ਜਗਰਾਓਂ, 7 ਜੂਨ ( ਰੋਹਤਿ ਗੋਇਲ , ਬੌਬੀ ਸਹਿਜਲ )-ਕੌਂਸਲ ਜਗਰਾਉਂ ਵਲੋਂ ਜਤਿੰਦਰਪਾਲ ਪ੍ਰਧਾਨ ਅਤੇ ਹਰਨਰਿੰਦਰ ਸਿੰਘ ਈ ਓ ਦੀ ਰਹਿਨੁਮਾਈ ਹੇਠ ਸ਼ਹਿਰ ਵਾਸੀਆਂ ਨੂੰ ਕੂੜੇ ਕਰਕਟ ਦੀ ਸਮੱਸਿਆ ਤੋਂ ਨਿਜਾਤ ਦੁਆਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਨਗਰ ਕੌਂਸਲ ਜਗਰਾਉਂ ਵਲੋਂ ਕੁਝ ਸਮਾਂ ਪਹਿਲਾਂ ਕੂੜੇ ਕਰਕਟ ਨੂੰ ਚੁੱਕਣ ਲਈ 03 ਨਵੀਆਂ ਟਾਟਾ ਏਸ ਗੱਡੀਆਂ ਖਰੀਦ ਕੀਤੀਆਂ ਗਈਆਂ ਸਨ। ਜਿਹਨਾਂ ਵਲੋਂ ਰੋਜਾਨਾਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਅਤੇ ਮੁਹੱਲਿਆਂ ਵਿੱਚੋਂ ਕੂੜਾ ਕਰਕਟ ਇਕੱਤਰ ਕਰਕੇ ਸਿੱਧਾ ਮੇਨ ਡੰਪ ਤੇ ਸੁੱਟਿਆ ਜਾ ਰਿਹਾ ਹੈ। ਇੱਥੇ ਵਿਸ਼ੇਸ਼ ਤੌਰ ਤੇ ਦੱਸਣਯੋਗ ਹੈ ਕਿ ਨਗਰ ਕੌਂਸਲ ਵਲੋਂ ਸ਼ਹਿਰ ਵਾਸੀਆਂ ਦੀ ਸਹੂਲਤ ਅਤੇ ਸ਼ਹਿਰ ਨੂੰ ਸਾਫ-ਸੁਥਰਾ ਬਣਾਉਣ ਲਈ ਭਾਰਤ ਸਰਕਾਰ ਦੇ ਸਵੱਛ ਭਾਰਤ ਮਿਸ਼ਨ ਤਹਿਤ 14 ਜੁਲਾਈ 2022 ਨੂੰ 3 ਟਰੈਕਟਰ ਟਰਾਲੀਆਂ, 56 ਟਰਾਈ ਸਾਈਕਲ, 1 ਜੇ.ਸੀ.ਬੀ. ਮਸ਼ੀਨ, 1 ਬੇਲਿੰਗ ਮਸ਼ੀਨ, 1 ਗਰਾਂਈਡਰ, 50 ਈ.ਰਿਕਸ਼ਾ, 1 ਫਾਗਿੰਗ ਮਸ਼ੀਨ, 10 ਟਾਟਾ ਏਸ, 1 ਜੈਟਿੰਗ ਮਸ਼ੀਨ ਆਦਿ ਲਗਭਗ 5.07 ਕਰੌੜ ਰੁਪਏ ਦੇ ਸਾਮਾਨ ਦੀ ਮੰਗ ਕੀਤੀ ਗਈ ਸੀ। ਜਿਸ ਤਹਿਤ 80 ਟਰਾਈ ਸਾਈਕਲ, 1 ਟਰੈਕਟਰ ਟਰਾਲੀ, 1 ਬੇਲਿੰਗ ਮਸ਼ੀਨ, 1 ਗਰਾਂਈਡਰ ਅਤੇ 5 ਟਾਟਾ ਏਸ ਖਰੀਦ ਕਰਨ ਲਈ ਗ੍ਰਾਂਟ ਪ੍ਰਾਪਤ ਹੋਈ ਸੀ। ਇਸੇ ਲੜੀ ਨੂੰ ਅੱਗੇ ਲੈ ਕੇ ਜਾਂਦੇ ਹੋਏ ਨਗਰ ਕੌਂਸਲ ਵਲੋਂ ਸ਼ਹਿਰ ਵਾਸੀਆਂ ਦੀ ਸਹੂਲਤ ਲਈ 05 ਹੋਰ ਨਵੀਆਂ ਟਾਟਾ ਏਸ ਗੱਡੀਆਂ ਖਰੀਦ ਕਰਨ ਸਬੰਧੀ ਕਾਰਵਾਈ ਮੁਕੰਮਲ ਕਰਦੇ ਹੋਏ ਅੱਜ 03 ਨਵੀਆਂ ਟਾਟਾ ਏਸ ਗੱਡੀਆਂ ਦੀਆਂ ਚਾਬੀਆਂ ਪ੍ਰਧਾਨ ਜਤਿੰਦਰਪਾਲ, ਕੌਂਸਲਰ ਸਾਹਿਬਾਨ ਅਤੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਕੰਪਨੀ ਪਾਸੋਂ ਨਗਰ ਕੌਂਸਲ ਜਗਰਾਉਂ ਦੇ ਦਫਤਰ ਵਿਖੇ ਪ੍ਰਾਪਤ ਕੀਤੀਆਂ ਗਈਆਂ। ਇਸ ਮੌਕੇ ਜਤਿੰਦਰਪਾਲ ਪ੍ਰਧਾਨ ਵੱਲੋਂ ਦੱਸਿਆ ਗਿਆ ਕਿ ਨਗਰ ਕੌਂਸਲ ਵੱਲੋਂ ਸ਼ਹਿਰ ਵਾਸੀਆਂ ਨੂੰ ਕੂੜੇ ਦੀ ਸਮੱਸਿਆ ਤੋਂ ਨਿਜਾਤ ਦੁਆਉਣ ਲਈ ਪੂਰੀ ਮਿਹਨਤ ਨਾਲ ਯਤਨ ਕੀਤੇ ਜਾ ਰਹੇ ਹਨ।ਇਹਨਾਂ ਗੱਡੀਆਂ ਦੇ ਆਉਣ ਨਾਲ ਸ਼ਹਿਰ ਅੰਦਰ ਬੜੀ ਤੇਜੀ ਨਾਲ ਕੂੜਾ ਕਰਕਟ ਚੁੱਕਿਆ ਜਾਵੇਗਾ ਅਤੇ ਸ਼ਹਿਰ ਅੰਦਰ ਬਣੇ ਸਬ ਡੀਪੂਆਂ ਨੂੰ ਜਲਦ ਤੋਂ ਜਲਦ ਖਤਮ ਕੀਤਾ ਜਾਵੇ। ਉਹਨਾਂ ਵਲੋਂ ਦੱਸਿਆ ਗਿਆ ਕਿ ਆਉਣ ਵਾਲੇ 3-4 ਦਿਨਾਂ ਵਿੱਚ ਬਾਕੀ ਰਹਿੰਦੀਆਂ 02 ਟਾਟਾ ਏਸ ਵੀ ਨਗਰ ਕੌਂਸਲ ਨੂੰ ਪ੍ਰਾਪਤ ਹੋ ਜਾਣਗੀਆਂ। ਪ੍ਰਧਾਨ ਵਲੋਂ ਦੱਸਿਆ ਗਿਆ ਕਿ ਇਹਨਾਂ ਸਾਰੀਆਂ ਗੱਡੀਆਂ ਵਿੱਚ ਗਿੱਲੇ ਅਤੇ ਸੁੱਕੇ ਕੂੜੇ ਲਈ ਵੱਖਰੇ-ਵੱਖਰੇ ਕੰਪਾਟਮੈਂਟ ਬਣੇ ਹੋਏ ਹਨ। ਉਹਨਾਂ ਸ਼ਹਿਰ ਵਾਸੀਆਂ ਨੂੰ ਦੁਬਾਰਾ ਫਿਰ ਅਪੀਲ ਕੀਤੀ ਕਿ ਆਪਣੇ ਘਰਾਂ ਅਤੇ ਦੁਕਾਨਾਂ ਵਿੱਚ ਗਿੱਲੇ ਅਤੇ ਸੁੱਕੇ ਕੂੜੇ ਲਈ ਵੱਖਰੇ-ਵੱਖਰੇ ਡੱਸਟਬਿਨ ਲਗਾਏ ਜਾਣ ਅਤੇ ਨਗਰ ਕੌਂਸਲ ਦੇ ਸਫਾਈ ਕਰਮਚਾਰੀਆਂ ਨੂੰ ਗਿੱਲਾ ਅਤੇ ਸੁੱਕਾ ਕੂੜਾ ਵੱਖ-ਵੱਖ ਕਰਕੇ ਹੀ ਦਿੱਤਾ ਜਾਵੇ ਕਿਉਕਿ ਸ਼ਹਿਰ ਵਾਸੀਆਂ ਦੇ ਇਸ ਸਹਿਯੋਗ ਨਾਲ ਹੀ ਜਗਰਾਉਂ ਸ਼ਹਿਰ ਅੰਦਰੋਂ ਕੂੜੇ ਕਰਕਟ ਦੀ ਸਮੱਸਿਆ ਤੋਂ ਜਲਦ ਤੋਂ ਜਲਦ ਨਿਜਾਤ ਪਾਈ ਜਾ ਸਕਦੀ ਹੈ। ਇਸ ਮੌਕੇ ਤੇ ਸੁਖਦੇਵ ਕੌਰ ਜੂਨੀਅਰ ਮੀਤ ਪ੍ਰਧਾਨ, ਰਵਿੰਦਰਪਾਲ ਸਿੰਘ ਕੌਂਸਲਰ, ਗੁਰਪ੍ਰੀਤ ਕੌਰ ਤੱਤਲਾ ਕੌਂਸਲਰ, ਜਰਨੈਲ ਸਿੰਘ ਕੌਂਸਲਰ, ਅਮਨ ਕਪੂਰ ਕੌਂਸਲਰ, ਹਿਮਾਂਸ਼ੂ ਮਲਿਕ ਕੌਂਸਲਰ, ਵਿਕਰਮ ਜੱਸੀ ਕੌਂਸਲਰ, ਗੁਰਦੀਪ ਸਿੰਘ ਸੈਨਟਰੀ ਇੰਸਪੈਕਟਰ, ਦਵਿੰਦਰ ਸਿੰਘ, ਸਤਿੰਦਰਪਾਲ ਸਿੰਘ ਤੱਤਲਾ, ਅਸ਼ਵਨੀ ਬੱਲੂ ਸ਼ਰਮਾਂ, ਮਾਸਟਰ ਹਰਦੀਪ ਜੱਸੀ, ਤਾਰਕ, ਮੁਨੀਸ਼ ਕੁਮਾਰ, ਸਤਨਾਮ ਸਿੰਘ ਵਿੱਕੀ, ਜਤਿੰਦਰ ਸਿੰਘ ਜੋਤੀ, ਜਸਬੀਰ ਸਿੰਘ, ਸੁਖਜੀਤ ਸਿੰਘ ਖਹਿਰਾ ਆਦਿ ਹਾਜਰ ਸਨ।