ਜਗਰਾਉਂ (ਪ੍ਰਤਾਪ ਸਿੰਘ/ ਵਿਕਾਸ ਮਠਾੜੂ): ਭਾਈ ਗੁਰਚਰਨ ਸਿੰਘ ਗਰੇਵਾਲ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਸਕੱਤਰ ਬਣਨ ਤੇ ਇਲਾਕੇ ਨੂੰ ਪਤਾ ਲੱਗਾ ਤਾਂ ਉਨ੍ਹਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਤੇ ਉਨ੍ਹਾਂ ਦੇ ਸ਼ੁਭਚਿੰਤਕ ਤੇ ਸੁਨੇਹੀ ਉਨ੍ਹਾਂ ਦੇ ਘਰ ਵਧਾਈ ਦੇਣ ਪੁੱਜਣੇ ਸ਼ੁਰੂ ਹੋ ਗਏ ਤੇ ਜਦੋਂ ਉਨ੍ਹਾਂ ਦੇ ਸ਼ੁਭਚਿੰਤਕਾਂ ਤੇ ਸਨੇਹੀਆਂ ਨੂੰ ਭਾਈ ਗਰੇਵਾਲ ਦੇ ਜਗਰਾਉਂ ਪੁੱਜਣ ਦੀ ਭਿਣਕ ਪਈ ਤਾਂ ਕੁਝ ਸ਼ੁਭਚਿੰਤਕਾਂ ਨੇ ਢੋਲ ਵਾਲੇ ਨੂੰ ਬੁਲਾ ਲਿਆ ਤੇ ਜਦੋਂ ਭਾਈ ਗਰੇਵਾਲ ਦੀ ਗੱਡੀ ਪੈਟਰੋਲ ਪੰਪ ਤੇ ਪੁੱਜੀ ਤਾਂ ਢੋਲ ਵਾਲੇ ਨੇ ਢੋਲ ਤੇ ਡੰਕੇ ਲਾਉਣੇ ਸ਼ੁਰੂ ਕਰ ਦਿੱਤੇ ਪਰ ਫੌਰਨ ਭਾਈ ਗਰੇਵਾਲ ਨੇ ਗੱਡੀ ਤੋਂ ਉਤਰ ਕੇ ਢੋਲ ਵਜਾਉਣ ਤੋਂ ਵਰਜ ਦਿੱਤਾ। ਇਸ ਮੌਕੇ ਉਨ੍ਹਾਂ ਆਪਣੇ ਸ਼ੁਭਚਿੰਤਕਾਂ ਸਨੇਹੀਆਂ ਤੇ ਪੰਥਕ ਸ਼ਖਸੀਅਤਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਜਿੱਥੇ ਤੁਹਾਨੂੰ ਖ਼ੁਸ਼ੀ ਹੈ ਉੱਥੇ ਪਹਾੜ ਜਿੱਡੀ ਜ਼ਿੰਮੇਵਾਰੀ ਵੀ ਦਾਸ ਦੇ ਮੋਢਿਆਂ ਤੇ ਪਈ ਹੈ ਤੇ ਉਸ ਜ਼ਿੰਮੇਵਾਰੀ ਨੂੰ ਆਪਾਂ ਸਾਰਿਆਂ ਨੇ ਰਲ ਮਿਲ ਕੇ ਨਿਭਾਉਣਾ ਹੈ। ਉਨ੍ਹਾਂ ਭਾਵੁਕ ਹੁੰਦਿਆਂ ਆਖਿਆ ਕਿ ਸਾਡੇ ਬੰਦੀ ਸਿੰਘ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ਪਰ ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ ਸਭ ਤੋਂ ਪਹਿਲਾਂ ਏਜੰਡਾ ਸਾਡਾ ਉਨ੍ਹਾਂ ਨੂੰ ਰਿਹਾਈ ਕਰਾਉਣ ਦਾ ਹੈ ਤੇ ਉਸ ਤੋਂ ਬਾਅਦ ਹੀ ਅਸੀਂ ਢੋਲ ਵਜਾਉਂਦੇ ਚੰਗੇ ਲੱਗਾਂਗੇ ਅਜਿਹੀ ਗੱਲ ਕਹਿਣ ਸਮੇਂ ਜਿੱਥੇ ਭਾਈ ਗਰੇਵਾਲ ਦੀਆਂ ਅੱਖਾਂ ਨਮ ਹੋਈਆਂ। ਉਥੇ ਸੰਗਤਾਂ ਵਿੱਚ ਵੀ ਸੰਨਾਟਾ ਛਾ ਗਿਆ।
