ਜਗਰਾਓ, 8 ਦਸੰਬਰ ( ਵਿਕਾਸ ਮਠਾੜੂ)-ਚੇਅਰਮੈਨ ਗੁਰਮੇਲ ਸਿੰਘ ਮੱਲੀ ਅਤੇ ਡਾਇਰੈਕਟਰ ਬਲਜੀਤ ਸਿੰਘ ਮੱਲੀ ਦੁਆਰਾ ਚਲਾਈ ਜਾ ਰਹੀ ਇਲਾਕੇ ਦੀ ਮੰਨੀ ਪ੍ਰਮੰਨੀ ਸੰਸਥਾ ਜੀ.ਐੱਚ.ਜੀ ਅਕੈਡਮੀ ਕੋਠੇ ਬੱਗੂ ਜਗਰਾਉਂ ਵਿਖੇ ਮਿਤੀ 7 -12- 2023 ਨੂੰ ਸਕੂਲ ਦੇ ਸਲਾਨਾ ਸਮਾਗਮ ਦੌਰਾਨ ‘ਮੇਰੀ ਸਿੱਖੀ ਮੇਰੀ ਪਹਿਚਾਣ’, “ਆਪਣੇ ਗੌਰਵਮਈ ਇਤਿਹਾਸ ਨੂੰ ਜਾਣੀਏ ਆਪਣਾ ਵਿਰਸਾ ਪਹਿਚਾਣੀਏ” ਤਹਿਤ ਗੁਰਮਿਤ ਮੁਕਾਬਲੇ ਕਰਵਾਏ ਗਏ। ਗੁਰਮੇਲ ਸਿੰਘ ਮੱਲੀ ਦੇ ਸੁਪਨੇ ਕਿ ਨਾ ਸਿਰਫ ਜੀ.ਐਚ.ਜੀ. ਅਕੈਡਮੀ ਦੇ ਵਿਦਿਆਰਥੀ ਬਲਕਿ ਇਲਾਕੇ ਦੇ ਵੱਧ ਤੋਂ ਵੱਧ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਨੂੰ ਸਾਕਾਰ ਕਰਨ ਲਈ ਸਕੂਲ ਦੇ ਪ੍ਰਿੰਸੀਪਲ ਰਮਨਜੋਤ ਕੌਰ ਗਰੇਵਾਲ ਦੀ ਯੋਗ ਅਗਵਾਈ ਵਿੱਚ ਸਕੂਲ ਦੇ ਸਲਾਨਾ ਸਮਾਗਮ ਦੌਰਾਨ ਅਧਿਆਪਕ ਹਰਭਜਨ ਸਿੰਘ ਅਤੇ ਹਰਵਿੰਦਰ ਸਿੰਘ ਅਤੇ ਸਮੂਹ ਸਟਾਫ ਦੇ ਯਤਨਾਂ ਸਦਕਾ ਸਕੂਲ ਵਿੱਚ ਬਹੁਤ ਹੀ ਸ਼ਾਨਦਾਰ ਢੰਗ ਨਾਲ ਗੁਰਮਤ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ, ਜਿਸ ਦਾ ਸਿੱਧਾ ਪ੍ਰਸਾਰਨ ਦੇਸ਼ ਵਿਦੇਸ਼ ਵਿੱਚ ਕੀਤਾ ਗਿਆ। ਇਸ ਮੁਕਾਬਲੇ ਦੀ ਅਗਵਾਈ ‘ਸਿੰਘ ਪ੍ਰੋਡਕਸ਼ਨ’ ਦੇ ਇਵੈਂਟ ਪਲੈਨਰ ਗੁਰਪ੍ਰੀਤ ਸਿੰਘ ਅਤੇ ਪੀ.ਟੀ.ਸੀ. ਦੇ ਐਂਕਰ ਵਰਿਆਮ ਸਿੰਘ ਦੁਆਰਾ ਕੀਤੀ ਗਈ।ਪਿਛਲੇ ਕਈ ਹਫਤਿਆਂ ਤੋਂ ਜੀ.ਐੱਚ. ਜੀ. ਅਕੈਡਮੀ ਜਗਰਾਉਂ ਅਤੇ ਖੰਡੂਰ ਵੱਲੋਂ ਇਲਾਕੇ ਦੇ ਲਗਭਗ 115 ਪਿੰਡਾਂ ਵਿੱਚ ਜਾ ਕੇ ਬੱਚਿਆਂ ਦੇ ਗੁਰਮਤਿ ਮੁਕਾਬਲੇ ਕਰਵਾਏ ਜਾ ਰਹੇ ਸਨ। ਇਹਨਾਂ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਦੋ ਗਰੁੱਪਾਂ ਵਿੱਚ ਵੰਡਿਆ ਗਿਆ। ਪਹਿਲੇ ਗਰੁੱਪ ਵਿੱਚ 6 ਤੋਂ 14 ਸਾਲ ਅਤੇ ਦੂਜੇ ਗਰੁੱਪ ਵਿੱਚ 15 ਤੋਂ 21 ਸਾਲ ਦੀ ਉਮਰ ਦੇ ਵਿਦਿਆਰਥੀਆਂ ਨੂੰ ਸ਼ਾਮਿਲ ਕੀਤਾ ਗਿਆ। ਇਸ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਇਤਿਹਾਸ ਨਾਲ ਸੰਬੰਧਿਤ ਕਿਤਾਬਾਂ ਵੰਡੀਆਂ ਗਈਆਂ ਤੇ ਲਿਖਤੀ ਪੇਪਰ ਲਿਆ ਗਿਆ। ਇਹਨਾਂ ਮੁਕਾਬਲਿਆਂ ਵਿੱਚੋਂ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਪ੍ਰਤੀਯੋਗੀਆਂ ਦਾ ਜੀ. ਐੱਚ.ਜੀ. ਅਕੈਡਮੀ ਜਗਰਾਉਂ ਸਕੂਲ ਵਿੱਚ ਮਿਤੀ 6-12-2023 ਨੂੰ ਸੈਮੀਫਾਈਨਲ ਮੁਕਾਬਲਾ ਕਰਵਾਇਆ ਗਿਆ ਅਤੇ ਇਸ ਸੈਮੀਫਾਈਨਲ ਮੁਕਾਬਲੇ ਵਿੱਚੋਂ ਜੇਤੂ ਰਹੇ ਵਿਦਿਆਰਥੀਆਂ ਦਾ ਮਿਤੀ 7-12-2023 ਨੂੰ ਸਲਾਨਾ ਸਮਾਗਮ ਦੌਰਾਨ ਫਾਈਨਲ ਮੁਕਾਬਲਾ ਕਰਵਾਇਆ ਗਿਆ। ਇਸ ਬਹੁਤ ਹੀ ਕਠਿਨ ਅਤੇ ਰੁਮਾਂਚਿਕ ਮੁਕਾਬਲੇ ਵਿੱਚੋਂ ਪਹਿਲੇ ਗਰੁੱਪ ਦੀ ਮਹਿਕਪ੍ਰੀਤ ਕੌਰ ਪਿੰਡ ਸੋਢੀਵਾਲ ਨੇ ਆਪਣੇ ਪ੍ਰਤੀਯੋਗੀਆਂ ਨੂੰ ਪਛਾੜਦੇ ਹੋਏ ਪਹਿਲਾ ਸਥਾਨ ਪ੍ਰਾਪਤ ਕੀਤਾ। ਤ੍ਰਿਲੋਕ ਸਿੰਘ ਕੋਕਰੀ ਫੂਲਾ ਸਿੰਘ, ਸਹਿਜਪ੍ਰੀਤ ਸਿੰਘ ਜਾਂਗਪੁਰ, ਅਮਰਿੰਦਰ ਸਿੰਘ ਕੋਕਰੀ ਫੂਲਾ ਸਿੰਘ, ਅਤੇ ਬਲਜੋਤ ਸਿੰਘ ਰੁੜਕਾਂ ਕਲਾਂ ਨੇ ਕ੍ਰਮਵਾਰ ਦੂਜਾ, ਤੀਜਾ, ਚੌਥਾ ਅਤੇ ਪੰਜਵਾਂ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਦੂਜੇ ਗਰੁੱਪ ਦੇ ਰਾਜਵੀਰ ਸਿੰਘ ਦੋਦਰ ਨੇ ਪਹਿਲੇ ਸਥਾਨ ਤੇ ਕਬਜ਼ਾ ਕੀਤਾ। ਹਨੀ ਕੋਕਰੀ ਵਹਿਣੀਆਲ, ਰਾਜਦੀਪ ਕੌਰ ਲੱਖਾ, ਅਰਸ਼ਦੀਪ ਕੌਰ ਲੱਖਾ ਅਤੇ ਗੁਰਪਿੰਦਰ ਸਿੰਘ ਢੁੱਡੀਕੇ ਨੇ ਕ੍ਰਮਵਾਰ ਦੂਜਾ, ਤੀਜਾ, ਚੌਥਾ ਅਤੇ ਪੰਜਵਾਂ ਸਥਾਨ ਹਾਸਲ ਕੀਤਾ। ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡ ਮਿਤੀ 10-12-23 ਨੂੰ ਸਕੂਲ ਵਿੱਚ ਚੱਲ ਰਹੇ ਗੁਰਮਿਤ ਦੀਵਾਨ ਦੌਰਾਨ ਕੀਤੀ ਜਾਵੇਗੀ। ਸਕੂਲ ਦੇ ਸਲਾਨਾ ਸਮਾਗਮ ਵਿੱਚ ਜੀ.ਐੱਚ.ਜੀ ਅਕੈਡਮੀ ਜਗਰਾਉਂ ਦੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਆਈਟਮਾਂ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ। ਵਿਦਿਆਰਥੀਆਂ ਨੇ ਪੰਜਾਬ ਦੇ ਭੱਖਦੇ ਮਸਲਿਆਂ ‘ਤੇ ਅਧਾਰਿਤ ਇੱਕ ਸ਼ਾਨਦਾਰ ਨੁੱਕੜ ਨਾਟਕ ਪੇਸ਼ ਕੀਤਾ। ਇਸ ਨਾਟਕ ਵਿੱਚ ਉਹਨਾਂ ਨੇ ਗਲਤ ਰਾਜਨੀਤੀ, ਬੇਰੁਜ਼ਗਾਰੀ, ਗਲਤ ਸਿੱਖਿਆ ਪ੍ਰਣਾਲੀ, ਪੜ੍ਹ -ਲਿਖ ਕੇ ਵਿਦੇਸ਼ਾਂ ਵਿੱਚ ਜਾਣ ਦੀ ਮਜਬੂਰੀ, ਕਿਸਾਨਾਂ ਦੇ ਮਸਲਿਆਂ ਆਦਿ ਨੂੰ ਬਾਖੂਬੀ ਦਰਸਾਇਆ। ਵਿਦਿਆਰਥੀਆਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਲਿਦਾਨ ਨੂੰ ਸਮਰਪਿਤ ਇੱਕ ਭਾਵਕ ਸਾਖੀ ਪੇਸ਼ ਕੀਤੀ ਜਿਸ ਵਿੱਚ ਉਹਨਾਂ ਨੇ ਛੋਟੇ ਅਤੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਬਾਖੂਬੀ ਪੇਸ਼ ਕੀਤਾ। ਇਸ ਦੇ ਨਾਲ ਹੀ ਵਿਦਿਆਰਥੀਆਂ ਦੁਆਰਾ ਗੱਤਕੇ ਦਾ ਸ਼ਾਨਦਾਰ ਅਤੇ ਜੋਸ਼ੀਲਾ ਪ੍ਰਦਰਸ਼ਨ ਕੀਤਾ ਗਿਆ। ਵਿਦਿਆਰਥੀਆਂ ਨੇ ਆਪਣੀ ਕਵਿਸ਼ਰੀ, ਸ਼ਬਦ ਗਾਇਨ, ਕਵਿਤਾ ਗਾਇਨ ਅਤੇ ਢਾਡੀ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਆਈਆਂ ਸੰਗਤਾਂ ਲਈ ਗੁਰੂ ਦੇ ਅਤੁੱਟ ਲੰਗਰ ਵਰਤਾਏ ਗਏ।
ਸਕੂਲ ਦੇ ਚੇਅਰਮੈਨ ਗੁਰਮੇਲ ਸਿੰਘ ਮੱਲੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਸਕੂਲ ਵੱਲੋਂ ਇਸ ਅਦੁੱਤੀ ਉਪਰਾਲੇ ਦੀ ਸ਼ਲਾਘਾ ਕੀਤੀ। ਉਨਾਂ ਨੇ ਇਸ ਸਮਾਗਮ ਦੀ ਸ਼ਾਨਦਾਰ ਸਫਲਤਾ ਤੇ ਪ੍ਰਿੰਸੀਪਲ ਅਤੇ ਸਟਾਫ਼ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਇਸੇ ਤਰ੍ਹਾਂ ਦੇ ਅਯੋਜਨ ਕਰਦੇ ਰਹਿਣ ਦਾ ਭਰੋਸਾ ਦਿਲਾਇਆ। ਅੰਤ ਵਿੱਚ ਪ੍ਰਿੰਸੀਪਲ ਨੇ ਪ੍ਰਬੰਧਕ ਕਮੇਟੀ ਅਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।