ਤਰਨਤਾਰਨ (ਧਰਮਿੰਦਰ ) ਡੈਮੋਕਰੇਟਿਕ ਆਸ਼ਾ ਵਰਕਰ ਫੈਸਿਲੀਟੇਟਰ ਯੂਨੀਅਨ ਪੰਜਾਬ ਦੇ ਜ਼ਲਿ੍ਹਾ ਤਰਨਤਾਰਨ ਦੀ ਮੀਟਿੰਗ ਸਥਾਨਕ ਗਾਂਧੀ ਪਾਰਕ ਵਿਖੇ ਜ਼ਿਲ੍ਹਾ ਪ੍ਰਧਾਨ ਰਜਿੰਦਰ ਕੌਰ ਪਹੂਵਿੰਡ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ 28 ਅਪ੍ਰਰੈਲ ਨੂੰ ਜਲੰਧਰ ਵਿਖੇ ਰੈਲੀ ਕਰਨ ਤੋ ਬਾਅਦ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨਾਲ ਹੋਈ ਮੀਟਿੰਗ ਤੋ ਬਾਅਦ ਦਿੱਤੇ ਗਏ ਹੁਕਮਾਂ ਅਨੁਸਾਰ 3 ਮਈ ਨੂੰ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਨਾਲ ਜਥੇਬੰਦੀ ਦੇ ਸੂਬਾਈ ਆਗੂਆਂ ਨੇ ਸੂਬਾ ਪ੍ਰਧਾਨ ਮਨਦੀਪ ਕੌਰ ਬਿਲਗਾ ਦੀ ਅਗਵਾਈ ਹੇਠ ਪੈਨਲ ਮੀਟਿੰਗ ਸਬੰਧੀ ਵਿਚਾਰ ਚਰਚਾ ਕੀਤੀ ਗਈ । ਮੀਟਿੰਗ ਵਿਚ ਜਥੇਬੰਦੀ ਦੇ ਸੂਬਾਈ ਆਗੂ ਸ਼ਕੁੰਤਲਾ ਸਰੋਏ, ਪਰਮਜੀਤ ਕੌਰ ਮਾਨ, ਸਰਬਜੀਤ ਕੌਰ ਮਚਾਕੀ, ਇੰਦੂ ਰਾਣਾ ਹੁਸ਼ਿਆਰਪੁਰ, ਗੁਰਮਿੰਦਰ ਕੌਰ ਗੁਰਦਾਸਪੁਰ, ਹਰਪਾਲ ਕੌਰ ਮੁਕਤਸਰ ਤੋ ਇਲਾਵਾ ਡਾਇਰੈਕਟਰ ਨੈਸ਼ਨਲ ਹੈਲਥ ਮਿਸ਼ਨ ਪੰਜਾਬ, ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਅਤੇ ਸਿਹਤ ਪੰਜਾਬ, ਸਿਹਤ ਵਿਭਾਗ ਦੇ ਪ੍ਰਸ਼ਾਸਨਿਕ ਅਧਿਕਾਰੀ ਸ਼ਾਮਲ ਹੋਏ। ਮੀਟਿੰਗ ਵਿਚ ਜਥੇਬੰਦੀ ਦੇ ਆਗੂਆਂ ਵੱਲੋਂ ਸਿਹਤ ਮੰਤਰੀ ਨੂੰ ਚੋਣਾ ਤੋਂ ਪਹਿਲਾ ਆਸ਼ਾ ਵਰਕਰਾਂ ਨਾਲ ਕੀਤੀਆਂ ਹੋਈਆਂ ਗਰੰਟੀਆਂ ਯਾਦ ਕਰਵਾਉਦੇ ਹੋਏ ਦਿੱਤੇ ਹੋਏ ਮੰਗ ਪੱਤਰ ਤੇ ਵਿਸਥਾਰਪੂਰਵਕ ਗੱਲਬਾਤ ਕੀਤੀ ਗਈ। ਜਿਸ ਵਿਚ ਆਸ਼ਾ ਵਰਕਰ ਤੇ ਫੈਸਿਲੀਟੇਟਰ ਤੇ ਘੱਟੋ ਘੱਟ ਉਜਰਤ ਦਾ ਕਾਨੂੰਨ ਲਾਗੂ ਕਰਨ, ਆਸ਼ਾ ਫੈਸਿਲੀਟੇਟਰ ਨੂੰ ਆਂਗਨਵਾੜੀ ਸੁਪਰਵਾਈਜ਼ਰ ਦੇ ਬਰਾਬਰ ਗਰੇਡ ਦੇਣ ਅਤੇ ਮਿਲਦੇ ਮਾਣ ਭੱਤੇ ਅਤੇ ਇਨਸੈਟਿਵ ਵਿਚ ਦੁੱਗਣਾ ਵਾਧਾ ਕਰਨ ਨੂੰ ਕੈਬਨਿਟ ‘ਚ ਪੇਸ਼ ਕਰ ਕੇ ਲਾਗੂ ਕਰਨ ਦਾ ਭਰੋਸਾ ਦਿੱਤਾ ਗਿਆ, ਆਸ਼ਾ ਵਰਕਰ ਦਾ ਪੰਜ ਲੱਖ ਦਾ ਮੁਫ਼ਤ ਬੀਮਾ, ਐਕਸਗਰੇਸੀਆ ਗ੍ਾਂਟ, ਹਸਪਤਾਲ ‘ਚ ਬਿਲਕੁਲ ਮੁਫ਼ਤ ਇਲਾਜ ਲਈ ਕਾਰਡ ਬਣਾ ਕੇ ਦੇਣ, ਵਰਕਰਾਂ ਨੂੰ ਪ੍ਰਸੂਤਾ ਛੁੱਟੀ ਦੇਣ , ਸਮੂਹ ਆਸ਼ਾ ਵਰਕਰਾਂ ਨੂੰ ਸਮਾਰਟ ਫੋਨ ਖਰੀਦ ਕੇ ਦੇਣ, ਆਸ਼ਾ ਫੈਸਿਲੀਟੇਟਰ ਦੇ ਟੂਰ ਭੱਤੇ ਵਿੱਚ ਵਾਧਾ ਕਰਨ ਅਤੇ ਸੀਐਚਓ ਦੇ ਪੋ੍ਗਰਾਮ ਵਿਚ ਸ਼ਾਮਲ ਕਰਨ, ਵਰਕਰਾਂ ਨੂੰ ਹਰ ਸਾਲ ਮਾਣ ਭੱਤੇ ਤੇ ਸਾਲਾਨਾ 20 ਫੀਸਦੀ ਵਾਧਾ ਕਰਕੇ ਇਨਕਰੀਮੈਂਟ ਦੇਣ, ਆਸ਼ਾ ਵਰਕਰਾਂ ‘ਤੇ ਫੈਸਿਲੀਟੇਟਰ ਦਾ ਈਪੀਐੱਫ ਕੱਟਣ ਦੀਆ ਮੰਗਾਂ ਬਾਰੇ ਜਲਦ ਹੀ ਨੋਟੀਫੀਕੇਸ਼ਨ ਜਾਰੀ ਕਰਕੇ ਲਾਗੂ ਕਰਨ ਦਾ ਭਰੋਸਾ ਦਿੱਤਾ। ਮੀਟਿੰਗ ਤੋਂ ਬਾਅਦ ਆਗੂਆਂ ਨੇ ਆਪਣਾ ਪ੍ਰਤੀਕਰਮ ਜਾਹਿਰ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਮੀਟਿੰਗ ਵਿਚ ਮੰਨੀਆਂ ਮੰਗਾਂ ਜਲਦ ਲਾਗੂ ਨਾ ਕੀਤੀਆਂ ਤਾਂ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ।