ਜਗਰਾਉਂ 31 ਮਾਰਚ ( ਰੋਬਿਨ ਬਾਂਸਲ) ਪੁਲਿਸ ਤਸ਼ੱਦਦ ਕਾਰਨ ਮੌਤ ਦੇ ਮੂੰਹ ਜਾ ਪਈ ਗਰੀਬ ਧੀ ਕੁਲਵੰਤ ਕੌਰ ਰਸੂਲਪੁਰ ਦੀ ਬਜ਼ੁਰਗ 75 ਸਾਲਾ ਮਾਤਾ ਸੁਰਿੰਦਰ ਕੌਰ, ਜੋਕਿ ਖੁਦ ਵੀ ਪੁਲਿਸ ਦੇ ਜਬਰ ਦਾ ਸ਼ਿਕਾਰ ਹੈ, ਸਿਟੀ ਥਾਣੇ ਮੂਹਰੇ ਚੱਲ ਰਹੇ ਅਣਮਿਥੇ ਸਮੇਂ ਦੇ ਧਰਨੇ ਦੇ 9ਵੇਂ ਦਿਨ ਅੱਜ ਦੂਜੇ ਦਿਨ ਬੈਠੀ ਭੁੱਖ ਹੜਤਾਲ ‘ਤੇ ਬੈਠੀ ਰਹੀ ਹੈ। ਇਸ ਸਮੇਂ ਮਾਤਾ ਸੁਰਿੰਦਰ ਕੌਰ ਨੇ ਕਿਹਾ ਕਿ ਉਹ ਦੋਸ਼ੀਆਂ ਦੀ ਗ੍ਰਿਫਤਾਰੀ ਤੱਕ ਭੁੱਖ ਹੜ੍ਹਤਾਲ ਤੇ ਬੈਠਣ ਲਈ ਦ੍ਰਿੜ ਹੈ। ਮਾਤਾ ਨੇ ਕਿਹਾ ਕਿ ਸਾਲ 2005 ਵਿਚ ਹੀ ਮੈਂ ਅਤੇ ਪਿੰਡ ਦੇ ਮੋਹਤਵਰ ਲੋਕਾਂ ਨੇ ਨਾਂ ਸਿਰਫ ਅੱਤਿਆਚਾਰ ਸਬੰਧੀ ਸ਼ਿਕਾਇਤਾਂ ਦਰਜ ਕਰਾਈਆਂ ਸਗੋਂ ਕੁਲਵੰਤ ਦੀ ਮੌਤ ਤੱਕ ਸਮੇਂ -ਸਮੇਂ ਜਾਂਚ ਪੜ੍ਹਤਾਲਾਂ ਵਿੱਚ ਸੈਂਕੜੇ ਵਾਰ ਬਿਆਨ ਵੀ ਦਰਜ ਕਰਾਏ ਸਨ ਪਰ ਪੁਲਿਸ ਅਧਿਕਾਰੀ ਜਾਣਬੁੱਝ ਕੇ ਕਾਰਵਾਈ ਨਹੀਂ ਕਰ ਰਹੇ ਸਨ। ਹੁਣ ਉਨ੍ਹਾਂ ਪੁਲਿਸ ਅਫਸਰਾਂ ਨੇ ਹੀ ਮੇਰੀ ਬੇਟੀ ਦੀ ਜਾਨ ਲੈ ਕੇ ਮੁਕੱਦਮਾ ਨੰਬਰ 0274/2021 ਦਰਜ ਕੀਤਾ ਹੈ। ਇਸ ਮੌਕੇ ਹਾਜ਼ਰ ਕਿਸਾਨਾਂ – ਮਜ਼ਦੂਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਦਸਮੇਸ਼ ਕਿਸਾਨ ਯੂਨੀਅਨ ਦੇ ਆਗੂ ਮਾਸਟਰ ਜਸਦੇਵ ਲ਼ਲਤੋਂ ਤੇ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਮ੍ਰਿਤਕ ਕੁਲਵੰਤ ਕੌਰ ਰਸੂਲਪੁਰ ਅਤੇ ਮਾਤਾ ਸੁਰਿੰਦਰ ਕੌਰ ਰਸੂਲਪੁਰ ਨੂੰ ਨਜ਼ਾਇਜ਼ ਹਿਰਾਸਤ ‘ਚ ਰੱਖਣ, ਅੱਤਿਆਚਾਰ ਕਰਨ ਸਬੰਧੀ ਦਰਜ ਕੀਤੇ ਮੁਕੱਦਮੇ ਦੇ ਦੋਸ਼ੀ ਡੀਅੈਸਪੀ ਗੁਰਿੰਦਰ ਬੱਲ ਤੇ ਏਅੈਸਆਈ ਰਾਜਵੀਰ ਅਤੇ ਝੂਠੇ ਗਵਾਹ ਹਰਜੀਤ ਸਰਪੰਚ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਵਰਨਾ ਸਮੂਹ ਇਨਸਾਫ਼ ਪਸੰਦ ਜੱਥੇਬੰਦੀਆਂ ਵਲੋਂ ਸੰਘਰਸ਼ ਤੇਜ਼ ਕਰ ਦਿੱਤਾ ਜਾਵੇਗਾ। ਕਿਸਾਨ ਅਾਗੂਆਂ ਨੇ ਆਮ ਲੋਕਾਂ ਨੂੰ 4 ਅਪ੍ਰੈਲ ਨੂੰ ਭਾਰੀ ਗਿਣਤੀ ਵਿੱਚ ਰੋਸ ਮੁਜ਼ਾਹਰੇ ਵਿੱਚ ਸ਼ਾਮਲ਼ ਹੋਣ ਦੀ ਅਪੀਲ ਵੀ ਕੀਤੀ ਤਾਂ ਕਿ ਗਰੀਬ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾ ਸਕੇ। ਉਨ੍ਹਾਂ ਪੁਲਿਸ ਅਧਿਕਾਰੀਆਂ ਦੇ ਦੋਸ਼ੀ ਪੱਖੀ ਸਾਜਸ਼ੀ ਵਤੀਰੇ ਦੀ ਰੱਜ਼ ਕੇ ਨਿੰਦਾ ਕੀਤੀ।