Home crime ਕੋਠੀ ਦਾ ਜਾਅਲੀ ਬਿਆਨਾ ਤਿਆਰ ਕਰਕੇ 10 ਲੱਖ ਦੀ ਠੱਗੀ ਮਾਰਨ ਵਾਲੇ...

ਕੋਠੀ ਦਾ ਜਾਅਲੀ ਬਿਆਨਾ ਤਿਆਰ ਕਰਕੇ 10 ਲੱਖ ਦੀ ਠੱਗੀ ਮਾਰਨ ਵਾਲੇ 4 ਕਾਬੂ

51
0

ਐਸ ਏ ਐਸ ਨਗਰ, 1 ਜੂਨ (ਭਗਵਾਨ ਭੰਗੂ-ਲਿਕੇਸ ਸ਼ਰਮਾ )। ਸੋਹਾਣਾ ਪੁਲੀਸ ਨੇ ਮੁਹਾਲੀ ਸ਼ਹਿਰ ਵਿੱਚ ਕੋਠੀ ਦਾ ਜਾਅਲੀ ਮਾਲਕ ਤਿਆਰ ਕਰਕੇ ਉਸਦੇ ਜਾਅਲੀ ਅਧਾਰ ਕਾਰਡ, ਵੋਟਰ ਕਾਰਡ ਬਣਵਾ ਕੇ ਅਤੇ ਬੈਂਕ ਵਿੱਚ ਜਾਅਲੀ ਖਾਤਾ ਖੁਲਵਾ ਕੇ ਕੋਠੀ ਦਾ ਬਿਆਨਾ ਕਰਨ ਦੇ ਨਾਮ ਤੇ 10 ਲੱਖ ਰੁਪਏ ਦੀ ਧੋਖਾਧੜੀ ਕਰਨ ਵਾਲੇ 4 ਨੌਸਰਬਾਜਾਂ ਨੂੰ ਕਾਬੂ ਕੀਤਾ ਹੈ। ਡੀ ਐਸ ਪੀ ਸਿਟੀ ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਗੁਰਸੇਵਕ ਸਿੰਘ ਵਾਸੀ ਪਿੰਡ ਨਗਾਰੀ, ਨੇ ਪੁਲੀਸ ਨੂੰ ਦੱਸਿਆ ਸੀ ਕਿ ਉਸਦੇ ਸਾਥੀ ਦਵਿੰਦਰ ਸਿੰਘ ਵਾਸੀ ਪਿੰਡ ਉਰਨਾ, ਤਹਿਸੀਲ ਸਮਰਾਲਾ ਨੇ ਟ੍ਰਾਈਸਿਟੀ ਵਿੱਚ ਕੋਈ ਪ੍ਰਾਪਰਟੀ ਖਰੀਦਣ ਬਾਰੇ ਸੋਚਿਆ ਸੀ ਅਤੇ ਕਿਸੇ ਜਾਣਕਾਰ ਨੇ ਉਹਨਾਂ ਨੂੰ ਅਰਵਿੰਦ ਕੁਮਾਰ ਸੂਰੀ ਅਤੇ ਯਾਦੂ ਨੰਦਨ ਸੂਰੀ ਨਾਲ ਮਿਲਵਾਇਆ ਅਤੇ ਦੱਸਿਆ ਕਿ ਉਹਨਾਂ ਦੇ ਪਿਤਾ ਯਸ਼ਪਾਲ ਸੂਰੀ ਦੇ ਨਾਮ ਤੇ ਪੰਚਕੂਲਾ ਦੇ ਸੈਕਟਰ 21 ਵਿੱਚ ਕੋਠੀ (ਨੰਬਰ-79) ਹੈ ਅਤੇ ਇਹ ਦੋਵੇਂ ਪੈਸਿਆਂ ਦੀ ਸਖਤ ਜਰੂਰਤ ਹੋਣ ਕਾਰਨ ਇਹ ਕੋਠੀ ਬਹੁਤ ਹੀ ਸਸਤੇ ਭਾਅ ਵੇਚਣ ਲਈ ਤਿਆਰ ਹਨ। ਉਹਨਾਂ ਦੱਸਿਆ ਕਿ ਦੋਵੇਂ ਲੜਕੇ ਅਰਵਿੰਦ ਕੁਮਾਰ ਸੂਰੀ ਅਤੇ ਯਾਦੂ ਨੰਦਨ ਸੂਰੀ ਆਪਣੇ ਪਿਤਾ ਦੇ ਕਹਿਣੇ ਤੋਂ ਬਾਹਰ ਸਨ ਅਤੇ ਆਪਣੇ ਪਿਤਾ ਦੀ ਥਾਂ ਕੋਈ ਜਾਅਲੀ ਬੰਦਾ ਖੜਾ ਕਰਕੇ ਕੋਠੀ ਵੇਚਣ ਦੇ ਨਾਮ ਤੇ ਪੈਸਿਆਂ ਦੀ ਧੋਖਾਧੜੀ ਕਰਨਾ ਚਾਹੁੰਦੇ ਸਨ। ਇਸ ਕੰਮ ਲਈ ਦੋਵਾਂ ਲੜਕਿਆਂ ਨੇ ਮਨੀਸ਼ ਕੁਮਾਰ ਵਾਸੀ ਓਮ ਵਿਹਾਰ, ਉੱਤਰ ਨਗਰ ਦਿੱਲੀ, ਇੰਦਰਜੀਤ ਸਿੰਘ ਵਾਸੀ ਦਿੱਲੀ ਅਤੇ ਰਾਜਨ ਲਾਲ ਵਾਸੀਰਹਿਮਤ ਹੇਮਜ਼ ਢਕੌਲੀ ਨਾਲ ਮਿਲ ਕੇ ਜਾਅਲੀ ਅਧਾਰ ਕਾਰਡ ਤਿਆਰ ਕਰਕੇ ਇੰਦਰਜੀਤ ਸਿੰਘ ਨੂੰ ਹੀ ਜਾਅਲੀ ਯਸ਼ਪਾਲ ਸੂਰੀ ਬਣਾ ਲਿਆ ਅਤੇ ਯਸ਼ਪਾਲ ਸੂਰੀ ਦੇ ਨਾਮ ਤੇ ਮੁੱਲਾਂਪੁਰ ਵਿਖੇ ਆਈ ਸੀ ਆਈ ਸੀ ਆਈ ਬੈਂਕ ਵਿਖੇ ਜਾਅਲੀ ਬੈਂਕ ਖਾਤਾ ਖੁਲਵਾ ਲਿਆ। ਉਹਨਾਂ ਦੱਸਿਆ ਕਿ ਇਸ ਸੰਬੰਧੀ ਬੀਤੀ 15 ਮਈ ਨੂੰ ਬੈਦਵਾਨ ਪ੍ਰਾਪਰਟੀ, ਬਲਾਕ-ਸੀ ਐਰੋਸਿਟੀ ਮੁਹਾਲੀ ਵਿਖੇ ਉਕਤ ਕੋਠੀ ਵੇਚਣ ਦਾ ਸੌਦਾ (ਕੁੱਲ ਰਕਮ 3,35 ਕਰੋੜ ਰੁਪਏ ਵਿੱਚ) ਤਹਿ ਹੋਇਆ ਸੀ, ਅਤੇ ਦੋਸ਼ੀਆਂ ਨੇ ਮੁਦਈ ਧਿਰ ਪਾਸੋਂ 10 ਲੱਖ ਰੁਪਏ ਬਿਆਨਾ ਹਾਸਲ ਕਰ ਲਿਆ। ਉਹਨਾਂ ਦੱਸਿਆ ਕਿ ਇਸ ਬਿਆਨੇ ਉਪਰ ਜਾਅਲੀ ਯਸ਼ਪਾਲ ਸੂਰੀ ਨੇ ਬਤੌਰ ਵੇਚਣ ਵਾਲੇ ਅਤੇ ਅਰਵਿੰਦ ਕੁਮਾਰ ਸੂਰੀ ਅਤੇ ਯਾਦੂ ਨੰਦਨ ਸੂਰੀ ਨੇ ਬਤੌਰ ਗਵਾਹ ਹਸਤਾਖਰ ਕੀਤੇ। ਉਹਨਾਂ ਦੱਸਿਆ ਕਿ ਬਾਅਦ ਵਿੱਚ ਜਦੋਂ ਮੁਦਈ ਨੇ ਕੋਠੀ ਦੇ ਮਾਲਕ ਨਾਲ ਮੁਲਾਕਾਤ ਕੀਤੀ ਤਾਂ ਪਤਾ ਲੱਗਾ ਕਿ ਅਸਲ ਯਸ਼ਪਾਲ ਸੂਰੀ ਨੂੰ ਇਸ ਸੌਦੇ ਬਾਰੇ ਕਈ ਇਲਮ ਹੀ ਨਹੀਂ ਸੀ। ਬੱਲ ਨੇ ਦੱਸਿਆ ਕਿ ਇਸ ਸੰਬੰਧੀ ਜਾਣਕਾਰੀ ਮਿਲਣ ਤੇ ਥਾਣਾ ਸੋਹਾਣਾ ਵਿੱਚ ਮਾਮਲਾ ਦਰਜ ਕੀਤਾ ਗਿਆ ਅਤੇ ਥਾਣਾ ਸੋਹਾਣਾ ਦੇ ਮੁੱਖ ਅਫਸਰ ਇੰਸਪੈਕਟਰ ਸੁਮਿਤ ਮੋਰ ਮੁੱਖ ਅਫਸਰ ਥਾਣਾ ਸੋਹਾਣਾ ਦੇ ਦਿਸ਼ਾ ਨਿਰਦੇਸ਼ ਤੇ ਏ ਐਸਆਈ ਗੁਰਪ੍ਰੀਤ ਸਿੰਘ ਵਲੋਂ ਇਹਨਾਂ ਵਿੱਚੋਂ 4 ਨੌਸਰਬਾਜਾਂ ਨੂੰ ਕਾਬੂ ਕਰ ਲਿਆ ਗਿਆ ਹੈ ਜਦੋਂਕਿ ਇੱਕ ਅਜੇ ਫਰਾਰ ਹੈ। ਉਹਨਾਂ ਦੱਸਿਆ ਕਿ ਮੁਲਜਮਾਂ ਦਾ 2 ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ, ਜਿਸ ਦੌਰਾਨ ਇਹਨਾਂ ਵਿਅਕਤੀਆਂ ਤੋਂ ਇਸੇ ਪ੍ਰਕਾਰ ਹੋਰ ਵਿਅਕਤੀਆਂ ਨਾਲ ਠੱਗੀ ਮਾਰਨ ਦੇ ਮਾਮਲੇ ਸਾਹਮਣੇ ਆਉਣ ਦੀ ਉਮੀਦ ਹੈ

LEAVE A REPLY

Please enter your comment!
Please enter your name here