ਅੰਮ੍ਰਿਤਸਰ (ਰਾਜੇਸ ਜੈਨ-ਲਿਕੇਸ ਸ਼ਰਮਾ ) ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਸ਼ਨਿਚਰਵਾਰ ਨੂੰ ਅੰਮ੍ਰਿਤਸਰ ਦੀ ਤਹਿਸੀਲ ਕੰਪਲੈਕਸ ’ਚ ਜ਼ਮੀਨ-ਜਾਇਦਾਦਾਂ ਦਾ ਬਕਾਇਆ ਖਤਮ ਕਰਨ ਲਈ ਲਗਾਏ ਗਏ ਕੈਂਪ ’ਚ ਅਧਿਕਾਰੀਆਂ ਦੀ ਕਾਰਜਸ਼ੈਲੀ ਨੂੰ ਦੇਖ ਕੇ ਭੜਕ ਗਏ। ਕਿਉਂਕਿ ਪੰਜਾਬ ਸਰਕਾਰ ਦੇ ਹੁਕਮ ਹਨ ਕਿ ਜਨਤਾ ਨੂੰ ਕਿਸੇ ਵੀ ਕੀਮਤ ’ਤੇ ਪੇ੍ਰਸ਼ਾਨ ਨਾ ਕੀਤਾ ਜਾਵੇ, ਪਰ ਇੱਥੋਂ ਦੇ ਹਾਲਾਤ ਕੁਝ ਹੋਰ ਹੀ ਬਿਆਨ ਕਰ ਰਹੇ ਸਨ। ਤਹਿਸੀਲਦਾਰ (2) ਅਮਰਜੀਤ ਸਿੰਘ ਦੇ ਦਫ਼ਤਰ ਅੱਗੇ ਪੈਂਡਿੰਗ ਦਾ ਪਹਾੜ ਅਤੇ ਲੋਕਾਂ ਨੂੰ ਪੇ੍ਰਸ਼ਾਨ ਹੁੰਦੇ ਦੇਖ ਕੇ ਮੰਤਰੀ ਨੇ ਉੱਥੇ ਹੀ ਤਾੜਨਾ ਕਰਨੀ ਸ਼ੁਰੂ ਕਰ ਦਿੱਤੀ।
ਮੰਤਰੀ ਕੁਲਦੀਪ ਸਿੰਘ ਧਾਲੀਵਾਲ ਕਰੀਬ 20 ਮਿੰਟ ਉਥੇ ਰਹੇ ਅਤੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਕਾਰਜਸ਼ੈਲੀ ਦਾ ਵੀ ਨਿਰੀਖਣ ਕੀਤਾ। ਉਥੇ ਤਹਿਸੀਲਦਾਰ ਤਾਂ ਬੈਠਾ ਸੀ ਪਰ ਨਾ ਕੋਈ ਕਾਨੂੰਗੋ ਸੀ ਤੇ ਨਾ ਹੀ ਕੋਈ ਪਟਵਾਰੀ। ਇਸ ਸਥਿਤੀ ਨੂੰ ਦੇਖਦਿਆਂ ਮੰਤਰੀ ਧਾਲੀਵਾਲ ਨੇ ਆਖਰਕਾਰ ਕਿਹਾ ਕਿ ਕਿਥੇ ਤੁਹਾਡੇ ਪਟਵਾਰੀ ਅਤੇ ਕਿਥੇ ਤੁਹਾਡੇ ਕਾਨੂੰਗੋ, ਤੁਸੀਂ ਲੋਕਾਂ ਦਾ ਕੰਮ ਕਿਦਾ ਕਰੋਗੇ? ਇਸ ਤੋਂ ਬਾਅਦ ਤਹਿਸੀਲਦਾਰ ਨੇ ਮੰਤਰੀ ਨੂੰ ਦੱਸਿਆ ਕਿ ਉਨ੍ਹਾਂ ਦੇ ਕੈਂਪ ਵਿੱਚ ਪੰਜ ਸੌ ਤੋਂ ਵੱਧ ਇੰਤਕਾਲ ਦਰਜ ਕੀਤੀਆਂ ਜਾਣੀਆਂ ਹਨ ਅਤੇ 275 ਪੈਂਡਿੰਗ ਕੇਸ ਬਾਕੀ ਹਨ।ਮੰਤਰੀ ਨੇ ਉੱਥੇ ਮੌਜੂਦ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਸਾਰਾ ਕੰਮ ਤਿੰਨ ਦਿਨਾਂ ਵਿੱਚ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਨੂੰ ਤਹਿਸੀਲਾਂ ਵਿੱਚ ਕਿਸੇ ਵੀ ਕੀਮਤ ’ਤੇ ਖਜ਼ਲ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਤਹਿਸੀਲਦਾਰ ਨੂੰ ਫਟਕਾਰ ਲਾਈ ਹੈ ਅਤੇ ਇਸ ਪੈਂਡਿੰਗ ਨੂੰ ਜਲਦੀ ਖਤਮ ਕਰਨ ਦੇ ਹੁਕਮ ਦਿੱਤੇ ਹਨ। ਇਸ ਤੋਂ ਬਾਅਦ ਮੰਤਰੀ ਨਾਇਬ ਤਹਿਸੀਲਦਾਰ ਅਜੈ ਸ਼ਰਮਾ ਕੋਲ ਪੁੱਜੇ। ਉੱਥੇ ਉਹ ਆਪਣੇ ਸਟਾਫ਼ ਨਾਲ ਕੰਮ ਪੂਰਾ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਕੈਂਪ ਵਿੱਚ 275 ਇੰਤਕਾਲ ਦਰਜ ਕੀਤੀਆਂ ਜਾਣੀਆਂ ਸਨ। ਜਿਸ ’ਤੇ ਸਿਰਫ਼ 88 ਕੇਸ ਪੈਂਡਿੰਗ ਹਨ। ਜਿਸ ਨੂੰ ਇੱਕ-ਦੋ ਦਿਨਾਂ ਵਿਚ ਰਜਿਸਟਰਡ ਕਰ ਲਿਆ ਜਾਵੇਗਾ।