ਜਗਰਾਉਂ, 11 ਮਈ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ) -ਸ਼੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਸੀ ਸੈ ਸਕੂਲ ਜਗਰਾਉਂ ਵਿਖੇ ਪ੍ਰਿੰਸੀਪਲ ਨੀਲੂ ਨਰੂਲਾ ਦੀ ਅਗਵਾਈ ਅਧੀਨ ਨੈਸ਼ਨਲ ਟੈਕਨਾਲਾੱਜੀ ਦਿਵਸ ਮਨਾਇਆ ਗਿਆ।
ਅਧਿਆਪਕਾ ਮਨਪ੍ਰੀਤ ਕੌਰ ਨੇ ਨੈਸ਼ਨਲ ਟੈਕਨਾਲਾੱਜੀ ਦਿਵਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 1998 ਵਿਚ ਪੋਖਰਣ( ਰਾਜਸਥਾਨ) ਵਿਚ ਕੀਤੇ ਗਏ ਸਫਲ ਪਰਮਾਣੂ ਪਰੀਖਣਾਂ ਦੀ ਯਾਦ ਵਿੱਚ ਭਾਰਤ ਵਿੱਚ ਹਰ ਸਾਲ ਨੈਸ਼ਨਲ ਟੈਕਨਾਲਾੱਜੀ ਦਿਵਸ ਮਨਾਇਆ ਜਾਂਦਾ ਹੈ ।ਇਸ ਦਿਨ ਭਾਰਤ ਨੇ ਖੁਦ ਨੂੰ ਪਰਮਾਣੂ ਸ਼ਕਤੀ ਦੇ ਰੂਪ ਵਿੱਚ ਘੋਸ਼ਿਤ ਕੀਤਾ। ਜਿਸ ਨਾਲ ਭਾਰਤ ਪਰਮਾਣੂ ਰੱਖਣ ਵਾਲਾ ਦੁਨੀਆਂ ਦਾ ਛੇਵਾਂ ਦੇਸ਼ ਬਣ ਗਿਆ। ਇਹ ਦਿਨ ਭਾਰਤ ਦੇ ਵਿਗਿਆਨਿਕਾਂ ਅਤੇ ਇੰਜੀਨੀਅਰਾਂ ਦੀ ਉਪਲੱਬਧੀ ਦਾ ਜਸ਼ਨ ਮਨਾਉਂਦਾ ਹੈ। ਇਹ ਦਿਨ ,ਦਿਨ-ਬ- ਦਿਨ ਵਿਕਸਿਤ ਹੋਣ ਵਾਲੀ ਤਕਨੀਕ ਦੇ ਬਾਰੇ ਜਾਗਰੂਕਤਾ ਵਧਾਉਣ ਲਈ ਮਨਾਇਆ ਜਾਂਦਾ ਹੈ।ਅੱਜ ਟੈਕਨਾਲਾੱਜੀ ਦੀ ਹਰ ਖੇਤਰ ਵਿੱਚ ਜ਼ਰੂਰਤ ਹੈ। ਇਸ ਦਾ ਮਹੱਤਵ ਕੇਵਲ ਵਿਗਿਆਨ ਵਿੱਚ ਹੀ ਨਹੀਂ ਸਗੋਂ ਇਕ ਦੇਸ਼ ਨੂੰ ਅੱਗੇ ਵਧਾਉਣ ਦੇ ਹਰ ਪਹਿਲੂ ਬਾਰੇ ਦਰਸਾਉਂਦਾ ਹੈ। ਅੱਜ ਹਰ ਇਕ ਵਿਅਕਤੀ ਕਿਸੇ ਨਾ ਕਿਸੇ ਟੈਕਨਾਲਾੱਜੀ ਨਾਲ ਜੁੜਿਆ ਹੈ ।ਭਾਰਤ ਨੂੰ ਡਿਜੀਟਲ ਬਣਾਉਣ ਵਿੱਚ ਟੈਕਨਾਲਾੱਜੀ ਦਾ ਵੱਡਾ ਹੱਥ ਹੈ। ਜਿਸ ਤਰਾਂ ਹਰੇਕ ਵਿਕਸਿਤ ਤੇ ਵਿਕਾਸਸ਼ੀਲ ਦੇਸ਼ ਆਪਣੇ- ਆਪਣੇ ਪਰਮਾਣੂ ਪਰੀਖਣ ਕਰ ਕੇ ਆਪਣੀ ਸ਼ਕਤੀ ਨਾਲ ਦੁਨੀਆਂ ਨੂੰ ਜਾਣੂ ਕਰਾ ਰਹੇ ਹਨ, ਓਸੇ ਤਰ੍ਹਾਂ ਭਾਰਤ ਵੀ ਨੈਸ਼ਨਲ ਟੈਕਨਾਲਾੱਜੀ ਦਿਵਸ ਮਨਾ ਕੇ ਆਪਣੇ ਵਿਗਿਆਨਿਕਾਂ ਤੇ ਉਨ੍ਹਾਂ ਦੇ ਕੰਮਾਂ ਨੂੰ ਸਨਮਾਨ ਪ੍ਰਗਟ ਕਰਦਾ ਹੈ।
ਅੰਤ ਵਿੱਚ ਅਧਿਆਪਕਾ ਮਨਪ੍ਰੀਤ ਕੌਰ ਨੇ ਇੱਕ ਕਵਿਤਾ “ਮੈਂ ਟੈਕਨਾਲਾੱਜੀ ਅਖਵਾਉਂਦੀ ਹਾਂ “ਗਾ ਕੇ ਇਸ ਦਿਹਾੜੇ ਦਾ ਸਮਾਪਨ ਕੀਤਾ।ਪ੍ਰਿੰਸੀਪਲ ਨੀਲੂ ਨਰੂਲਾ ਨੇ ਇਸ ਮੌਕੇ ਤੇ ਬੱਚਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਅੱਜ ਦਾ ਜ਼ਮਾਨਾ ਐਡਵਾਂਸ ਟੈਕਨਾਲਾੱਜੀ ਦਾ ਜ਼ਮਾਨਾ ਹੈ। ਇਸ ਟੈਕਨਾਲਾੱਜੀ ਦੀ ਅਦੁੱਤੀ ਖੋਜ ਐਂਡਰਾੱਅਡ ਫੋਨ ਹੈ ਜੋ ਸਾਡੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਹੈ। ਅਸੀਂ ਕੁਝ ਹੀ ਮਿੰਟਾਂ ਵਿਚ ਆਪਣੇ ਵਿਸ਼ੇ ਪ੍ਰਤੀ ਜਾਂ ਵਾਧੂ ਗਿਆਨ ਘਰ ਬੈਠੇ ਹੀ ਪ੍ਰਾਪਤ ਕਰ ਸਕਦੇ ਹਾਂ ।ਇਸ ਲਈ ਸਾਨੂੰ ਮੋਬਾਇਲ ਫੋਨ ਦੀ ਵਰਤੋਂ ਸੋਚ ਸਮਝ ਕੇ ਕਰਨੀ ਚਾਹੀਦੀ ਹੈ। ਕਿਉਂਕਿ ਜਿਆਦਾ ਵਰਤੋਂ ਦੇ ਬਹੁਤ ਭਿਆਨਕ ਨਤੀਜੇ ਨਿਕਲਦੇ ਹਨ।