ਬਠਿੰਡਾ (ਬੋਬੀ ਸਹਿਜਲ-ਧਰਮਿੰਦਰ ) ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ‘ਚ ਜ਼ਿਲ੍ਹੇ ਦੇ ਵੱਖ-ਵੱਖ ਅਧਿਕਾਰੀਆਂ ਤੇ ਪਰਾਲੀ ਨੂੰ ਸੰਭਾਲਣ ਲਈ ਉਦਯੋਗ ਲਗਾਉਣ ਵਾਲੇ ਨੁਮਾਇੰਦਿਆਂ ਨਾਲ ਪਰਾਲੀ ਦੇ ਪ੍ਰਬੰਧਨ ਸਬੰਧੀ ਇਕ ਵਿਸ਼ੇਸ਼ ਬੈਠਕ ਕੀਤੀ। ਇਸ ਮੌਕੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਕਰਵਾਈ ਗਈ ਵਰਕਸ਼ਾਪ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਰਾਲੀ ਨੂੰ ਇਕ ਪੂੰਜੀ ਵਜੋਂ ਵਰਤਿਆ ਜਾ ਸਕਦਾ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਝੋਨੇ ਦੀ ਪਰਾਲੀ ਤੇ ਇਸ ਦੀ ਰਹਿੰਦ-ਖੂੰਹਦ ਦੀ ਸੁਚੱਜੀ ਸਾਂਭ-ਸੰਭਾਲ ਤੋਂ ਇਲਾਵਾ ਪਰਾਲੀ ਦੀ ਪੂਰਨ ਖਪਤ ਸਬੰਧੀ ਜੋ ਵੀ ਉਦਯੋਗ ਲਗਾਉਣ ਦੇ ਚਾਹਵਾਨ ਹਨ, ਉਨਾਂ੍ਹ ਨੂੰ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਵਲੋਂ ਪੂਰਨ ਸਹਿਯੋਗ ਦਿੱਤਾ ਜਾਵੇਗਾ। ਇਸ ਦੌਰਾਨ ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਪਰਾਲੀ, ਰਹਿੰਦ-ਖੂੰਹਦ ਤੋਂ ਇਲਾਵਾ ਇਸ ਦੀ ਪੂਰਨ ਖ਼ਪਤ ਲਈ ਗੱਤੇ ਦੇ ਉਤਪਾਦਨ ਸਬੰਧੀ ਵੱਧ ਤੋਂ ਵੱਧ ਉਦਯੋਗ ਲਾਏ ਜਾਣ। ਇਸ ਮੌਕੇ ਉਦਯੋਗਾਂ ਦੇ ਨੁਮਾਇੰਦਿਆਂ ਨੇ ਆਪੋਂ-ਆਪਣੇ ਤਜ਼ਰਬੇ ਵੀ ਸਾਂਝੇ ਕੀਤੇ ਕਿ ਕਿਸ ਤਰਾਂ੍ਹ ਪਰਾਲੀ ਤੋਂ ਵੱਖ-ਵੱਖ ਤਰਾਂ੍ਹ ਦੀਆਂ ਵਰਤੋਂ ਯੋਗ ਚੀਜ਼ਾਂ ਤਿਆਰ ਕੀਤੀਆਂ ਜਾ ਸਕਦੀਆਂ ਹਨ ਜੋ ਕਿ ਇਕ ਕਮਾਈ ਦੇ ਸਾਧਨ ਵਜੋਂ ਵੀ ਸਹਾਈ ਸਿੱਧ ਹੋ ਸਕਦੀਆਂ ਹਨ। ਇਸ ਮੌਕੇ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਬਠਿੰਡਾ ਪ੍ਰਰੀਤ ਮਹਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਜੋ ਵੀ ਨੁਮਾਇੰਦਾ ਉਦਯੋਗ ਲਾਉਣ ਦਾ ਚਾਹਵਾਨ ਹੈ, ਉਸ ਨੂੰ ਪ੍ਰਧਾਨ ਮੰਤਰੀ ਰੁਜ਼ਗਾਰ ਯੋਜਨਾ ਤਹਿਤ 50 ਲੱਖ ਰੁਪਏ ਤੱਕ ਦਾ ਕਰਜ਼ਾ ਮੁਹੱਈਆ ਕਰਵਾਇਆ ਜਾਵੇਗਾ, ਜਿਸ ‘ਤੇ 35 ਫ਼ੀਸਦੀ ਸਬਸਿਡੀ ਵੀ ਦਿੱਤੀ ਜਾਵੇਗੀ। ਉਨਾਂ੍ਹ ਕਿਹਾ ਕਿ ਪੰਜਾਬ ਸਰਕਾਰ ਵਲੋਂ ਜਾਰੀ ਕੀਤੀ ਉਦਯੋਗਿਕ ਨੀਤੀ ਅਧੀਨ ਐਗਰੋ ਵੇਸਟ ਵਰਤਣ ਵਾਲੀਆਂ ਇਕਾਈਆਂ ਨੂੰ ਥਰਸਟ ਸੈਕਟਰ ਵਿਚ ਸ਼ਾਮਲ ਕਰ ਲਿਆ ਗਿਆ ਹੈ। ਇਸ ਮੌਕੇ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਐਸਡੀਓ ਰਵੀਪਾਲ, ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ਼ਿਵਪਾਲ ਗੋਇਲ ਤੋਂ ਇਲਾਵਾ ਉਦਯੋਗ ਲਾਉਣ ਵਾਲੇ ਚਾਹਵਾਨ ਅਤੇ ਥਰਮਲ ਦੇ ਨੁਮਾਇੰਦੇ ਆਦਿ ਹਾਜ਼ਰ ਸਨ।
