ਫਾਜਿ਼ਲਕਾ, 9 ਮਈ (ਰਾਜੇਸ਼ ਜੈਨ – ਭਗਵਾਨ ਭੰਗੂ) : ਫਾਰਮ ਸਲਾਹਕਾਰ ਸੇਵਾ ਕੇਂਦਰ ਅਬੋਹਰ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਫਾ਼ਜਿ਼ਲਕਾ ਵੱਲੋਂ ਆਤਮਾ ਸਕੀਮ ਅਧੀਨ ਪਿੰਡ ਨੂਰਪੁਰਾ ਵਿਖੇ ਕਿਸਾਨ ਗੋਸਠੀ ਕਰਵਾਈ ਗਈ। ਇਸ ਵਿਚ ਫਾਰਮ ਸਲਾਹਕਾਰ ਸੇਵਾ ਕੇਂਦਰ ਅਬੋਹਰ ਦੇ ਮਾਹਿਰ ਡਾ: ਜਗਦੀਸ਼ ਅਰੋੜਾ ਨੇ ਕਿਸਾਨਾਂ ਨੂੰ ਨਰਮੇ ਦੀ ਬਿਜਾਈ ਸਮੇਂ ਸਿਰ ਪੂਰੀ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਨਰਮੇ ਦੀ ਬਿਜਾਈ ਸਮੇਂ 10 ਕਿਲੋ ਜਿੰਕ ਸਲਫੇਟ 21 ਫੀਸਦੀ ਜਾਂ 6.5 ਕਿਲੋ ਜਿੰਕ ਸਲਫੇਟ 33 ਫੀਸਦੀ ਪਾਈ ਜਾਵੇ। ਇਸੇ ਤਰਾਂ ਰੇਤਲੀਆਂ ਅਤੇ ਦਰਮਿਆਨੀਆਂ ਜਮੀਨਾਂ ਵਿਚ 20 ਕਿਲੋ ਮਿਊਰਟ ਆਫ ਪੋਟਾਸ਼ ਖਾਦ ਵੀ ਪਾਈ ਜਾਵੇ। ਇਸੇ ਤਰਾਂ ਬੀਟੀ ਨਰਮੇ ਨੂੰ ਕੁੱਲ 90 ਕਿਲੋ ਯੂਰੀਆ ਦੇਣੀ ਹੈ ਜਿਸ ਵਿਚੋਂ ਅੱਧੀ ਬੂਟੇ ਵਿਰਲੇ ਕਰਨ ਸਮੇਂ ਅਤੇ ਅੱਧੀ ਫੁਲ ਨਿਕਲਣ ਸਮੇਂ ਪਾਈ ਜਾਵੇ। ਰੇਤਲੇ ਖੇਤਾਂ ਵਿਚ 25 ਕਿਲੋ ਮੈਗਨੀਸੀਅਮ ਸਲਫੇਟ ਪ੍ਰਤੀ ਏਕੜ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ।ਸਰਕਲ ਡੱਬਵਾਲਾ ਕਲਾਂ ਦੇ ਇੰਚਾਰਜ ਅਸੋ਼ਕ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਨਰਮੇ ਦੇ ਬੀਟੀ ਬੀਜਾਂ ਤੇ 33 ਫੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ ਅਤੇ ਇਸ ਲਈ 31 ਮਈ ਤੱਕ ਅਪਲਾਈ ਕੀਤਾ ਜਾ ਸਕਦਾ ਹੈ।ਕੈਂਪ ਦੌਰਾਨ ਬੀਟੀਐਮ ਰਾਜਦਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੋਸ਼ਣ ਸੁਰੱਖਿਆ ਦੀ ਮਹੱਤਤਾ ਨੂੰ ਧਿਆਨ ਵਿਚ ਰੱਖਦੇ ਹੋਏ ਘਰੇਲੂ ਬਗੀਚੀ ਵਿਚ ਫਲ ਅਤੇ ਸਬਜੀਆਂ ਪੈਦਾ ਕੀਤੀਆਂ ਜਾਣ। ਇਸ ਲਈ ਕਿਸਾਨਾਂ ਨੂੰ ਸਬਜੀਆਂ ਦੇ ਬੀਜਾਂ ਦੀਆਂ ਕਿੱਟਾਂ ਵੀ ਮੁਹਈਆ ਕਰਵਾਈਆਂ ਗਈਆਂ।ਖੇਤੀਬਾੜੀ ਵਿਭਾਗ ਵੱਲੋਂ ਏਟੀਐਮ ਪਵਨ ਕੁਮਾਰ ਨੇ ਆਏ ਹੋਏ ਕਿਸਾਨਾਂ ਦਾ ਧੰਨਵਾਦ ਕੀਤਾ।ਕਿਸਾਨ ਮਿੱਤਰ ਸੁਰਿੰਦਰ ਸਿੰਘ ਤੇ ਗੁਰਲਾਲ ਸਿੰਘ ਵੀ ਇਸ ਕੈਂਪ ਵਿਚ ਹਾਜਰ ਰਹੇ।