ਅੰਮ੍ਰਿਤਸਰ,(ਰੋਹਿਤ ਗੋਇਲ – ਵਿਕਾਸ ਮਠਾੜੂ) : ਬਾਬਾ ਸਾਹਿਬ ਚੌਕ ‘ਚ ਸ਼ੁੱਕਰਵਾਰ ਤੜਕੇ 3:30 ਵਜੇ ਇਕ ਕਾਸਮੈਟਿਕ ਦੀ ਦੁਕਾਨ ‘ਚ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਕੁਝ ਹੀ ਸਮੇਂ ‘ਚ ਦੂਜੀ ਮੰਜ਼ਿਲ ਤਕ ਫੈਲ ਗਈ। ਇਸ ਦੌਰਾਨ ਛੱਤ ‘ਤੇ ਸੁੱਤੇ ਪਿਓ-ਪੁੱਤ ਨੇ ਆਪਣੇ-ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ।ਪੁੱਤਰ ਤਾਂ ਕਿਸੇ ਤਰ੍ਹਾਂ ਬਚ ਗਿਆ ਪਰ ਪਿਤਾ ਅੱਗ ਦੀ ਲਪੇਟ ‘ਚ ਆ ਗਿਆ।ਇਸ ਘਟਨਾ ਦਾ ਪਤਾ ਲੱਗਦਿਆਂ ਹੀ ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚ ਗਈ।ਮੌਕੇ ‘ਤੇ ਮੌਜੂਦ ਚਸ਼ਮਦੀਦਾਂ ਨੇ ਦੱਸਿਆ ਕਿ ਪਰਮਜੀਤ ਸਿੰਘ (50) ਆਪਣੇ ਲੜਕੇ ਨਾਲ ਬਾਬਾ ਸਾਹਿਬ ਚੌਕ ‘ਚ ਕਾਸਮੈਟਿਕ ਦੀ ਦੁਕਾਨ ਚਲਾਉਂਦਾ ਹੈ, ਵੀਰਵਾਰ ਨੂੰ ਦੁਕਾਨ ਬੰਦ ਕਰਨ ਤੋਂ ਬਾਅਦ ਉਹ ਦੁਕਾਨ ਦੀ ਪਹਿਲੀ ਮੰਜ਼ਿਲ ‘ਤੇ ਬਣੇ ਘਰ ‘ਚ ਸੌਂ ਗਿਆ। ਸਵੇਰੇ ਸਾਢੇ 3 ਵਜੇ ਜਦੋਂ ਅੱਗ ਲੱਗੀ ਤਾਂ ਉਨ੍ਹਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਲੋਕ ਤੁਰੰਤ ਇਕੱਠੇ ਹੋ ਗਏ ਤੇ ਕਿਸੇ ਤਰ੍ਹਾਂ ਉਨ੍ਹਾਂ ਨੂੰ ਹੇਠਾਂ ਉਤਾਰਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਵੀ ਸੂਚਿਤ ਕੀਤਾ ਪਰ ਅੱਗ ਚਾਰੇ ਪਾਸੇ ਫੈਲ ਚੁੱਕੀ ਸੀ।ਪਰਮਜੀਤ ਦੇ ਲੜਕੇ ਨੇ ਪਹਿਲੀ ਮੰਜ਼ਿਲ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ ਪਰ ਪਰਮਜੀਤ ਖੁਦ ਨਹੀਂ ਆ ਸਕਿਆ ਤੇ ਘਰ ਦੇ ਅੰਦਰ ਹੀ ਸੜ ਗਿਆ। ਮੌਕੇ ‘ਤੇ ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਨੇ ਪਹੁੰਚ ਕੇ ਕਿਸੇ ਤਰ੍ਹਾਂ ਸਵੇਰੇ 9:30 ਵਜੇ ਤੱਕ ਅੱਗ ‘ਤੇ ਕਾਬੂ ਪਾਇਆ ਗਿਆ।ਮੌਕੇ ‘ਤੇ ਪਹੁੰਚੇ ਇੰਸਪੈਕਟਰ ਸ਼ਿਵਦਰਸ਼ਨ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ ਗਿਆ ਹੈ।
