, ਘੁਡਾਣੀ ਕਲਾਂ ਵਾਸੀਆਂ ਨੂੰ ਚੜ੍ਹਿਆ ਚਾਅ, ਬੋਪਾਰਾਏ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਲੱਗਾ ਤਾਂਤਾ
ਰਾੜਾ ਸਾਹਿਬ (ਸਤੀਸ ਕੋਹਲੀ) ਪਿੰਡ ਘੁਡਾਣੀ ਕਲਾਂ ਦੇ ਜੰਮਪਲ ਪਰਮੀਤ ਸਿੰਘ ਬੋਪਾਰਾਏ ਪਿਛਲੇ ਦਿਨੀਂ ਕੈਨੇਡਾ ਦੇ ਕੈਲਗਰੀ ’ਚ ਹੋਈਆਂ ਵਿਧਾਨ ਸਭਾ ਚੋਣਾਂ ’ਚ ਜਿੱਤ ਪ੍ਰਾਪਤ ਕਰ ਕੇ ਮਾਪਿਆਂ, ਪਿੰਡ ਵਾਸੀਆਂ ਤੇ ਪੰਜਾਬ ਵਾਸੀਆਂ ਦਾ ਸਿਰ ਗੌਰਵ ਨਾਲ ਉੱਚਾ ਕੀਤਾ ਹੈ। ਪਰਮੀਤ ਸਿੰਘ ਬੋਪਾਰਾਏ ਨੇ ਵਿਧਾਨ ਸਭਾ ਹਲਕਾ ਫਾਲਕਨਰਿਜ ਤੋਂ ਐੱਨਡੀਪੀ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜੀ ਜਿਨ੍ਹਾਂ ਨੇ 2721 ਵੋਟਾਂ ਦੇ ਫ਼ਰਕ ਨਾਲ ਜਿੱਤ ਪ੍ਰਾਪਤ ਕੀਤੀ। ਉਨ੍ਹਾਂ ਦਾ ਜਨਮ ਪਿਤਾ ਬਲਵਿੰਦਰ ਸਿੰਘ ਬੋਪਾਰਾਏ ਮਾਤਾ ਕੁਲਜਿੰਦਰ ਕੌਰ ਦੀ ਕੁੱਖੋਂ 27 ਮਈ 1984 ਨੂੰ ਕਿਸਾਨ ਪਰਿਵਾਰ ਦੇ ਘਰ ਹੋਇਆ। ਉਨ੍ਹਾਂ ਦੇ ਦੋ ਬੱਚੇ ਇਕ ਲੜਕੀ ਤੇ ਇਕ ਲੜਕਾ ਹੈ। ਉਨ੍ਹਾਂ ਮੁੱਢਲੀ ਸਿੱਖਿਆ ਸੰਤ ਈਸ਼ਰ ਸਿੰਘ ਜੀ ਮੈਮੋਰੀਅਲ ਪਬਲਿਕ ਸਕੂਲ ਕਰਮਸਰ ਰਾੜਾ ਸਾਹਿਬ ਤੋਂ ਪ੍ਰਾਪਤ ਕਰਨ ਉਪਰੰਤ ਤਿੰਨ ਸਾਲ ਦਾ ਡਿਪਲੋਮਾ ਤੇ ਡਿਗਰੀ ਹਾਸਲ ਕੀਤੀ।
ਪੜ੍ਹਾਈ ਪੂਰੀ ਕਰਨ ਤੋਂ ਉਪਰੰਤ ਬੋਪਾਰਾਏ ਕੈਨੇਡਾ ਦੇ ਕੈਲਗਰੀ ’ਚ ਆਪਣੇ ਮਾਤਾ-ਪਿਤਾ ਦੇ ਬਿਜ਼ਨਸ ’ਚ ਹੱਥ ਵਟਾਉਣਾ ਸ਼ੁਰੂ ਕਰ ਦਿੱਤਾ। ਜਦੋਂ ਪਿੰਡ ਘੁਡਾਣੀ ਕਲਾਂ ਦਾ ਦੌਰਾ ਕੀਤਾ ਗਿਆ ਤਾਂ ਬੋਪਾਰਾਏ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਸੀ ਤੇ ਪਿੰਡ ’ਚ ਖ਼ੁਸ਼ੀ ਦੀ ਲਹਿਰ ਸੀ। ਉਨ੍ਹਾਂ ਦੇ ਘਰ ’ਚ ਰਹਿੰਦੀ ਬਜ਼ੁਰਗ ਦਾਦੀ ਮਾਂ ਮਨਜੀਤ ਕੌਰ ਤੋਂ ਉਨ੍ਹਾਂ ਦੇ ਪੋਤੇ ਦੇ ਵਿਧਾਇਕ ਬਣਨ ਬਾਰੇ ਪੁੱਛਿਆ ਤਾਂ ਮਾਤਾ ਨੇ ਖ਼ੁਸ਼ੀ ’ਚ ਭਾਵੁਕ ਹੁੰਦੇ ਹੋਏ ਕਿਹਾ ਕਿ ਪੋਤੇ ਦੇ ਵਿਧਾਇਕ ਬਣਨ ਦੀ ਖ਼ਬਰ ਸੁਣਦਿਆਂ ਬੜਾ ਚਾਅ ਚੜ੍ਹ ਗਿਆ। ਸਰਪੰਚ ਹਰਿੰਦਰਪਾਲ ਸਿੰਘ ਹਨੀ ਨੇ ਕਿਹਾ ਪਰਮੀਤ ਸਿੰਘ ’ਚ ਛੋਟਾ ਹੁੰਦੇ ਹੀ ਲੋਕਾਂ ਦੀ ਸੇਵਾ ਕਰਨ ਦੀ ਭਾਵਨਾ ਸੀ ਉਹ ਪਿੰਡ ਰਹਿੰਦੇ ਹੋਏ ਵੀ ਸਮਾਜ ਸੇਵਾ ਦੇ ਕੰਮਾਂ ’ਚ ਮੋਹਰੀ ਭੂਮਿਕਾ ਨਿਭਾਉਂਦਾ ਸੀ। ਹਲਕਾ ਪਾਇਲ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੱਲ਼ੋਂ ਪਰਮੀਤ ਸਿੰਘ ਬੋਪਾਰਾਏ ਤੇ ਉਨ੍ਹਾਂ ਦੇ ਪਰਿਵਾਰ ਮੈਂਬਰਾਂ ਨੂੰ ਵਧਾਈਆਂ ਦਿੱਤੀ। ਇਸ ਮੌਕੇ ਉਨ੍ਹਾਂ ਦੇ ਚਾਚਾ ਹਰਨੈਲ ਸਿੰਘ, ਮਾਤਾ ਹਰਜੀਤ ਕੌਰ ਤੇ ਰੁਪਿੰਦਰ ਕੌਰ ਰੂਪੀ, ਭਾਈ ਅੰਮ੍ਰਿਤਪਾਲ ਸਿੰਘ ਜਰਮਨ ਪ੍ਰਧਾਨ ਗੁਰਦੁਆਰਾ ਸਿੱਖ ਸੈਟਰ ਫਰੈਕਸਫੋਰਟ, ਸਰਪੰਚ ਹਰਿੰਦਰਪਾਲ ਸਿੰਘ ਹਨੀ, ਪੰਚ ਗੁਰਿੰਦਰ ਸਿੰਘ, ਡਾ. ਰਵਿੰਦਰਪਾਲ ਸ਼ਰਮਾ ਨੇ ਦਾਦੀ ਮਾਂ ਨੂੰ ਵਧਾਈ ਦਿੱਤੀ।