ਚੰਡੀਗੜ੍ਹ, 27 ਦਸੰਬਰ ( ਰਾਜੇਸ਼ ਜੈਨ, ਭਗਵਾਨ ਭੰਗੂ) -ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਦੱਸਿਆ ਕਿ ਆਬਕਾਰੀ ਅਤੇ ਕਰ ਵਿਭਾਗ ਨੇ ਡਾਟਾ ਮਾਈਨਿੰਗ ਵਿੰਗ ਦੁਆਰਾ ਤਿਆਰ ਕੀਤੀਆਂ ਰਿਪੋਰਟਾਂ ਦੇ ਆਧਾਰ ‘ਤੇ ਚਾਲੂ ਵਿੱਤੀ ਸਾਲ ਦੌਰਾਨ ਨਵੰਬਰ ਮਹੀਨੇ ਤੱਕ 1252.36 ਕਰੋੜ ਰੁਪਏ ਦਾ ਮਾਲੀਆ ਇਕੱਠਾ ਕੀਤਾ, ਜੋ ਵਿੱਤੀ ਸਾਲ 2021-22 ਦੀ ਇਸੇ ਮਿਆਦ ਦੌਰਾਨ ਇਕੱਠੇ ਕੀਤੇ ਗਏ 422.09 ਕਰੋੜ ਰੁਪਏ ਦੇ ਮੁਕਾਬਲੇ ਲਗਭਗ ਤਿੰਨ ਗੁਣਾ ਹੈ।ਇਥੇ ਜਾਰੀ ਇੱਕ ਪ੍ਰੈਸ ਬਿਆਨ ਰਾਹੀਂ ਇਸ ਗੱਲ ਦਾ ਖੁਲਾਸਾ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਡਾਟਾ ਮਾਈਨਿੰਗ ਵਿੰਗ ਦੀਆਂ ਰਿਪੋਰਟਾਂ ਦੇ ਆਧਾਰ ‘ਤੇ ਵਸੂਲੇ ਗਏ ਕੁੱਲ ਮਾਲੀਏ ਵਿੱਚੋਂ 279.01 ਕਰੋੜ ਰੁਪਏ ਨਕਦ ਅਦਾ ਕੀਤੇ ਗਏ ਅਤੇ 973.35 ਕਰੋੜ ਰੁਪਏ ਇਨਪੁਟ ਟੈਕਸ ਕ੍ਰੈਡਿਟ ਦੀ ਵਾਪਸੀ ਜਾਂ ਐਡਜਸਟਮੈਂਟ ਸੀ। ਉਨ੍ਹਾਂ ਕਿਹਾ ਕਿ ਇਸ ਦੇ ਮੁਕਾਬਲੇ ਡੇਟਾ ਮਾਈਨਿੰਗ ਵਿੰਗ ਦੁਆਰਾ ਸਾਂਝੀਆਂ ਕੀਤੀਆਂ ਗਈਆਂ ਰਿਪੋਰਟਾਂ ਦੇ ਆਧਾਰ ‘ਤੇ ਨਵੰਬਰ 2021 ਤੱਕ ਪਿਛਲੇ ਸਾਲ ਦਾ ਮਾਲੀਆ ਸੰਗ੍ਰਹਿ 422.09 ਕਰੋੜ ਰੁਪਏ ਸੀ, ਜਿਸ ਵਿੱਚੋਂ 261.68 ਕਰੋੜ ਰੁਪਏ ਦਾ ਨਕਦ ਭੁਗਤਾਨ ਕੀਤਾ ਗਿਆ ਸੀ ਅਤੇ 160.41 ਕਰੋੜ ਰੁਪਏ ਆਈ.ਟੀ.ਸੀ ਵਾਪਸੀ ਜਾਂ ਐਡਜਸਟਮੈਂਟ ਸੀ।ਪਹਿਲਾਂ ਵਾਂਗ ‘ਇੰਸਪੈਕਟਰ ਰਾਜ’ ਰਾਹੀਂ ਵਪਾਰੀਆਂ ਨੂੰ ਤੰਗ ਪ੍ਰੈਸ਼ਾਨ ਕਰਨ ਦੀ ਜਗ੍ਹਾ ਕਰ ਚੋਰੀ ‘ਤੇ ਨਕੇਲ ਕੱਸਣ ਲਈ ਨਵੀਨਤਮ ਤਕਨਾਲੋਜੀ ਦੀ ਵਰਤੋਂ ‘ਤੇ ਜ਼ੋਰ ਦਿੰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਡੇਟਾ ਮਾਈਨਿੰਗ ਵਿੰਗ ਈ.ਟੀ.ਟੀ.ਐਸ.ਏ. (ਵਿਭਾਗਾਂ ਦੀ ਆਪਣੀ ਤਕਨੀਕੀ ਸੇਵਾ ਏਜੰਸੀ) ਅਤੇ ਵੱਖ-ਵੱਖ ਪਲੇਟਫਾਰਮ ਜਿਵੇਂ ਕਿ ਬੋਵੇਬ ਪੋਰਟਲ, ਈਵੇਅ ਬਿੱਲ ਪੋਰਟਲ, ਐਸ.ਏ.ਐਸ ਟੂਲ, ਬੀ.ਆਈ.ਐਫ.ਏ ਅਤੇ ਜੇ. ਪੀ.ਏ.ਐਲ ਆਦਿ ਦੀ ਮਦਦ ਨਾਲ ਕਰ ਚੋਰੀ ਦੀਆਂ ਗਤੀਵਿਧੀਆਂ ਦਾ ਪਤਾ ਲਗਾ ਰਿਹਾ ਹੈ। ਉਨ੍ਹਾਂ ਕਿਹਾ ਕਿ ਡੇਟਾ ਮਾਈਨਿੰਗ ਵਿੰਗ ਜੀ.ਐਸ.ਟੀ.ਐਨ ਅਤੇ ਈ.ਟੀ.ਟੀ.ਐਸ.ਏ ਤੋਂ ਪ੍ਰਾਪਤ ਡੇਟਾ ਵਿੱਚ ਪਾਈਆਂ ਗਈਆਂ ਬੇਨਿਯਮੀਆਂ ਅਤੇ ਖਾਮੀਆਂ ਦੇ ਆਧਾਰ ‘ਤੇ ਰਿਪੋਰਟਾਂ ਤਿਆਰ ਕਰਦਾ ਹੈ ਅਤੇ ਇਹ ਰਿਪੋਰਟਾਂ ਵਿਭਾਗ ਦੇ ਸਬੰਧਤ ਵਿੰਗਾਂ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਲੋੜੀਂਦੀ ਕਾਰਵਾਈ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾ ਸਕੇ।ਵਿੱਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਕਿਸੇ ਵੀ ਕਿਸਮ ਦੀ ਟੈਕਸ ਚੋਰੀ ਨੂੰ ਰੋਕਣ ਲਈ ਚੋਰ ਮੋਰੀਆਂ ਬੰਦ ਕਰਨ ‘ਤੇ ਆਪਣੀ ਤਾਕਤ ਕੇਂਦਰਤ ਕੀਤੀ ਹੈ। ਉਨ੍ਹਾਂ ਕਿਹਾ ਕਿ ਆਬਕਾਰੀ ਤੇ ਕਰ ਵਿਭਾਗ ਵੱਲੋਂ ਸਥਾਪਿਤ ਕੀਤੀ ਜਾ ਰਹੀ ਟੈਕਸ ਇੰਟੈਲੀਜੈਂਸ ਯੂਨਿਟ (ਟੀ.ਆਈ.ਯੂ) ਵੀ ਇਸ ਦਿਸ਼ਾ ਵਿੱਚ ਲਿਆ ਗਿਆ ਅਹਿਮ ਫੈਸਲਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੇ ਇਨ੍ਹਾਂ ਉਪਰਾਲਿਆਂ ਨਾਲ ਨਾ ਸਿਰਫ਼ ਮਾਲੀਏ ਵਿੱਚ ਵਾਧਾ ਹੋਵੇਗਾ ਸਗੋਂ ਅਗਾਂਹਵਧੂ ਅਤੇ ਇਮਾਨਦਾਰ ਵਪਾਰੀਆਂ ਅਤੇ ਉਦਯੋਗਪਤੀਆਂ ਦੀ ਬਿਹਤਰੀ ਲਈ ਸੂਬੇ ਦੇ ਕਾਰੋਬਾਰੀ ਮਾਹੌਲ ਨੂੰ ਹੋਰ ਸੁਧਾਇਆ ਜਾਵੇਗਾ।