ਖੰਨਾ(ਬੋਬੀ ਸਹਿਜਲ )ਖੰਨਾ ਦੀ ਭੀੜਭਾੜ ਵਾਲੀ ਗੁਰੂ ਅਮਰਦਾਸ ਮਾਰਕੀਟ ਵਿਖੇ ਥਾਰ ਗੱਡੀ ‘ਚ ਸੱਪ ਵੜਨ ਨਾਲ ਦਹਿਸ਼ਤ ਮਚ ਗਈ। ਬਚਾਅ ਰਿਹਾ ਕਿ ਮੌਕੇ ਤੇ ਮੌਜੂਦ ਲੋਕਾਂ ਨੇ ਸੱਪ ਨੂੰ ਗੱਡੀ ਥੱਲੇ ਜਾਂਦੇ ਦੇਖ ਲਿਆ। ਜਿਸ ਕਰਕੇ ਸ਼ਾਪਿੰਗ ਕਰਨ ਆਏ ਪਰਿਵਾਰ ਦੀ ਜਾਨ ਬਚ ਗਈ। ਪਿੰਡ ਜਰਗ ਤੋਂ ਆਪਣੇ ਪਰਿਵਾਰ ਸਮੇਤ ਖੰਨਾ ਸ਼ਾਪਿੰਗ ਕਰਨ ਆਏ ਵਿਅਕਤੀ ਨੇ ਕਿਹਾ ਕਿ ਉਹ ਬਾਜ਼ਾਰ ਚ ਸ਼ਾਪਿੰਗ ਕਰਕੇ ਵਾਪਸ ਆਏ ਤਾਂ ਉਹਨਾਂ ਦੀ ਗੱਡੀ ਦੇ ਆਲੇ ਦੁਆਲੇ ਲੋਕਾਂ ਦਾ ਇਕੱਠ ਹੋਇਆ ਸੀ। ਇਸੇ ਦੌਰਾਨ ਉਹਨਾਂ ਨੂੰ ਦੱਸਿਆ ਕਿ ਪਾਰਕਿੰਗ ਅੰਦਰ ਖੜ੍ਹੀ ਕਾਰ ਚੋਂ ਸੱਪ ਨਿਕਲ ਕੇ ਉਹਨਾਂ ਦੀ ਜੀਪ ਥੱਲੇ ਜਾਂਦਾ ਦੇਖਿਆ ਗਿਆ। ਸੱਪ ਦੇ ਜੀਪ ਅੰਦਰ ਜਾਣ ਦਾ ਖਦਸ਼ਾ ਜਤਾਇਆ ਗਿਆ। ਇਸੇ ਦੌਰਾਨ ਜਦੋਂ ਸਪੇਰੇ ਮੌਕੇ ਤੇ ਬੁਲਾਏ ਗਏ ਤਾਂ ਸਪੇਰਿਆਂ ਨੇ ਕੋਈ ਹੋਰ ਹੀ ਸੱਪ ਦਿਖਾ ਦਿੱਤੇ। ਜਿਸ ਕਰਕੇ ਉਹਨਾਂ ਦਾ ਸ਼ੱਕ ਦੂਰ ਨਹੀਂ ਹੋਇਆ ਅਤੇ ਉਹ ਗੱਡੀ ਲੈ ਕੇ ਨਹੀਂ ਗਏ। ਹੁਣ ਐਕਸਪਰਟ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਉਥੇ ਹੀ ਲਾਂਸਰ ਗੱਡੀ ਵਾਲੇ ਵਿਅਕਤੀ ਨੇ ਕਿਹਾ ਕਿ ਲੋਕਾਂ ਮੁਤਾਬਕ ਸੱਪ ਉਸਦੀ ਕਾਰ ਚੋਂ ਨਿਕਲ ਕੇ ਜੀਪ ਥੱਲੇ ਗਿਆ। ਇਸ ਕਰਕੇ ਉਸਨੂੰ ਵੀ ਡਰ ਹੈ ਅਤੇ ਉਹ ਆਪਣੀ ਕਾਰ ਲੈ ਕੇ ਨਹੀਂ ਜਾ ਰਿਹਾ। ਮੌਕੇ ਤੇ ਮੌਜੂਦ ਵਿਅਕਤੀ ਨੇ ਦੱਸਿਆ ਕਿ ਜਿਵੇਂ ਹੀ ਕਾਰ ਚੋਂ ਸੱਪ ਨਿਕਲ ਕੇ ਜੀਪ ਥੱਲੇ ਜਾਂਦਾ ਦੇਖਿਆ ਤਾਂ ਲੋਕਾਂ ਨੇ ਬਹੁਤ ਕੋਸ਼ਿਸ਼ ਕੀਤੀ ਕਿ ਸੱਪ ਨੂੰ ਬਾਹਰ ਕੱਢਿਆ ਜਾਵੇ। ਸਪੇਰੇ ਵੀ ਬੁਲਾਏ ਗਏ ਪ੍ਰੰਤੂ ਸੱਪ ਨਹੀਂ ਫੜਿਆ ਜਾ ਸਕਿਆ।