ ਦਿੱਤੀ ਗਈ ਸੀ। ਉਦੋਂ ਤੋਂ ਲੁਧਿਆਣਾ ਤੋਂ ਕੋਈ ਘਰੇਲੂ ਉਡਾਣ ਨਹੀਂ ਚੱਲੀ ਸੀ, ਜਿਸ ਤੋਂ ਬਾਅਦ ਅਰੋੜਾ ਇਸ ਉਡਾਣ ਨੂੰ ਮੁੜ ਸ਼ੁਰੂ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਸਨ। ਉਨ੍ਹਾਂ ਇਹ ਮਾਮਲਾ ਕਈ ਫੋਰਮਾਂ ‘ਤੇ ਉਠਾਇਆ ਸੀ।ਇਸ ਸਾਲ 16 ਅਗਸਤ ਨੂੰ ਅਰੋੜਾ ਨੇ ਉਡਾਨ ਸਕੀਮ ਤਹਿਤ ਸਾਹਨੇਵਾਲ ਹਵਾਈ ਅੱਡੇ ਲਈ ਉਡਾਣਾਂ ਮੁੜ ਸ਼ੁਰੂ ਕਰਨ ਬਾਰੇ ਰਾਜੀਵ ਬਾਂਸਲ, ਸਕੱਤਰ, ਐਮਓਸੀਏ ਨੂੰ ਪੱਤਰ ਲਿਖਿਆ ਸੀ। ਉਨ੍ਹਾਂ ਲਿਖਿਆ ਕਿ ਪੰਜਾਬ ਤੋਂ ਸੰਸਦ ਮੈਂਬਰ ਹੋਣ ਦੇ ਨਾਤੇ ਅਤੇ ਲੁਧਿਆਣਾ ਨਾਲ ਸਬੰਧਤ ਹੋਣ ਕਾਰਨ ਉਹ ਸਾਹਨੇਵਾਲ ਹਵਾਈ ਅੱਡੇ ਤੋਂ ਉਡਾਣਾਂ ਮੁੜ ਸ਼ੁਰੂ ਹੋਣ ਵਿੱਚ ਹੋ ਰਹੀ ਦੇਰੀ ਬਾਰੇ ਆਪਣੀ ਡੂੰਘੀ ਚਿੰਤਾ ਪ੍ਰਗਟ ਕਰਨਾ ਚਾਹੁੰਦੇ ਹਨ। ਮੰਤਰੀ ਨੇ 27 ਜਨਵਰੀ, 2023 ਨੂੰ ਆਪਣੇ ਪੱਤਰ ਰਾਹੀਂ ਉਨ੍ਹਾਂ ਨੂੰ ਸੂਚਿਤ ਕੀਤਾ ਸੀ ਕਿ ਸਮਰ ਸ਼ੈਡਿਊਲ ਵਿਚ ਉਡਾਨ ਸਕੀਮ ਤਹਿਤ ਹਿੰਡਨ ਤੋਂ ਸਾਹਨੇਵਾਲ ਲਈ ਉਡਾਨ ਸ਼ੁਰੂ ਹੋਵੇਗੀ। ਉਦੋਂ ਤੋਂ, ਉਹ ਅਤੇ ਉਨ੍ਹਾਂ ਦਾ ਦਫਤਰ ਬਿਨਾਂ ਕਿਸੇ ਠੋਸ ਪ੍ਰਤੀਕ੍ਰਿਆ ਦੇ ਬਿਗ ਚਾਰਟਰ ਦੇ ਨਾਲ-ਨਾਲ ਮੰਤਰਾਲੇ ਨਾਲ ਸੰਪਰਕ ਕਰ ਰਿਹਾ ਹੈ। ਉਨ੍ਹਾਂ ਅੱਗੇ ਲਿਖਿਆ ਕਿ ਲੁਧਿਆਣਾ ਅਤੇ ਨੇੜਲੇ ਇਲਾਕਿਆਂ ਦੇ ਲੋਕਾਂ ਲਈ ਕੰਨੇਕਟਿਵਿਟੀ ਇਕ ਵੱਡੀ ਸਮਸਿਆ ਹੈ। ਸਾਹਨੇਵਾਲ ਹਵਾਈ ਅੱਡਾ ਇਸ ਖੇਤਰ ਦਾ ਇਕਲੌਤਾ ਹਵਾਈ ਅੱਡਾ ਹੈ ਜੋ ਵਪਾਰਕ ਉਡਾਣਾਂ ਦਾ ਸੰਚਾਲਨ ਕਰ ਸਕਦਾ ਹੈ ਅਤੇ ਇਸ ਦੇ ਬੰਦ ਹੋਣ ਨਾਲ ਯਾਤਰੀਆਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ। ਇਸ ਤਰ੍ਹਾਂ, ਅਰੋੜਾ ਨੇ ਸਾਹਨੇਵਾਲ ਹਵਾਈ ਅੱਡੇ ਲਈ ਉਡਾਣਾਂ ਨੂੰ ਮੁੜ ਸ਼ੁਰੂ ਕਰਨ ਲਈ ਕਦਮ ਚੁੱਕਣ ਲਈ ਸਕੱਤਰ ਦੇ ਦਖਲ ਦੀ ਮੰਗ ਕੀਤੀ ਸੀ।ਨਵੀਨਤਮ ਪ੍ਰਗਤੀ ‘ਤੇ ਖੁਸ਼ੀ ਜ਼ਾਹਰ ਕਰਦਿਆਂ ਅਰੋੜਾ ਨੇ ਕਿਹਾ ਕਿ ਗਰਮੀਆਂ ਦੀ ਸਮਾਂ-ਸਾਰਣੀ ਤਹਿਤ ਉਡਾਣ 4.2 ਬਿਡਿੰਗ ਰਾਊਂਡ ਤਹਿਤ 19-ਸੀਟਰ ਵਾਲੇ ਹਵਾਈ ਜਹਾਜ਼ ਨਾਲ ਬਿਗ ਚਾਰਟਰਜ਼ ਨੂੰ ਰੂਟ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇੱਕ ਪ੍ਰਾਈਵੇਟ ਕੈਰੀਅਰ, ਬਿਗ ਚਾਰਟਰ ਪ੍ਰਾਈਵੇਟ ਲਿਮਟਿਡ ਦਾ ਫਲਾਈ ਬਿੱਗ, ਕੈਨੇਡਾ ਵਿਚ ਬਣੇ 19-ਸੀਟਰ ਡੀਐਚਸੀ-400 ਟਵਿਨ ਇੰਜਣ ਵਾਲੇ ਨਵੇਂ ਜਹਾਜ਼ ਰਾਹੀਂ ਉਡਾਣ ਦਾ ਸੰਚਾਲਨ ਕਰੇਗਾ। ਉਨ੍ਹਾਂ ਕਿਹਾ ਕਿ ਦੁਨੀਆ ਭਰ ਵਿੱਚ ਅਜਿਹੇ 2000 ਦੇ ਕਰੀਬ ਜਹਾਜ਼ ਉਡਾਣ ਭਰ ਰਹੇ ਹਨ। ਅਰੋੜਾ ਨੇ ਸ਼ਹਿਰੀ ਹਵਾਬਾਜ਼ੀ ਮੰਤਰੀ (ਐਮਓਸੀਏ) ਜੋਤੀਰਾਦਿੱਤਿਆ ਐਮ ਸਿੰਧੀਆ, ਐਮਓਸੀਏ ਸਕੱਤਰ ਅਤੇ ਬਿਗ ਚਾਰਟਰ ਪ੍ਰਾਈਵੇਟ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਸੰਜੇ ਮਾਂਡਵੀਆ ਦਾ ਉਡਾਣਾਂ ਮੁੜ ਸ਼ੁਰੂ ਕਰਨ ਦੀ ਬੇਨਤੀ ਨੂੰ ਸਵੀਕਾਰ ਕਰਨ ਲਈ ਧੰਨਵਾਦ ਕੀਤਾ। ਫਲਾਈਟ 1 ਘੰਟਾ 15 ਮਿੰਟ ਲਵੇਗੀ।
ਅਰੋੜਾ ਨੇ ਕਿਹਾ ਕਿ ਇਹ ਉਡਾਣ ਹਫ਼ਤੇ ਵਿੱਚ ਪੰਜ ਦਿਨ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਚੱਲੇਗੀ। ਹਾਲਾਂਕਿ, ਫਲਾਈਟ ਅਕਤੂਬਰ ਦੇ ਅੰਤ ਤੋਂ ਸਾਰੇ ਸੱਤ ਦਿਨਾਂ ‘ਤੇ ਰੋਜ਼ਾਨਾ ਚੱਲੇਗੀ। ਉਨ੍ਹਾਂ ਖੁਲਾਸਾ ਕੀਤਾ ਕਿ 10 ਸਤੰਬਰ 2023 ਤੋਂ ਹਿੰਡਨ ਨੂੰ ਵੀ ਬਠਿੰਡਾ ਨਾਲ ਜੋੜ ਦਿੱਤਾ ਜਾਵੇਗਾ। ਅਰੋੜਾ ਨੇ ਕਿਹਾ, “ਜਿੱਥੋਂ ਤੱਕ ਪੰਜਾਬ ਦੇ ਹਵਾਈ ਸੰਪਰਕ ਦਾ ਸਵਾਲ ਹੈ, ਇਹ ਸਿਰਫ਼ ਸ਼ੁਰੂਆਤ ਹੈ ਕਿਉਂਕਿ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡਾ ਵੀ ਮੁਕੰਮਲ ਹੋਣ ਦੇ ਨੇੜੇ ਹੈ। ਇਸ ਹਵਾਈ ਅੱਡੇ ਦੀ ਉਸਾਰੀ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਕਿਉਂਕਿ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਡ੍ਰੀਮ ਪ੍ਰਾਜੈਕਟ ਹੈ ਅਤੇ ਕੁਝ ਮਹੀਨਿਆਂ ਬਾਅਦ ਇਸ ਹਵਾਈ ਅੱਡੇ ਤੋਂ ਉਡਾਣਾਂ ਵੀ ਸ਼ੁਰੂ ਹੋ ਜਾਣਗੀਆਂ।” ਉਨ੍ਹਾਂ ਕਿਹਾ ਕਿ ਹਲਵਾਰਾ ਹਵਾਈ ਅੱਡਾ ਖੁੱਲ੍ਹਣ ਨਾਲ ਵਪਾਰਕ ਭਾਈਚਾਰੇ ਅਤੇ ਆਮ ਜਨਤਾ ਨੂੰ ਵੱਡੇ ਪੱਧਰ ‘ਤੇ ਲਾਭ ਹੋਵੇਗਾ।

LEAVE A REPLY

Please enter your comment!
Please enter your name here