ਖੰਨਾ,(ਮੋਹਿਤ ਜੈਨ) : ਪੰਜਾਬ ਤੇ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਦੇ ਨਿਰਦੇਸ਼ਾਂ ਅਨੁਸਾਰ ਪੀਸੀਸੀਟੀਯੂ ਦੀ ਸਥਾਨਕ ਇਕਾਈ, ਏਐੱਸ ਕਾਲਜ ਖੰਨਾ ਕਾਲਜ ਦੇ ਮੁੱਖ ਗੇਟ ਅੱਗੇ ਸਵੇਰੇ 11 ਤੋਂ ਦੁਪਹਿਰ 1 ਵਜੇ ਤਕ ਧਰਨਾ ਦਿੱਤਾ ਗਿਆ, ਜਿਸ ‘ਚ ਕਾਲਜ ਦੇ ਅਧਿਆਪਕਾਂ ਵੱਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜੀ ਕੀਤੀ ਗਈ।ਪ੍ਰਧਾਨ ਡਾ. ਕੇਕੇ ਸ਼ਰਮਾ ਨੇ ਦੱਸਿਆ ਇਹ ਧਰਨਾ ਪੰਜਾਬ ਸਰਕਾਰ ਦੇ ਤਨਖ਼ਾਹ ਗਰਾਂਟ ‘ਚ ਕਟੌਤੀ ਕਰਨ ਦੇ ਢਿੱਲੇ ਰਵੱਈਏ ਵਿਰੁੱਧ ਹੈ। ਪੰਜਾਬ ਦੇ ਗੈਰ ਸਰਕਾਰੀ ਸਹਾਇਤਾ ਪ੍ਰਰਾਪਤ ਕਾਲਜਾਂ ‘ਚ ਕੰਮ ਕਰ ਰਹੇ ਅਧਿਆਪਕਾਂ ਲਈ 60 ਸਾਲ ਤੋਂ 58 ਸਾਲ ਤਕ ਕਰਨਾ ਗਲਤ ਹੈ।ਯੂਨੀਅਨ ਦੇ ਸਕੱਤਰ ਪ੍ਰਰੋ. ਮੋਹਿਤ ਕੁਮਾਰ ਨੇ ਦੱਸਿਆ ਸਾਡੀ ਕੇਂਦਰੀ ਯੂਨੀਅਨ ਨੇ ਕਈ ਕੈਬਨਿਟ ਮੰਤਰੀਆਂ ਤੇ ਵਿਧਾਇਕਾਂ ਤਕ ਪਹੁੰਚ ਕੀਤੀ ਤੇ ਮੰਗ ਪੱਤਰ ਸੌਂਪੇ ਕਿ 7ਵੀਂ ਤਨਖਾਹ ਨੋਟੀਫਿਕੇਸ਼ਨ ਦੀ ਧਾਰਾ 13 (2) ਨੂੰ ਤੁਰੰਤ ਸੋਧਿਆ ਜਾਵੇ ਪਰ ਹੱਲ ਨਹੀਂ ਕੀਤਾ ਗਿਆ। ਮੀਤ ਪ੍ਰਧਾਨ ਪੋ੍. ਦਿਨੇਸ਼ ਕੁਮਾਰ ਨੇ ਦੱਸਿਆ ਪੰਜਾਬ ਹੀ ਅਜਿਹਾ ਸੂਬਾ ਹੈ, ਜੋ ਅਧਿਆਪਕਾਂ ਦੀ ਸੇਵਾਮੁਕਤੀ ਦੀ ਉਮਰ ਘਟਾ ਰਿਹਾ ਹੈ। ਉਨ੍ਹਾਂ ਮੁੱਖ ਮੰਤਰੀ ਪੰਜਾਬ ਭਗਵਤ ਸਿੰਘ ਮਾਨ ਤੇ ਉਚੇਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਅਪੀਲ ਕੀਤੀ ਕਿ ਇਸ ਮਸਲੇ ਦਾ ਤੁਰੰਤ ਹੱਲ ਕੀਤਾ ਜਾਵੇ ਨਹੀਂ ਤਾਂ ਸਾਡਾ ਸੰਘਰਸ਼ ਜਾਰੀ ਰਹੇਗਾ।
