ਭੁੱਚੋ ਮੰਡੀ (ਰੋਹਿਤ-ਮੋਹਿਤ) ਰਾਸ਼ਨ ਕਾਰਡ ਕੱਟੇ ਜਾਣ ਦੇ ਵਿਰੋਧ ਵਿਚ ਕਾਰਡ ਹੋਲਡਰਾਂ ਨੇ ਸਥਾਨਕ ਫੁਆਰਾ ਚੌਕ ਵਿੱਚ ਸਿਵ ਸੈਨਾ ਬਾਲਾ ਸਾਹਿਬ ਠਾਕਰੇ ਦੀ ਅਗਵਾਈ ਵਿਚ ਧਰਨਾ ਦੇ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਜ਼ਿਲ੍ਹਾ ਪ੍ਰਧਾਨ ਹੈਪੀ ਕੁਮਾਰ ਸਾਕਿਆ ਅਤੇ ਸੀਨੀਅਰ ਆਗੂ ਰਾਮ ਕਿਸ਼ਨ ਕੋਹਲੀ ਨੇ ਸੰਬੋਧਨ ਕਰਦਿਆਂ ਪੰਜਾਬ ਦੀ ‘ਆਪ’ ਸਰਕਾਰ ਉੱਪਰ ਗਰੀਬ ਵਿਰੋਧੀ ਹੋਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰ ਬਿਨਾਂ ਕਾਰਨ ਗਰੀਬ ਤੇ ਲੋੜਵੰਦ ਲਾਭਪਾਤਰੀਆਂ ਦੇ ਰਾਸ਼ਨ ਕਾਰਡ ਕੱਟ ਰਹੀ ਹੈ। ਉਨਾਂ੍ਹ ਕਿਹਾ ਕਿ ਗ਼ਰੀਬਾਂ ਨੇ ਲੰਮੇ ਸੰਘਰਸ਼ ਮਗਰੋ ਰਾਸ਼ਨ ਕਾਰਡ ਤੇ ਰਸੋਈ ਵਿਚ ਵਰਤੀਆਂ ਜਾਣ ਵਾਲੀਆਂ ਰੋਜ਼ਾਨਾ ਵਸਤੂਆਂ ਲੈਣ ਦੀਆਂ ਸਹੂਲਤਾਂ ਪ੍ਰਰਾਪਤ ਕੀਤੀਆਂ ਸਨ, ਜੋ ਸਰਕਾਰ ਖੋਹ ਰਹੀ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਰਾਸ਼ਨ ਕਾਰਡਾਂ ਦੀ ਦੁਬਾਰਾ ਜਾਂਚ ਕੀਤੀ ਜਾਵੇ ਤੇ ਜੋ ਰਾਸ਼ਨ ਕਾਰਡ ਕੱਟੇ ਗਏ ਹਨ, ਉਨਾਂ੍ਹ ਨੂੰ ਤੁਰੰਤ ਬਹਾਲ ਕੀਤਾ ਜਾਵੇ। ਧਰਨੇ ਵਿਚ ਪੁੱਜੇ ਹਲਕਾ ਵਿਧਾਇਕ ਮਾਸਟਰ ਜਗਸੀਰ ਸਿੰਘ ਦੇ ਪੀਏ ਵਲੋਂ ਵਿਧਾਇਕ ਅਤੇ ਜਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਕਰਵਾਏ ਜਾਣ ਦਾ ਭਰੋਸਾ ‘ਤੇ ਧਰਨਾ ਸਮਾਪਤ ਕੀਤਾ ਗਿਆ।
