ਬਠਿੰਡਾ (ਭਗਵਾਨ ਭੰਗੂ-ਲਿਕੇਸ ਸ਼ਰਮਾ ) ਸ਼ਹਿਰ ਵਿਚ ਝਪਟਮਾਰਾਂ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਦਿਨ-ਦਿਹਾੜੇ ਖੋਹ ਦੀਆਂ ਵਾਰਦਾਤਾਂ ਵਾਪਰਦੀਆਂ ਹਨ। ਨਿੱਤ ਦਿਨ ਵਾਪਰ ਰਹੀਆਂ ਵਾਰਦਾਤਾਂ ਕਾਰਨ ਸ਼ਹਿਰ ਵਾਸੀਆਂ ਵਿਚ ਡਰ ਦਾ ਮਾਹੌਲ ਹੈ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋਈ ਹੈ, ਜਿਸ ‘ਚ ਦਿਨ ਦਿਹਾੜੇ ਸਥਾਨਕ ਅਜੀਤ ਰੋਡ ‘ਤੇ ਪੈਦਲ ਜਾ ਰਹੀ ਇਕ ਬਜ਼ੁਰਗ ਅੌਰਤ ਦੇ ਕੰਨਾਂ ‘ਚੋਂ ਦੋ ਲੁਟੇਰੇ ਕੰਨਾਂ ਦੀਆਂ ਵਾਲੀਆਂ ਖੋਹ ਲੈਂਦੇ ਹਨ। ਵੀਡੀਓ ਵਾਇਰਲ ਹੋਣ ਤੋਂ ਬਾਅਦ ਸਥਾਨਕ ਪੁਲਿਸ ਨੇ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਸੀਸੀਟੀਵੀ ਕੈਮਰੇ ਦੀ ਫੁਟੇਜ ਤੋਂ ਖੋਹ ਕਰਨ ਵਾਲਿਆਂ ਦੀ ਪਛਾਣ ਕਰਕੇ ਉਨ੍ਹਾਂ ਦੀ ਭਾਲ ਜਾਰੀ ਹੈ। ਵਾਇਰਲ ਵੀਡੀਓ ਮੁਤਾਬਕ ਇਕ ਬਜ਼ੁਰਗ ਅੌਰਤ ਅਜੀਤ ਰੋਡ ‘ਤੇ ਪੈਦਲ ਜਾ ਰਹੀ ਹੈ, ਜਿਸ ਦੇ ਪਿੱਛੇ ਮੋਟਰਸਾਈਕਲ ਸਵਾਰ ਦੋ ਨੌਜਵਾਨ ਆਏ। ਇਕ ਨੌਜਵਾਨ ਪਹਿਲਾਂ ਮੋਟਰਸਾਈਕਲ ਤੋਂ ਉਤਰਦਾ ਹੈ ਅਤੇ ਬਜ਼ੁਰਗ ਅੌਰਤ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੰਦਾ ਹੈ, ਜਦਕਿ ਉਸ ਦਾ ਦੂਜਾ ਸਾਥੀ ਗਲੀ ਦੇ ਮੋੜ ‘ਤੇ ਮੋਟਰਸਾਈਕਲ ਲੈ ਕੇ ਖੜ੍ਹਾ ਹੁੰਦਾ ਹੈ। ਇਸ ਤੋਂ ਬਾਅਦ ਬਜ਼ੁਰਗ ਅੌਰਤ ਦਾ ਪਿੱਛਾ ਕਰ ਰਹੇ ਲੁਟੇਰੇ ਨੇ ਅੌਰਤ ਦੇ ਕੰਨਾਂ ਤੋਂ ਵਾਲੀਆਂ ਝਪਟ ਲਈਆਂ ਅਤੇ ਅੱਗੇ ਖੜ੍ਹੇ ਆਪਣੇ ਸਾਥੀ ਨਾਲ ਮੋਟਰਸਾਈਕਲ ‘ਤੇ ਬੈਠ ਕੇ ਫ਼ਰਾਰ ਹੋ ਗਿਆ। ਇਹ ਸਾਰੀ ਘਟਨਾ ਗਲੀ ਵਿਚ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਜਿਸ ਵਿਚ ਇਹ ਸਾਫ ਦਿਖਾਈ ਦੇ ਰਿਹਾ ਹੈ ਕਿ ਝਪਟਮਾਰਾਂ ਨੇ ਬਿਨਾਂ ਕਿਸੇ ਡਰ ਖ਼ੌਫ਼ ਤੋਂ ਉਕਤ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਥਾਣਾ ਸਿਵਲ ਲਾਈਨ ਦੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਲਦੀ ਹੀ ਲੁਟੇਰਿਆਂ ਦੀ ਪਛਾਣ ਕਰਕੇ ਉਨਾਂ੍ਹ ਨੂੰ ਕਾਬੂ ਕਰ ਲਿਆ ਜਾਵੇਗਾ।
