ਜਗਰਾਓਂ, 5 ਮਈ ( ਰੋਹਿਤ ਗੋਇਲ, ਮੋਹਿਤ ਜੈਨ )-ਪੈਨਸ਼ਨਰ ਇੰਨਫਰਮੇਸ਼ਨ ਸੈਂਟਰ ਮੈਨੇਜਮੈਂਟ ਕਮੇਟੀ ਦੀ ਮਹੀਨਾਵਾਰ ਮੀਟਿੰਗ ਪੈਨਸ਼ਨਰ ਭਵਨ ਮਿੰਨੀ ਸਕੱਤਰੇਤ ਲੁਧਿਆਣਾ ਵਿਖੇ ਦਲੀਪ ਸਿੰਘ ਚੇਅਰਮੈਨ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਹਾਜਰ ਮੈਂਬਰਾਂ ਵਲੋਂ ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਪੰਜਾਬ, ਕਸਤੂਰੀ ਲਾਲ ਪੈਨਸ਼ਨਰ ਜੁਡੀਸ਼ੀਅਲ ਵਿੰਗ, ਲੁਧਿਆਣਾ ਵਿਖੇ ਗਿਆਸਪੁਰਾ ਵਿਖੇ ਜਹਿਰੀਲੀ ਗੈਸ ਕਾਰਨ ਹੋਈਆਂ 11 ਮੌਤਾਂ ਅਤੇ ਚੇਅਰਮੈਨ ਸਾਹਿਬ ਦੇ ਨਜ਼ਦੀਕੀ ਰਿਸ਼ਤੇਦਾਰ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਵਿਛੜੀਆਂ ਰੂਹਾਂ ਦੀ ਆਤਮਾ ਦੀ ਸ਼ਾਂਤੀ ਲਈ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਉਪਰੰਤ ਮੀਟਿੰਗ ਵਿੱਚ ਪੰਜਾਬ ਸਰਕਾਰ ਦੀ ਪੈਨਸ਼ਨਰਾਂ ਪ੍ਰਤੀ ਅਪਣਾਈ ਗਈ ਮਾਰੂ ਨੀਤੀ ਦੀ ਘੋਰ ਸ਼ਬਦਾਂ ਵਿਚ ਨਖੇਧੀ ਕੀਤੀ ਗਈ ਕਿਉਂਕਿ ਪੰਜਾਬ ਸਰਕਾਰ ਵਲੋਂ ਜਾਰੀ ਬਜਟ ਵਿਚ ਪੈਨਸ਼ਨਰਾਂ ਲਈ ਕੁਝ ਵੀ ਨਹੀ ਰਖਿਆ ਗਿਆ। ਜਿਸ ਕਾਰਨ ਸਮੂਚੇ ਪੈਨਸ਼ਨਰਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਪੰਜਾਬ ਸਰਕਾਰ ਨੂੰ ਵਾਰ ਵਾਰ ਮੰਗ ਪੱਤਰ ਦੇਣ ਦੇ ਬਾਵਜੂਦ ਵੀ ਸਰਕਾਰ ਵਲੋਂ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਕੋਈ ਵੀ ਕਾਰਵਾਈ ਅਮਲ ਵਿਚ ਨਹੀ ਲਿਆਂਦੀ ਗਈ। ਇਸ ਨੂੰ ਮੁੱਖ ਰੱਖਦੇ ਹੋਏ ਸਮੂਹ ਮੈਂਬਰਾਂ ਵਲੋਂ ਸਰਬਸਮੰਤੀ ਨਾਲ ਫੈਸਲਾ ਕੀਤਾ ਗਿਆ ਕਿ ਲੋਕ ਸਭਾ ਹਲਕਾ ਜਲੰਧਰ ਦੀ ਜਿਮਨੀ ਚੋਣ ਵਿਚ ਸੱਤਾਧਾਰੀ ਪਾਰਟੀ ਦੇ ਉਮੀਦਵਾਰਾਂ ਦਾ ਪੂਰਜੋਰ ਵਿਰੋਧ ਕਰਨ ਲਈ ਪੰਜਾਬ ਯੂ.ਟੀ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਦੇ ਸੱਦੇ ਤੇ ਮਿਤੀ 7 ਮਈ ਨੂੰ ਜੋ ਝੰਡਾ ਮਾਰਚ ਕੀਤਾ ਜਾ ਰਿਹਾ ਹੈ ਉਸ ਵਿਚ ਪੈਨਸ਼ਨਰ ਭਵਨ ਲੁਧਿਆਣਾ ਵਲੋਂ ਵੱਡੀ ਗਿਣਤੀ ਵਿਚ ਪੈਨਸ਼ਨਰਾਂ ਵਲੋਂ ਗੱਡੀਆਂ ਦਾ ਕਾਫਲਾ ਲੈ ਕੇ ਸ਼ਮੂਲੀਅਤ ਕਰਕੇ ਪੰਜਾਬ ਸਰਕਾਰ ਦੇ ਖੋਖਲੇ ਵਾਦਿਆਂ ਦੀ ਪੋਲ ਖੋਲ੍ਹੀ ਜਾਵੇਗੀ। ਮੀਟਿੰਗ ਵਿਚ ਸੁਸ਼ੀਲ ਕੁਮਾਰ ਸਾਬਕਾ ਚੇਅਰਮੈਨ, ਰਜਿੰਦਰ ਕੁਮਾਰ ਵਿੱਤ ਸਕੱਤਰ, ਨਿਰਮਲ ਸਿੰਘ ਲਲਤੋਂ, ਜਨਰਲ ਸੱਕਤਰ, ਡਾ. ਮਹਿੰਦਰ ਕੁਮਾਰ ਸਾਰਦਾ, ਵਾਇਸ ਚੇਅਰਮੈਨ, ਦੀਪਿੰਦਰ ਸਿੰਘ ਗਰੇਵਾਲ, ਅਵਤਾਰ ਸਿੰਘ, ਸ਼ਾਮ ਸੁੰਦਰ, ਹਰਜੀਤ ਸਿੰਘ ਗਰੇਵਾਲ, ਕੁਲਭੂਸ਼ਣ, ਸੂਨੀਲ ਕੁਮਾਰ ਸੂਦ, ਗੁਰਦਿਆਲ ਸਿੰਘ,ਹਰਦਵਾਰੀ ਲਾਲ ਸ਼ਰਮਾ, ਕੁਲਵੰਤ ਸਿੰਘ,ਮੱਖਣ ਸਿੰਘ ਅਤੇ ਰਜਿੰਦਰ ਸਿੰਘ ਲਲਤੋਂ ਆਦਿ ਸ਼ਾਮਲ ਸਨ।