ਰਾਏਕੋਟ, 24 ਅਪ੍ਰੈਲ ( ਜਗਰੂਪ ਸੋਹੀ )-ਵਿਦੇਸ਼ ਭੇਜਣ ਦੇ ਨਾਂ ’ਤੇ 7 ਲੱਖ 81 ਹਜ਼ਾਰ 500 ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਥਾਣਾ ਸਦਰ ਰਾਏਕੋਟ ’ਚ ਪਿਓ-ਪੁੱਤ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਚੌਕੀ ਜਲਾਲਦੀਵਾਲ ਦੇ ਇੰਚਾਰਜ ਏ.ਐਸ.ਆਈ ਲਖਬੀਰ ਸਿੰਘ ਨੇ ਦੱਸਿਆ ਕਿ ਪਿੰਡ ਸਾਹਿਬਜਾਪੁਰ ਰਾਏਕੋਟ ਦੇ ਰਹਿਣ ਵਾਲੇ ਮਨਜੋਤ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਕਿਹਾ ਹੈ ਕਿ ਉਸ ਨੂੰ ਮਾਲਟਾ ਭੇਜਣ ਦੇ ਮਾਮਲੇ ’ਚ ਉਸ ਨੇ ਟਹਿਲ ਸਿੰਘ ਅਤੇ ਉਸਦੇ ਲੜਕੇ ਪਰਗਟ ਸਿੰਘ ਵਾਸੀ ਪਿੰਡ ਮਹਿਮਦਪੁਰ ਥਾਣਾ ਸ਼ੇਰਪੁਰ ਜ਼ਿਲ੍ਹਾ ਸੰਗਰੂਰ ਨੇ ਉਸ ਨਾਲ 7 ਲੱਖ 50 ਹਜਾਰ ਰੁਪਏ ਵਿਚ ਗੱਲ ਤੈਅ ਕੀਤੀ ਸੀ। ਇਹ ਰਕਮ ਮਨਜੋਤ ਸਿੰਘ ਅਤੇ ਉਸ ਦੇ ਪਿਤਾ ਸੁਖਵਿੰਦਰ ਸਿੰਘ ਵੱਲੋਂ ਵੱਖ-ਵੱਖ ਬੈਂਕ ਖਾਤਿਆਂ ਵਿੱਚੋਂ 5,11,500 ਰੁਪਏ ਦੀ ਇਹ ਰਕਮ ਇਨ੍ਹਾਂ ਪਾਸ ਟਰਾਂਸਫਰ ਕਰਵਾਈ ਸੀ। ਇਨ੍ਹਾਂ ਵਿੱਚੋਂ 50 ਹਜ਼ਾਰ ਰੁਪਏ ਟਹਿਲ ਸਿੰਘ ਦੇ ਬੈਂਕ ਖਾਤੇ ਵਿੱਚ ਜਮ੍ਹਾਂ ਕਰਵਾ ਦਿੱਤੇ ਗਏ। ਇਸ ਤੋਂ ਇਲਾਵਾ ਮਨਜੋਤ ਸਿੰਘ ਨੇ ਟਹਿਲ ਸਿੰਘ ਨੂੰ 2 ਲੱਖ 70 ਹਜ਼ਾਰ ਰੁਪਏ ਨਕਦ ਦਿੱਤੇ। ਜਿਸ ਦੀ ਉਸ ਨੇ ਟਹਿਲ ਸਿੰਘ ਨਾਲ ਹੋਈ ਗੱਲਬਾਤ ਦੀ ਰਿਕਾਰਡਿੰਗ ਵਿੱਚ ਵੀ ਪੁਸ਼ਟੀ ਕੀਤੀ ਹੈ। ਜਿਸ ਵਿੱਚ ਟਹਿਲ ਸਿੰਘ ਨੇ 5 ਲੱਖ 76 ਹਜ਼ਾਰ ਰੁਪਏ ਦੀ ਗੱਲ ਮੰਨੀ ਹੈ। ਇਸ ਸ਼ਿਕਾਇਤ ਦੀ ਜਾਂਚ ਡੀ.ਐਸ.ਪੀ ਰਾਏਕੋਟ ਵਲੋਂ ਕੀਤੀ ਗਈ। ਸ਼ਿਕਾਇਤ ਦੀ ਜਾਂਚ ਤੋਂ ਬਾਅਦ ਪਰਗਟ ਸਿੰਘ ਅਤੇ ਉਸਦੇ ਪਿਤਾ ਟਹਿਲ ਸਿੰਘ ਖਿਲਾਫ ਮਨਜੋਤ ਸਿੰਘ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ 7,81,500 ਰੁਪਏ ਦੀ ਠੱਗੀ ਮਾਰਨ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਗਿਆ ਹੈ।