ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਦੇਸ਼ ਮੰਨਿਆ ਜਾਂਦਾ ਹੈ। ਇੱਥੇ ਸਾਰੇ ਧਰਮਾਂ ਦੇ ਲੋਕ ਆਪਸੀ ਪਿਆਰ ਅਤੇ ਸਦਭਾਵਨਾ ਨਾਲ ਰਹਿੰਦੇ ਹਨ ਅਤੇ ਸਾਰੇ ਧਰਮਾਂ ਦੇ ਤਿਉਹਾਰ ਰਲ-ਮਿਲ ਕੇ ਮਨਾਉਂਦੇ ਹਨ। ਪਰ ਇਥੇ ਧਰਮ ਦੇ ਨਾਂ ’ਤੇ ਹਮੇਸ਼ਾ ਲੋਕਾਂ ਨੂੰ ਭੜਕਾਇਆ ਜਾਂਦਾ ਰਿਹਾ ਹੈ ਅਤੇ ਧਰਮ ਦੇ ਨਾਮ ਹੇਠ ਅਕਸਰ ਦੰਗੇ ਹੁੰਦੇ ਰਹਿੰਦੇ ਹਨ। ਹੁਣ ਬਿਹਾਰ ਦੇ ਸਾਸਾਰਾਮ ’ਚ ਰਾਮ ਨੌਮੀ ਦੇ ਮੌਕੇ ’ਤੇ ਕੱਢੀ ਜਾ ਰਹੀ ਸ਼ੋਭਾ ਯਾਤਰਾ ਮੌਕੇ ਹਿੰਸਕ ਘਟਨਾਵਾਂ ਅਤੇ ਉਸ ਤੋਂ ਬਾਅਦ ਫਿਰਕੂ ਦੰਗਿਆਂ ਦਾ ਲਗਾਤਾਰ ਵਧਣਾ ਅਤੇ ਇਸ ਤਰ੍ਹਾਂ ਦੀ ਅੱਗ ਦਾ ਬੰਗਾਲ ਤੱਕ ਪਹੁੰਚਣਾ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਭਾਵੇਂ ਕਿ ਉਥੋਂ ਦੀਆਂ ਸਰਕਾਰਾਂ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਖੁਦ ਕਾਬਲ ਹਨ ਅਤੇ ਯੋਗ ਕਦਮ ਉਠਾ ਰਹੀਆਂ ਹਨ ਪਰ ਸ਼ਰਾਰਤੀ ਅਨਸਰਾਂ ਨੂੰ ਕਾਬੂ ਕਰਨ ਲਈ ਕੇਂਦਰ ਵਲੋਂ ਵੀ ਤੁਰੰਤ ਸੁਰਖਿਆ ਫੋਰਸਾਂ ਭੇਜ ਦਿਤੀਆਂ ਗਈਆਂ ਹਨ। ਹੁਣ ਇੱਥੇ ਇੱਕ ਵੱਡਾ ਸਵਾਲ ਅਤੇ ਸੋਚਣ ਵਾਲੀ ਗੱਲ ਹੈ ਕਿ ਜਿਵੇਂ-ਜਿਵੇਂ ਚੋਣਾਂ ਨੇੜੇ ਆ ਰਹੀਆਂ ਹਨ ਅਤੇ ਸਿਆਸੀ ਪਾਰਟੀਆਂ ਆਪੋ-ਆਪਣੇ ਤਰੀਕੇ ਨਾਲ ਚੋਣ ਮੈਦਾਨ ਵਿੱਚ ਉਤਰਨ ਦੀ ਤਿਆਰੀ ਵਿਚ ਹੁੰਦੀਆਂ ਹਨ ਤਾਂ ਉਸੇ ਸਮੇਂ ਅਚਾਨਕ ਅਜਿਹੀਆਂ ਘਟਨਾਵਾਂ ਵਾਪਰਨੀਆਂ ਸ਼ੁਰੂ ਹੋ ਜਾਂਦੀਆਂ ਹਨ। ਧਰਮ ਦੇ ਨਾਂ ’ਤੇ ਲੜਾਈਆਂ ਝਗੜੇ ਸ਼ੁਰੂ ਹੋ ਜਾਂਦੇ ਹਨ। ਫਿਰ ਅਜਿਹੇ ਫਿਰਕੂ ਦੰਗਿਆੰ ਦੀ ਅੱਗ ਦੇ ਸੇਕ ਵਿਚ ਸਿਆਸੀ ਰੋਟੀਆਂ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਖਬੂ ਸੇਕਦੀਆਂ ਹਨ। ਹਰ ਵਾਰ ਹੀ ਚੋਣਾਂ ਤੋਂ ਬਾਅਦ ਸਭ ਕੁਝ ਸ਼ਾਂਤ ਹੋ ਜਾਂਦਾ ਹੈ। ਪਿੱਛੇ ਮੁੜ ਕੇ ਦੇਖੀਏ ਤਾਂ ਸਪੱਸ਼ਟ ਹੁੰਦਾ ਹੈ ਕਿ ਜਦੋਂ ਕੋਈ ਸਿਆਸੀ ਪਾਰਟੀ ਮੁਸੀਬਤ ਵਿਚ ਹੁੰਦੀ ਹੈ ਅਤੇ ਲੋਕ ਉਨ੍ਹਾਂ ਨੂੰ ਸਵਾਲ ਪੁੱਛਣ ਲੱਗਦੇ ਹਨ ਤਾਂ ਉਹ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਹਟਾਉਣ ਲਈ ਧਰਮ ਦਾ ਪੱਤਾ ਖੇਡਦੀਆਂ ਹਨ। ਦੇਸ਼ ਭਰ ਵਿੱਚ ਅਜਿਹੀਆਂ ਫਿਰਕੂ ਘਟਨਾਵਾਂ ਅਚਾਨਕ ਵਧਣੀਆਂ ਸ਼ੁਰੂ ਹੋ ਜਾਂਦੀਆਂ ਹਨ। ਮੌਜੂਦਾ ਸਮੇਂ ਅੰਦਰ ਕਈ ਅਹਿਮ ਮੁੱਦੇ ਹਨ ਜਿਨ੍ਹਾਂ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਵਿਰੋਧੀ ਪਾਰਟੀਆਂ ਇਕ ਦੂਸਰੇ ਦੇ ਨਿਸ਼ਾਨੇ ਤੇ ਹਨ। ਇਸਤੋਂ ਇਲਾਵਾ ਮਹਿੰਗਾਈ ਲਗਾਤਾਰ ਚਰਮ ਸੀਮਾ ਨੂੰ ਪਾਰ ਕਰ ਰਹੀ ਹੈ, ਭ੍ਰਿਸ਼ਟਾਚਾਰ, ਬੇ ਰੁਜਗਾਰੀ ਵਰਗੇ ਜਨਤਕ ਮੁੱਦੇ ਭਾਰੂ ਹੋਣ ਕਾਰਨ ਲੋਕ ਸਰਕਾਰ ਤੋਂ ਜਵਾਬ ਚਾਹੁਦੇ ਹਨ। ਆਉਣ ਵਾਲੇ ਸਾਲ ਵਿੱਚ ਲੋਕ ਸਭਾ ਚੋਣਾਂ ਵੀ ਹੋਣ ਜਾ ਰਹੀਆਂ ਹਨ। ਇਸ ਦੇ ਨਾਲ ਹੀ ਭਾਜਪਾ ਲੀਡਰਸ਼ਿਪ ਹੋਰ ਖੇਤਰੀ ਵਿਰੋਧੀ ਪਾਰਟੀਆਂ ਨੂੰ ਵੀ ਹਜ਼ਮ ਨਹੀਂ ਕਰ ਪਾ ਰਹੀ ਹੈ ਅਤੇ ਦੇਸ਼ ਭਰ ਦੇ ਸਾਰੇ ਰਾਜਾਂ ਵਿੱਚ ਆਪਣਾ ਹੀ ਪਰਚਮ ਲਹਿਰਾਉਣ ਲਈ ਤੱਤਪਰ ਹੈ। ਜਿਸ ਕਾਰਨ ਕਿਸੇ ਵੀ ਰਾਜ ਵਿੱਚ ਅਜਿਹੀ ਸਥਿਤੀ ਪੈਦਾ ਹੋਣ ’ਤੇ ਤੁਰੰਤ ਸਰਗਰਮ ਹੋ ਜਾਂਦੇ ਹਨ ਅਤੇ ਭਾਜਪਾ ਦੀ ਵਿਸ਼ੇਸ਼ ਟੀਮ ਬਿਆਨ ਅਤੇ ਦਲੀਲਾਂ ਦੇਣ ਲਈ ਹਰ ਸਮੇਂ ਤਿਆਰ ਰਹਿੰਦੀ ਹੈ। ਬਿਹਾਰ ਅਤੇ ਬੰਗਾਲ ਵਿੱਚ ਵਾਪਰ ਰਹੀਆਂ ਅਜਿਹੀਆਂ ਫਿਰਕੂ ਘਟਨਾਵਾਂ ਦੇਸ਼ ਦੇ ਹਿੱਤ ਵਿੱਚ ਨਹੀਂ ਹਨ ਕਿਉਂਕਿ ਆਮ ਤੌਰ ’ਤੇ ਕਿਸੇ ਵੀ ਰਾਜ ਵਿੱਚ ਸਾਰੇ ਭਾਈਚਾਰਿਆਂ ਦੇ ਲੋਕ ਆਪਸੀ ਪਿਆਰ ਅਤੇ ਸਦਭਾਵਨਾ ਨਾਲ ਰਹਿੰਦੇ ਹਨ ਅਤੇ ਕਿਤੇ ਵੀ ਆਪਸੀ ਟਕਰਾਅ ਨਹੀਂ ਹੁੰਦਾ। ਪਰ ਇਸ ਦੇ ਬਾਵਜੂਦ ਅਚਾਨਕ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ। ਇਹ ਚਿੰਤਾ ਦਾ ਵਿਸ਼ਾ ਹੈ। ਅਜਿਹੀਆਂ ਫਿਰਕੂ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਣਾ ਚਾਹੀਦਾ। ਬਿਹਾਰ ਅਤੇ ਬੰਗਾਲ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣੇ ਚਾਹੀਦੇ ਹਨ। ਦੇਸ਼ ਵਿਚ ਇਸ ਮੁੱਦੇ ਨੂੰ ਸਿਆਸੀ ਤੌਰ ’ਤੇ ਵਰਤਣ ਦੀ ਬਜਾਏ ਸਾਰੀਆਂ ਸਿਆਸੀ ਪਾਰਟੀਆਂ ਨੂੰ ਦੇਸ਼ ਦੇ ਹਿੱਤ ਲਈ ਇਕ-ਦੂਜੇ ’ਤੇ ਨਿਸ਼ਾਨਾ ਸਾਧਣਾ ਚਾਹੀਦਾ ਅਤੇ ਸਦਭਾਵਨਾ ਬਣਾਈ ਰੱਖਣ ਲਈ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਦੇਸ਼ ਵਿਚ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੀਆਂ ਸ਼ਕਤੀਆਂ ਨੂੰ ਕਰਾਰਾ ਜਵਾਬ ਦਿੱਤਾ ਜਾ ਸਕੇ ਅਤੇ ਦੇਸ਼ ਦੀ ਸ਼ਾਂਤੀ ਭੰਗ ਨਾ ਹੋ ਸਕੇ।
ਹਰਵਿੰਦਰ ਸਿੰਘ ਸੱਗੂ ।