ਪਿਛਲੇ ਸਮੇਂ ਤੋਂ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਰਮਿਆਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਗੁਰਬਾਣੀ ਦੇ ਮੁਫ਼ਤ ਪ੍ਰਸਾਰਣ ਨੂੰ ਲੈ ਕੇ ਚੱਲ ਰਹੀ ਖਿੱਚੋਤਾਣ ਦੌਰਾਨ ਚੱਲ ਰਹੀ ਹੈ। ਪੰਜਾਬ ਸਰਕਾਰ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਗੁਰਬਾਣੀ ਦੇ ਮੁਫਤ ਪ੍ਰਸਾਰਣ ਲਈ ਅਤਿ-ਆਧੁਨਿਕ ਸਾਜ਼ੋ-ਸਾਮਾਨ ਮੁਹੱਈਆ ਕਰਵਾਉਣ ਦੀ ਪੇਸ਼ਕਸ਼ ਕੀਤੀ ਗਈ ਤਾਂ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਮਜ਼ਾਕ ਉਡਾਇਆ ਗਿਆ। ਉਸਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਿੱਖ ਗੁਰਦੁਆਰਾ ਐਕਟ ਵਿਚ ਸੋਧ ਬਿਲ ਨੂੰ ਵਿਧਾਨ ਸਭਾ ਵਿੱਚ ਪਾਸ ਕਰ ਦਿਤਾ। ਜਿਸ ਲਈ ਹੁਣ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਧੇ ਤੌਰ ’ਤੇ ਕਿਰਪਾਨਾਂ ਕੱਢ ਲਈਆਂ ਹਨ। ਸ਼ਬਦੀ ਹਮਲੇ ਤੇਜ ਕਰ ਦਿਤੇ ਗਏ। ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਦੇ ਸਿਪਾਹਸਿਲਾਰ ਮੈਦਾਨ ਵਿਚ ਡਟ ਗਏ ਤਾਂ ਕਿ ਪੰਜਾਬ ਸਰਕਾਰ ਨੂੰ ਬੈਕਫੁੱਟ ਤੇ ਲਿਆਂਦਾ ਜਾ ਸਕੇ। ਸ਼੍ਰੋਮਣੀ ਕਮੇਟੀ ਵਲੋਂ ਸਪੈਸ਼ਲ ਇਜਲਾਸ ਬੁਲਾ ਕੇ ਪੰਜਾਬ ਵਿਧਾਨ ਸਭਾ ਵਿਚ ਪਾਸ ਕੀਤਾ ਗਿਆ ਸੋਧ ਬਿਲ ਰੱਦ ਕਰਨ ਦਾ ਮਤਾ ਪਾਸ ਕੀਤਾ ਗਿਆ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਿੱਖ ਮੰਨਣ ਤੋਂ ਹੀ ਇਨਕਾਰ ਕਰ ਦਿੱਤਾ। ਹੁਣ ਇੱਥੇ ਇੱਕ ਵੱਡਾ ਸਵਾਲ ਪੈਦਾ ਹੁੰਦਾ ਹੈ ਕਿ ਗੁਰਬਾਣੀ ਸੁਣਨਾ, ਗੁਰਦੁਆਰਾ ਸਾਹਿਬ ਜਾਣਾ ਅਤੇ ਗੁਰਮਤਿ ਅਨੁਸਾਰ ਕੰਮ ਕਰਨਾ ਹਰ ਸਿੱਖ ਦਾ ਹੱਕ ਹੈ। ਸਗੋਂ ਮੈਂ ਇਹ ਵੀ ਕਹਾਂਗਾ ਕਿ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਨੀਂਹ ਰੱਖਣ ਸਮੇਂ ਗੁਰੂ ਸਾਹਿਬ ਨੇ ਸਾਰੇ ਧਰਮਾਂ ਲਈ ਚਾਰ ਦਰਵਾਜੇ ਰੱਖਏ ਸਨ ਅਤੇ ਉਸੇ ਸਮੇਂ ਸਾਰੇ ਭੇਦ ਮਿਟਾ ਦਿਤੇ ਸਨ। ਪਰ ਜੋ ਕੁਝ ਮੌਜੂਦਾ ਸਮੇਂ ਵਿਚ ਹੋ ਰਿਹਾ ਹੈ ਉਹ ਪੂਰੀ ਤਰ੍ਹਾਂ ਸਿੱਖ ਸਿਧਾਂਤਾਂ, ਦੇ ਉਲਟ ਹੈ। ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਲੋਕ ਹੀ ਸਿਰਫ ਸਿੱਖ ਹਨ ? ਜੋ ਇਨ੍ਹਾਂ ਨਾਲ ਜੁੜਿਆ ਨਹੀਂ ਹੈ ਉਹ ਸਿੱਖ ਨਹੀਂ ? ਜੇਕਰ ਗੁਰਬਾਣੀ ਦਾ ਪ੍ਰਸਾਰਣ ਮੁਫਤ ਕੀਤਾ ਜਾਵੇ ਤਾਂ ਦੇਸ਼-ਵਿਦੇਸ਼ ਦੀ ਸੰਗਤ ਇਸ ਦਾ ਲਾਭ ਉਠਾ ਸਕਦੀ ਹੈ। ਸ਼੍ਰੋਮਣੀ ਕਮੇਟੀ ਪਾਸੋਂ ਸਿੱਖ ਸੰਗਤ ਲੰਬੇ ਸਮੇਂ ਤੋਂ ਆਪਣਾ ਧਾਰਮਿਕ ਚੈਨਲ ਚਲਾਉਣ ਦੀ ਮੰਗ ਕਰ ਰਹੀ ਹੈ, ਉਸ ’ਤੇ ਵੀ ਕੋਈ ਜਵਾਬ ਨਹੀਂ ਦਿੱਤਾ ਜਾਂਦਾ। ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਪੈਸੇ ਦੀ ਕੋਈ ਕਮੀ ਹੈ ? ਹੁਣ ਦੁਨੀਆ ਭਰ ਦੇ ਸੋਸ਼ਲ ਮੀਡੀਆ ਬਾਰੇ ਜਾਣੂ ਹਰ ਵਿਅਕਤੀ ਯੂਟਿਊਬ ’ਤੇ ਆਪਣਾ ਚੈਵਲ ਬਣਾ ਕੇ ਕਮਾਈ ਕਰ ਰਿਹਾ ਹੈ ਅਤੇ ਆਪਣੀ ਗੱਲ ਹਰ ਇਕ ਪਾਸ ਪਹੁੰਚਾਉਣ ਵਿਚ ਸਫਲ ਹੋ ਰਿਹਾ ਹੈ। ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਵਿਚ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਪ੍ਰਧਾਨ ਐਡਵੋਕੇਟ ਧਾਮੀ ਨੂੰ ਆਪਣਾ ਯੂ ਟਿਊਬ ਚੈਨਲ ਸ਼ੁਰੂ ਕਰਨ ਦੀ ਬੇਨਤੀ ਕੀਤੀ ਤਾਂ ਧਾਮੀ ਸਾਹਿਬ ਇਸਤੇ ਵੀ ਚੁੱਪ ਕਰ ਗਏ। ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਇਹ ਕਹਿ ਰਹੇ ਹਨ ਕਿ ਪੀ ਟੀ ਸੀ ਚੈਨਲ ’ਤੇ ਗੁਰਬਾਣੀ ਪ੍ਰਸਾਰਣ ਲਈ ਕੋਈ ਪੈਸਾ ਨਹੀਂ ਖਰਚਿਆ ਜਾਂਦਾ ਪਰ। ਪਰ ਪੀਟੀਸੀ ਚੈਨਲ ਦਾ ਪ੍ਰਸਾਰਣ ਫ੍ਰੀ ਟੂ ਏਅਰ ਨਹੀਂ ਹੈ। ਜੋ ਵੀ ਪੀਟੀਸੀ ਚੈਨਲ ਦੇਖਣਾ ਚਾਹੁੰਦਾ ਹੈ ਉਸ ਨੂੰ ਪੈਸੇ ਦੇ ਕੇ ਕੇਬਲ ਲਗਾਉਣੀ ਪੈਂਦੀ ਹੈ, ਇਹ ਮੁਫਤ ਡਿਸ਼ ’ਤੇ ਉਪਲਬਧ ਨਹੀਂ ਹੈ। ਜੇ ਕੋਈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਸੁਨਣੀ ਚਾਹੁੰਦਾ ਹੈ ਤਾਂ ਯੂ-ਟਿਊਬ ’ਤੇ ਵੀ ਉਹ ਪੀਟੀਸੀ ਚੈਨਲ ਰਾਹੀਂ ਹੀ ਦੇਖੀ ਜਾ ਸਕਦੀ ਹੈ। ਇਸ ਤੋਂ ਕਰੋੜਾਂ ਰੁਪਏ ਕਮਾਈ ਹੁੰਦੀ ਹੈ। ਅਜਿਹੀ ਕਿਹੜੀ ਮਜ਼ਬੂਰੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਰਫ ਪੀਟੀਸੀ ਚੈਨਲ ’ਤੇ ਹੀ ਅੜੀ ਹੋਈ ਹੈ। ਅਜਲਾਸ ਵਿਚ ਸ਼ੋਧ ਬਿਲ ਨੂੰ ਰੱਦ ਕਰਕੇ ਹੁਣ ਪੰਜਾਬ ਸਰਕਾਰ ਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਉਹ ਇਸ ਬਿੱਲ ਨੂੰ ਵਾਪਸ ਲਏ। ਜੇਕਰ ਇਹ ਵਾਪਸ ਨਾ ਲਿਆ ਗਿਆ ਤਾਂ ਪੰਜਾਬ ਭਰ ’ਚ ਵੱਡੇ ਪੱਧਰ ’ਤੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਵਿਰਸਾ ਸਿੰਘ ਵਲਟੋਹਾ ਸਿੱਖੀ ਦਾ ਸਰਟੀਫਿਟੇਕ ਵੰਡ ਰਹੇ ਹਨ ਅਤੇ ਦੱਸ ਰਹੇ ਹਨ ਕਿ ਆਹ ਬੰਦਾ ਸਿੱਖ ਹੈ ਅਤੇ ਆਹ ਨਹੀਂ । ਵਲਟੋਹਾ ਇਸ ਮਾਮਲੇ ਨੂੰ ਲੈ ਕੇ ਕਾਫੀ ਬਿਆਨਬਾਜ਼ੀ ਕਰ ਰਹੇ ਹਨ, ਕਈ ਵਾਰੀ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਪਸੰਦ ਨਹੀਂ ਕਰਦੇ। ਪਰ ਇਸਦੇ ਨਾਲ ਹੀ ਸਿੱਖ ਸੰਗਤ ਇਹ ਸਵਾਲ ਵੀ ਪੁੱਛ ਰਹੀ ਹੈ ਕਿ ਜਦੋਂ ਡੇਰਾ ਸਰਸਾ ਦੇ ਮੁਖੀ ਰਾਮ ਰਹੀਮ ਨੂੰ ਮੁਆਫੀ ਦਿਤੀ ਗਈ ਸੀ ਅਤੇ ਬਰਗਾੜੀ ਵਰਗਾ ਕਾਂਡ ਹੋਇਆ ਸੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਰਹੀ ਸੀ ਤਾਂ ਉਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਇਨ੍ਹਾਂ ਮੁੱਦਿਆਂ ’ਤੇ ਚੁੱਪੀ ਸਾਧੀ ਰੱਖੀ। ਉਸ ਸਮੇਂ ਸਭ ਕੁਝ ਨੰਗਾ ਹੋਣ ਦੇ ਬਾਵਜੂਦ ਪੰਜਾਬ ਵਿਚ ਸ਼੍ਰੋਮਣੀ ਕਮੇਟੀ ਜਾਂ ਅਕਾਲੀ ਦਲ ਨੇ ਕੋਈ ਧਰਨਾ ਪ੍ਰਦਰਸ਼ਨ ਨਹੀਂ ਕੀਤਾ। ਅਜਿਹੇ ਹੋਰ ਬਹੁਤ ਸਾਰੇ ਸਵਾਲ ਹਨ ਜਿੰਨਾਂ ਦੇ ਜਵਾਬ ਸਿੱਖ ਸੰਗਤ ਮੰਗ ਰਹੀ ਹੈ। ਦੇਵੰ ਦਲ ਇਹ ਗਲਤਫਹਿਮੀ ਵਿਚ ਹਨ ਕਿ ਜੋ ਲੋਕ ਸ਼੍ਰੋਮਣੀ ਅਕਾਲੀ ਦਲ ਜਾਂ ਸ਼੍ਰੋਮਣੀ ਕਮੇਟੀ ਨਾਲ ਜੁੜੇ ਹੋਏ ਹਨ ਉਹੀ ਸਿੱਖ ਹਨ। ਪਰ ਇਨ੍ਹਾਂ ਤੋਂ ਬਾਹਰ ਵੀ ਬਹੁ ਗਿਣਤੀ ਵਿਚ ਸੱਚੇ ਅਤੇ ਕੱਟੜ ਸਿੱਖ ਬੈਠੇ ਹਨ। ਇਸ ਲਈ ਜੇਕਰ ਸ਼੍ਰੋਮਣੀ ਕਮੇਟੀ ਗੁਰਬਾਣੀ ਪ੍ਰਸਾਰਨ ਨੂੰ ਲੈ ਕੇ ਉਠ ਰਹੀ ਸੰਗਤ ਦੀ ਆਵਾਜ ਨੂੰ ਦਬਾਉਣ ਦੀ ਕੋਸ਼ਿਸ਼ ਨਾ ਕਰਦੀ ਤਾਂ ਅੱਜ ਇਹ ਵਿਵਾਦ ਹੀ ਪੈਦਾ ਨਹੀਂ ਹੋਣਾ ਸੀ। ਹੁਣ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਸ਼ਰੋਮਣੀ ਕਮੇਟੀ ਗੁਰਬਾਣੀ ਪ੍ਰਸਾਰਣ ਲਈ ਸਿੱਖ ਸੰਗਤ ਦੀ ਇੱਛਾ ਅਨੁਸਾਰ ਯੋਗ ਕਦਮ ਉਠਾਏ ਤਾਂ ਇਹ ਵਿਵਾਦ ਆਪਣੇ ਆਪ ਹੀ ਖਤਮ ਹੋ ਜਾਵਨੇਗਾ। ਸ਼੍ਰੋਮਣੀ ਕਮੇਟੀ ਨੂੰ ਸ਼੍ਰੋਮਨਣੀ ਅਕਾਲੀ ਦਲ ਦਾ ਮੋਢਾ ਰਾਜਨੀਤਿਕ ਤੌਰ ਤੇ ਨਹੀਂ ਬਨਣਾ ਚਾਹੀਦਾ। ਜੋ ਕੌਮ ਅਤੇ ਸੰਗਤ ਦਾ ਕੰਮ ਹੈ ਉਸੇ ਨੂੰ ਨਿਭਾਉਣਾ ਉਨ੍ਹਾਂ ਦੀ ਜਿੰਮੇਵਾਰੀ ਹੈ।
ਹਰਵਿੰਦਰ ਸਿੰਘ ਸੱਗੂ।