ਸੁਧਾਰ, 3 ਅਪ੍ਰੈਲ ( ਜਸਵੀਰ ਹੇਰਾਂ )-ਥਾਣਆ ਸੁਧਾਰ ਵਿਖੇ ਸਾਲ 2001 ਵਿੱਚ ਐਨਡੀਪੀਐਸ ਐਕਟ ਤਹਿਤ ਦਰਜ ਹੋਏ ਕੇਸ ਵਿੱਚ ਭਗੌੜਾ ਕਰਾਰ ਦਿੱਤੇ ਮੁਲਜ਼ਮ ਨੂੰ ਥਾਣਾ ਦਾਖਾ ਦੇ ਡੀਐਸਪੀ ਜਸਵਿੰਦਰ ਸਿੰਘ ਖਹਿਰਾ ਦੀ ਅਗਵਾਈ ਵਿੱਚ ਪੁਲੀਸ ਪਾਰਟੀ ਨੇ ਗ੍ਰਿਫ਼ਤਾਰ ਕਰ ਲਿਆ। ਥਾਣਾ ਸੁਧਾਰ ਦੇ ਇੰਚਾਰਜ ਇੰਸਪੈਕਟਰ ਜਰਨੈਲ ਸਿੰਘ ਨੇ ਦੱਸਿਆ ਕਿ ਮੁਕੇਸ਼ ਕੁਮਾਰ ਵਾਸੀ ਅਕਬਰਪੁਰਾ, ਥਾਣਾ ਨੰਗਲ ਚੌਧਰੀ, ਜ਼ਿਲ੍ਹਾ ਮਹਿੰਦਰਗੜ੍ਹ, ਹਰਿਆਣਾ ਖ਼ਿਲਾਫ਼ 23 ਫਰਵਰੀ 2001 ਨੂੰ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਜਿਸ ਨੂੰ ਅਦਾਲਤ ਨੇ 4 ਅਪ੍ਰੈਲ 2003 ਨੂੰ ਭਗੌੜਾ ਕਰਾਰ ਦਿੱਤਾ ਸੀ। ਉਦੋਂ ਤੋਂ ਇਹ ਵਿਅਕਤੀ ਰੂਪੋਸ਼ ਹੋ ਕੇ ਰਹਿ ਰਿਹਾ ਸੀ। ਸੂਚਨਾ ਮਿਲਣ ’ਤੇ ਥਾਣਾ ਸੁਧਾਰ ਦੀ ਪੁਲਿਸ ਪਾਰਟੀ ’ਚ ਏ.ਐਸ.ਆਈ ਜਸਵਿੰਦਰ ਸਿੰਘ ਤੂਰ, ਏ.ਐਸ.ਆਈ ਪਹਾੜਾ ਸਿੰਘ, ਕਾਂਸਟੇਬਲ ਸੁਖਦੀਪ ਸਿੰਘ ਅਤੇ ਕਰਨਪ੍ਰੀਤ ਸਿੰਘ ਵੱਲੋਂ ਮੁਕੇਸ਼ ਕੁਮਾਰ ਨੂੰ ਉਸ ਸਮੇਂ ਕਾਬੂ ਕੀਤਾ ਗਿਆ ਜਦੋਂ ਉਹ ਆਪਣੀ ਮਾਂ ਨੂੰ ਮਿਲਣ ਲਈ ਆਪਣੇ ਪਿੰਡ ਅਕਬਰਪੁਰ ਆਇਆ ਹੋਇਆ ਸੀ, ਜਿਸ ਨੂੰ ਉਸਦੇ ਘਰ ਤੋਂ ਕਾਬੂ ਕਰ ਲਿਆ ਗਿਆ।. ਇੰਸਪੈਕਟਰ ਜਰਨੈਲ ਸਿੰਘ ਨੇ ਦੱਸਿਆ ਕਿ ਇਹ ਵਿਅਕਤੀ ਟਰੱਕ ਲੈ ਕੇ ਦੂਜੇ ਰਾਜਾਂ ਵਿੱਚ ਜਾਂਦਾ ਸੀ। ਜਿਸ ਕਾਰਨ ਪੁਲਿਸ ਹੁਣ ਤੱਕ ਇਸ ਨੂੰ ਗਿਰਫਤਾਰ ਨਹੀਂ ਸੀ ਕਰ ਸਕੀ।