ਨਵਾਂਸ਼ਹਿਰ (ਰਾਜੇਸ ਜੈਨ-ਭਗਵਾਨ ਭੰਗੂ) ਜ਼ਿਲ੍ਹਾ ਪੁਲਿਸ ਵੱਲੋਂ ਦੋ ਨਸ਼ਾ ਸਮੱਗਲਰਾਂ ਨੂੰ ਵੱਖ-ਵੱਖ ਥਾਵਾਂ ਤੋਂ ਗਿ੍ਫ਼ਤਾਰ ਕਰ ਕੇ ਉਨਾਂ੍ਹ ਦੇ ਖਿਲਾਫ਼ ਮਾਮਲੇ ਦਰਜ ਕੀਤੇ ਗਏ ਹਨ। ਪੁਲਿਸ ਥਾਣਾ ਅੌੜ ਵਿਖੇ ਦਰਜ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ ਆਈ ਹੁਸਨ ਲਾਲ ਨੇ ਦੱਸਿਆ ਕਿ ਉਹ ਸਮੇਤ ਪੁਲਿਸ ਪਾਰਟੀ ਸਮਾਜ ਵਿਰੋਧੀ ਅਨਸਰਾਂ ਦੀ ਚੈਕਿੰਗ ਸਬੰਧੀ ਗਸ਼ਤ ਦੌਰਾਨ ਪਿੰਡ ਮੱਲਾ ਬੇਦੀਆਂ ਵਲ ਨੂੰ ਜਾ ਰਹੇ ਸਨ। ਜਦੋਂ ਪੁਲਿਸ ਪਾਰਟੀ ਸੂਆ ਪੁਲੀ ਨੇੜੇ ਪੁੱਜੀ ਤਾਂ ਸਾਹਮਣੇ ਤੋਂ ਆ ਰਹੇ ਇਕ ਨੌਜਵਾਨ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਆਪਣੀ ਜੇਬ ‘ਚੋਂ ਇਕ ਲਿਫਾਫੀ ਕੱਢ ਕੇ ਸੜਕ ਕਿਨਾਰੇ ਘਾਹ ਫੂਸ ਵਿਚ ਸੁੱਟ ਦਿੱਤੀ ਅਤੇ ਪਿੱਛੇ ਮੁੜ ਗਿਆ ਪਰ ਪੁਲਿਸ ਪਾਰਟੀ ਨੇ ਉਸ ਨੂੰ ਕਾਬੂ ਕਰ ਲਿਆ। ਪੁੱਛਣ ‘ਤੇ ਉਸ ਨੇ ਆਪਣਾ ਨਾਂ ਹਰਸ਼ ਪੁੱਤਰ ਬਲਵੀਰ ਲਾਲ ਵਾਸੀ ਪਿੰਡ ਘਟਾਰੋਂ ਥਾਣਾ ਅੌੜ ਦੱਸਿਆ। ਜਦੋਂ ਪੁਲਿਸ ਨੇ ਮੁਲਜ਼ਮ ਵੱਲੋਂ ਸੁੱਟੀ ਲਿਫਾਫੀ ਦੀ ਜਾਂਚ ਕੀਤੀ ਤਾਂ ਉਸ ਵਿਚੋਂ 5 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸੇ ਤਰਾਂ੍ਹ ਥਾਣਾ ਸਿਟੀ ਨਵਾਂਸ਼ਹਿਰ ਵਿਖੇ ਦਰਜ ਮਾਮਲੇ ਸਬੰਧੀ ਏਐੱਸਆਈ ਅਮਰਜੀਤ ਸਿੰਘ ਨੇ ਦੱਸਿਆ ਕਿ ਉਨਾਂ੍ਹ ਨੇ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਰੋਡਵੇਜ਼ ਡੀਪੂ ਨਵਾਂਸ਼ਹਿਰ ਦੇ ਦਫਤਰ ਨੇੜਿਓਂ ਇਕ ਵਿਅਕਤੀ ਨੂੰ ਕਾਬੂ ਕਰ ਕੇ ਉਸ ਕੋਲੋਂ 5 ਗ੍ਰਾਮ ਹੈਰੋਇਨ ਬਰਾਮਦ ਕੀਤੀ। ਕਾਬੂ ਕੀਤੇ ਗਏ ਵਿਅਕਤੀ ਦੀ ਪਛਾਣ ਮਨਜੀਤ ਰਾਮ ਉਰਫ਼ ਸੀਤਾ ਪੁੱਤਰ ਗੁਰਮੇਜ ਰਾਮ ਵਾਸੀ ਪਿੰਡ ਬਹਾਦਰਪੁਰ ਥਾਣਾ ਅੌੜ ਵਜੋਂ ਕੀਤੀ ਗਈ ਹੈ। ਪੁਲਿਸ ਵੱਲੋਂ ਉਕਤ ਮੁਲਜ਼ਮਾਂ ਦੇ ਖਿਲਾਫ਼ ਮਾਮਲੇ ਦਰਜ ਕਰ ਕੇ ਅਗਲੀ ਤਫਤੀਸ਼ ਅਮਲ ਵਿਚ ਲਿਆਂਦੀ ਗਈ ਹੈ।
