ਪਟਿਆਲਾ,30 ਅਪ੍ਰੈਲ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ )- ਪਟਿਆਲਾ ਵਿਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ।ਗ੍ਰਹਿ ਵਿਭਾਗ ਦੇ ਹੁਕਮਾਂ ਉਤੇ ਇਹ ਕਾਰਵਾਈ ਕੀਤੀ ਗਈ ਹੈ।ਅੱਜ ਸਵੇਰੇ 9:30 ਵਜੇ ਤੋਂ ਸ਼ਾਮ 6 ਵਜੇ ਤੱਕ ਹਰ ਤਰ੍ਹਾਂ ਦਾ ਮੋਬਾਈਲ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਹੈ।ਇਹ ਕਾਰਵਾਈ ਸੁਰੱਖਿਆ ਦੇ ਲਿਹਾਜ਼ ਨਾਲ ਕੀਤੀ ਗਈ ਹੈ।ਦੱਸ ਦਈਏ ਕਿ ਕੱਲ੍ਹ ਪਟਿਆਲਾ ’ਚ ਉਸ ਸਮੇਂ ਭਾਰੀ ਤਣਾਅ ਦਾ ਮਾਹੌਲ ਬਣ ਗਿਆ ਜਦੋਂ ਦੋ ਧੜਿਆਂ ਵਿਚਕਾਰ ਸਿੱਧਾ ਟਕਰਾਅ ਹੋ ਗਿਆ। ਕਾਲੀ ਮਾਤਾ ਮੰਦਰ ਕੋਲ ਟਕਰਾਅ ਰੋਕਣ ਲਈ ਪੁਲਿਸ ਨੂੰ ਹਵਾ ’ਚ ਗੋਲੀਆਂ ਵੀ ਚਲਾਉਣੀਆਂ ਪਈਆਂ।ਹਾਲਾਤ ਤਣਾਅ ਵਾਲੇ ਬਣੇ ਹੋਣ ਕਾਰਨ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਸਮੁੱਚੇ ਪਟਿਆਲਾ ਜ਼ਿਲ੍ਹੇ ’ਚ ਸ਼ੁੱਕਰਵਾਰ ਸ਼ਾਮ 7 ਵਜੇ ਤੋਂ ਲੈ ਕੇੇੇੇ ਸਨਿਚਰਵਾਰ ਸਵੇਰੇ ਸਾਢੇ 6 ਵਜੇ ਤੱਕ ਕਰਫਿਊ ਲਾ ਦਿੱਤਾ ਸੀ। ਦੂਜੇ ਪਾਸੇ ਵੱਖ ਵੱੱਖ ਹਿੰਦੂ ਸੰਗਠਨਾਂ ਨੇ ਰੋਸ ਵਜੋਂ 30 ਅਪਰੈਲ ਨੂੰ ਪਟਿਆਲਾ ਸ਼ਹਿਰ ਬੰਦ ਰੱਖਣ ਦਾ ਸੱਦਾ ਦਿੱਤਾ ਹੈ।ਉਧਰ, ਪਟਿਆਲਾ ਤੋਂ ਬਾਅਦ ਜਿਲ੍ਹਾ ਫਤਹਿਗੜ੍ਹ ਸਾਹਿਬ ਦੇ ਐਸਐਸਪੀ ਵੱਲੋਂ ਸੁਰੱਖਿਆ ਦੇ ਲਿਹਾਜ਼ ਨਾਲ ਜਿਲ੍ਹੇ ਵਿਚ ਧਾਰਾ 144 ਲਾਗੂ ਕਰਨ ਦੀ ਸਿਫਾਰਸ਼ ਕੀਤੀ ਹੈ। ਉਨ੍ਹਾਂ ਨੇ ਡਿਪਟੀ ਕਮਿਸ਼ਨ ਨੂੰ ਪੱਤਰ ਲਿਖ ਕੇ ਸੁਰੱਖਿਆ ਦੇ ਲਿਹਾਜ਼ ਨਾਲ ਜਿਲ੍ਹੇ ਵਿਚ ਧਾਰਾ 144 ਲਾਗੂ ਕਰਨ ਦੀ ਮੰਗ ਕੀਤੀ ਹੈ।ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਵਿੱਚ ਵਾਪਰੀ ਹਿੰਸਾ ਦੀ ਨਿਖੇਧੀ ਕਰਦਿਆਂ ਕਿਹਾ ਕਿ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣ ਵਿੱਚ ਆਮ ਆਦਮੀ ਪਾਰਟੀ ਸਰਕਾਰ ਪੂਰੀ ਤਰ੍ਹਾਂ ਨਾਕਾਮ ਰਹੀ ਹੈ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹਰ ਕੀਮਤ ’ਤੇ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਅਤੇ ਕਿਸੇ ਵੀ ਤਰ੍ਹਾਂ ਦੀ ਭੜਕਾਹਟ ਵਿੱਚ ਨਾ ਆਉਣ।ਉਨ੍ਹਾਂ ਕਿਹਾ ‘‘ਮਾਨ ਨਾ ਤਾਂ ਪੰਜਾਬ ਨੂੰ ਸੰਭਾਲਣ ਲਈ ਸਮਰੱਥ ਹੈ ਅਤੇ ਨਾ ਹੀ ਕੋਈ ਜ਼ਰੂਰੀ ਫੈਸਲਾ ਲੈਣ ਲਈ ਅਧਿਕਾਰਤ ਹੈ। ਇਹ ਪੰਜਾਬ ਲਈ ਬਹੁਤ ਮੰਦਭਾਗੀ ਗੱਲ ਹੈ।ਦੱਸ ਦਈਏ ਕਿ ਖਾਲਿਸਤਾਨ ਪੱਖੀ ਸਰਗਰਮੀਆਂ ਚਲਾ ਰਹੇ ਗੁਰਪਤਵੰਤ ਸਿੰਘ ਪੰਨੂ ਖ਼ਿਲਾਫ਼ ਸ਼ਿਵ ਸੈਨਾ (ਬਾਲ ਠਾਕਰੇ) ਦੇ ਕਾਰਜਕਾਰੀ ਪ੍ਰਧਾਨ ਹਰੀਸ਼ ਸਿੰਗਲਾ ਵੱਲੋਂ ਪਟਿਆਲਾ ’ਚ 29 ਅਪਰੈਲ ਨੂੰ ‘ਖਾਲਿਸਤਾਨ ਮੁਰਦਾਬਾਦ’ ਮਾਰਚ ਕੱਢਣ ਦਾ ਐਲਾਨ ਕੀਤਾ ਗਿਆ ਸੀ। ਇਸ ਮਾਰਚ ਖ਼ਿਲਾਫ਼ ‘ਦਮਦਮੀ ਟਕਸਾਲ ਜਥਾ ਰਾਜਪੁਰਾ’ ਦੇ ਮੁਖੀ ਬਲਜਿੰਦਰ ਸਿੰਘ ਪਰਵਾਨਾ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਵੀ ਪਟਿਆਲਾ ’ਚ ‘ਖਾਲਿਸਤਾਨ ਜ਼ਿੰਦਾਬਾਦ’ ਮਾਰਚ ਕਰਨ ਦਾ ਪ੍ਰੋਗਰਾਮ ਉਲੀਕਿਆ ਸੀ।ਜਿਸ ਕਾਰਨ ਦੋਵਾਂ ਧੜਿਆਂ ਵਿਚ ਟਕਰਾਅ ਹੋ ਗਿਆ। ਹਾਲਾਤ ਤਣਾਅ ਵਾਲੇ ਬਣੇ ਹੋਣ ਕਾਰਨ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਸਮੁੱਚੇ ਪਟਿਆਲਾ ਜ਼ਿਲ੍ਹੇ ’ਚ ਸ਼ੁੱਕਰਵਾਰ ਸ਼ਾਮ 7 ਵਜੇ ਤੋਂ ਲੈ ਕੇੇੇੇ ਸਨਿਚਰਵਾਰ ਸਵੇਰੇ ਸਾਢੇ 6 ਵਜੇ ਤੱਕ ਕਰਫਿਊ ਲਾ ਦਿੱਤਾ ਸੀ।