ਜਗਰਾਉਂ, 3 ਸਿਤੰਬਰ ( ਬੌਬੀ ਸਹਿਜਲ, ਧਰਮਿੰਦਰ )-ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਅਧੀਨ ਪੈਂਦੇ ਵੱਖ-ਵੱਖ ਥਾਣਿਆਂ ਦੀ ਪੁਲਿਸ ਪਾਰਟੀਆਂ ਨੇ ਮਾਂ-ਪੁੱਤ ਸਮੇਤ 4 ਵਿਅਕਤੀਆਂ ਨੂੰ ਗਿਫ਼ਤਾਰ ਕਰਕੇ ਉਨ੍ਹਾਂ ਕੋਲੋਂ 15 ਗ੍ਰਾਮ ਹੈਰੋਇਨ ਅਤੇ 405 ਪਾਬੰਦੀਸ਼ੁਦਾ ਗੋਲੀਆਂ ਬਰਾਮਦ ਕੀਤੀਆਂ ਹਨ। ਸੀ.ਆਈ.ਏ ਸਟਾਫ਼ ਦੇ ਏ.ਐਸ.ਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਏ.ਐਸ.ਆਈ ਬਲਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਰਾਏਕੋਟ ਰੋਡ ’ਤੇ ਪੁਲ ਸੂਆ ਵਿਖੇ ਚੈਕਿੰਗ ਲਈ ਮੌਜੂਦ ਸਨ ਤਾਂ ਉਥੇ ਸੂਚਨਾ ਮਿਲੀ ਕਿ ਪ੍ਰਭਜੋਤ ਸਿੰਘ ਉਰਫ਼ ਜੋਤ ਵਾਸੀ ਪਿੰਡ ਕੋਟਮਾਨ, ਮੌਜੂਦਾ ਨਿਵਾਸੀ ਪਿੰਡ ਅਖਾੜਾ ਹੈ। ਇਹ ਪਿਛਲੇ ਸਮੇਂ ਤੋਂ ਹੈਰੋਇਨ ਵੇਚਣ ਦਾ ਧੰਦਾ ਕਰ ਰਿਹਾ ਹੈ। ਇਸ ਸੂਚਨਾ ’ਤੇ ਨਾਕਾਬੰਦੀ ਦੌਰਾਨ ਸਕੂਟਰੀ ’ਤੇ ਆ ਰਹੇ ਪ੍ਰਭਜੋਤ ਸਿੰਘ ਨੂੰ ਕਾਬੂ ਕਰਕੇ ਉਸ ਕੋਲੋਂ 15 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਥਾਣਾ ਸਦਰ ਰਾਏਕੋਟ ਤੋਂ ਏ.ਐਸ.ਆਈ ਮਨੋਹਰ ਲਾਲ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਚੈਕਿੰਗ ਲਈ ਬੱਸ ਸਟੈਂਡ ਪਿੰਡ ਬਸੀਆਂ ਵਿਖੇ ਮੌਜੂਦ ਸਨ। ਉਥੇ ਸੂਚਨਾ ਮਿਲੀ ਕਿ ਹਰਪ੍ਰੀਤ ਸਿੰਘ ਉਰਫ਼ ਚਿੱਲੂ ਅਤੇ ਉਸਦੀ ਮਾਂ ਸੋਨੀ ਕੌਰ ਵਾਸੀ ਬੁਰਜ ਹਰੀ ਸਿੰਘ ਪਾਬੰਦੀਸ਼ੁਦਾ ਦਵਾਈਆਂ ਵੇਚਣ ਦਾ ਧੰਦਾ ਕਰਦੇ ਹਨ। ਇਹ ਦੋਵੇਂ ਬਿਨਾਂ ਨੰਬਰ ਦੇ ਮੋਟਰਸਾਈਕਲ ਪਿੰਡ ਬੁਰਜ ਹਰੀ ਸਿੰਘ ਤੋਂ ਬੱਸੀਆਂ ਵੱਲ ਨੂੰ ਗਾਹਕਾਂ ਨੂੰ ਨਸ਼ੀਲੀਆਂ ਗੋਲੀਆਂ ਸਪਲਾਈ ਕਰਨ ਲਈ ਆ ਰਹੇ ਹਨ। ਇਸ ਸੂਚਨਾ ’ਤੇ ਸੀਲੋਆਣੀ ਚੌਰਾਹੇ ’ਤੇ ਨਾਕਾਬੰਦੀ ਕਰਕੇ ਹਰਪ੍ਰੀਤ ਸਿੰਘ ਅਤੇ ਉਸ ਦੀ ਮਾਂ ਸੋਨੀ ਕੌਰ ਨੂੰ 300 ਨਸ਼ੀਲੀਆਂ ਪਾਬੰਦੀਸ਼ੁਗਾ ਗੋਲੀਆਂ ਸਮੇਤ ਕਾਬੂ ਕੀਤਾ ਗਿਆ। ਥਾਣਾ ਸਿੱਧਵਾਂਬੇਟ ਦੇ ਏ.ਐਸ.ਆਈ ਮਨਜੀਤ ਸਿੰਘ ਨੇ ਦੱਸਿਆ ਕਿ ਉਹ ਚੈਕਿੰਗ ਲਈ ਭੂੰਦੜੀ ਚੌਕ ਵਿੱਚ ਮੌਜੂਦ ਸਨ। ਉਥੇ ਸੂਚਨਾ ਮਿਲੀ ਸੀ ਕਿ ਬਿਨੈਪ੍ਰੀਤ ਕੌਰ ਉਰਫ ਕੋਮਲ ਵਾਸੀ ਪਿੰਡ ਕੁਲਗਹਿਣਾ ਨਸ਼ੀਲੀਆਂ ਗੋਲੀਆਂ ਵੇਚਣ ਦਾ ਧੰਦਾ ਕਰਦੀ ਹੈ। ਜੋ ਕਿ ਭੂੰਦੜੀ ਤੋਂ ਲੁਧਿਆਣਾ ਸੜਕ ’ਤੇ ਕੱਚੇ ਰਸਤੇ ’ਤੇ ਕੁਲਗਹਾਣਾ ਕੋਟਲੀ ਵਿਖੇ ਨਸ਼ੀਲੀਆਂ ਗੋਲੀਆਂ ਸਮੇਤ ਗਾਹਕਾਂ ਦੀ ਉਡੀਕ ਕਰ ਰਹੀ ਹੈ। ਇਸ ਸੂਚਨਾ ਦੇ ਆਧਾਰ ’ਤੇ ਛਾਪੇਮਾਰੀ ਕਰਕੇ ਬਿਨੈਪ੍ਰੀਤ ਕੌਰ ਉਰਫ਼ ਕੋਮਲ ਨੂੰ ਕਾਬੂ ਕਰਕੇ ਉਸ ਕੋਲੋਂ 105 ਪਾਬੰਦੀਸ਼ੁਦਾ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ।