ਮੋਗਾ, 15 ਜੂਨ (ਰਾਜੇਸ਼ – ਭਗਵਾਨ ਭੰਗੂ) : ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਸਥਾਨਕ ਮੀਟਿੰਗ ਹਾਲ ਵਿਖੇ ਜਵਾਹਰ ਨਵੋਦਿਆ ਵਿਦਿਆਲਿਆ ਲੋਹਾਰਾ ਵੱਲੋਂ ਜ਼ਿਲ੍ਹਾ ਪੱਧਰੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਇਸ ਵਰਕਸ਼ਾਪ ਵਿੱਚ ਬੁਨਿਆਦੀ ਸਿਖਲਾਈ,ਨਿਪੁੰਨ ਭਾਰਤ, ਡਿਜ਼ੀਟਲ ਪਹਿਲਕਦਮੀਆਂ, ਐਨ.ਈ.ਪੀ. 2020, ਜੀ-20 ਸੰਮੇਲਨ ਆਦਿ ਵਿਸ਼ਿਆਂ ਉੱਪਰ ਵਿਚਾਰ ਚਰਚਾ ਕੀਤੀ ਗਈ। ਇਸ ਵਰਕਸ਼ਾਪ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ (ਐ) ਅਨੀਤਾ ਪੁਰੀ, ਜਵਾਹਰ ਨਵੋਦਿਆ ਵਿਦਿਆਲਿਆ ਦੇ ਮਾਸਟਰ ਰਾਜ ਕੁਮਾਰ ਚੌਹਾਨ,ਹਰਜੋਤ ਕੌਰ ਦੁੱਗਲ,ਰੇਨੂ ਤੋਂ ਇਲਾਵਾ ਹੋਰ ਵੀ ਉੱਚ ਅਧਿਕਾਰੀ ਸ਼ਾਮਿਲ ਹੋਏ।ਇਸ ਮੌਕੇ ਜਵਾਹਾਰ ਨਵੋਦਿਆ ਵਿਦਿਆਲਿਆ ਦੀ ਮੈਨੇਜਮੈਂਟ ਕਮੇਟੀ ਦੀ ਮੀਟਿੰਗ ਵੀ ਡਿਪਟੀ ਕਮਿਸ਼ਨਰ ਵੱਲੋਂ ਕੀਤੀ ਗਈ।ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਵਾਹਰ ਨਵੋਦਿਆ ਵਿਦਿਆਲਿਆ ਆਪਣੇ ਆਪ ਵਿੱਚ ਇੱਕ ਅਜਿਹੀ ਮਹੱਤਵਪੂਰਨ ਵਿੱਦਿਅਕ ਸੰਸਥਾ ਹੈ, ਜਿੱਥੋਂ ਦੇ ਬਹੁਤੇ ਵਿਦਿਆਰਥੀ ਉੱਚ ਪ੍ਰਸ਼ਾਸ਼ਨਿਕ ਅਹੁਦਿਆਂ ਉੱਪਰ ਸੇਵਾਵਾਂ ਨਿਭਾਅ ਕੇ ਦੇਸ਼ ਦਾ ਨਾਮ ਰੌਸ਼ਨ ਕਰਦੇ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹ ਖੁਦ ਵੀ ਨਵੋਦਿਆ ਵਿਦਿਆਲਿਆ ਦੇ ਵਿਦਿਆਰਥੀ ਰਹੇ ਹਨ ਜਿਸਦੀ ਬਦੌਲਤ ਹੀ ਉਹ ਅੱਜ ਅਹਿਮ ਪ੍ਰਸ਼ਾਸ਼ਨਿਕ ਅਹੁਦੇ ਉੱਪਰ ਸੇਵਾਵਾਂ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮੋਗਾ ਦੇ ਲੋਹਾਰਾ ਵਿੱਚ ਬਣੇ ਨਵੋਦਿਆ ਵਿਦਿਆਲਿਆ ਨੂੰ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਹਰ ਸੰਭਵ ਸਹਾਇਤਾ ਦੇਣ ਦੇ ਯਤਨ ਜਾਰੀ ਰਹਿਣਗੇ। ਕਮੇਟੀ ਨੇ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦਾ ਕਿ ਜਵਾਹਾਰ ਨਵੋਦਿਆ ਵਿਦਿਆਲਿਆ ਦੀ ਚਾਰ ਦਿਵਾਰੀ ਦੀ ਉਚਾਈ ਨੂੰ 4 ਫੁੱਟ ਤੋਂ 6 ਫੁੱਟ ਕਰਨ, ਦੋ ਹੋਰ ਕਲਾਸ ਰੂਮ ਬਣਾਉਣ, ਵਿਦਿਆਰਥੀਆਂ ਲਈ ਇੱਕ ਨਵਾਂ ਡਾਈਨਿੰਗ ਹਾਲ, ਦੋ ਭੂਗੋਲਿਕ ਲੈਬਜ਼, ਸੀ.ਸੀ.ਟੀ.ਵੀ. ਕੈਮਰੇ, ਇੱਕ ਵਿਜਟਰ ਰੂਮ ਆਦਿ ਉੱਪਰ ਧਿਆਨ ਦੇਣ ਦੀ ਸਖਤ ਜਰੂਰਤ ਹੈ। ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਆਉਣ ਤੇ ਉਨ੍ਹਾਂ ਤੁਰੰਤ ਸਬੰਧਤ ਵਿਭਾਗਾਂ ਨੂੰ ਲੋਹਾਰਾ ਦੀ ਨਵੋਦਿਆ ਵਿਦਿਆਲਿਆ ਨੂੰ ਹੋਰ ਬਿਹਤਰ ਸਹੂਲਤਾਂ ਨਾਲ ਲੈਸ ਕਰਨ ਲਈ ਵਿਭਾਗੀ ਕਾਰਵਾਈਆਂ ਕਰਨ ਦੇ ਹੁਕਮ ਜਾਰੀ ਕੀਤੇ। ਡਿਪਟੀ ਕਮਿਸ਼ਨਰ ਨੇ ਸਬੰਧਤ ਵਿਭਾਗਾਂ ਨੂੰ ਆਦੇਸ਼ ਜਾਰੀ ਕੀਤੇ ਕਿ ਵਿਦਿਆਰਥੀਆਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਦੌਧਰ ਪ੍ਰੋਜੈਕਟ ਦਾ ਸਾਫ਼ ਅਤੇ ਸ਼ੁੱਧ ਪਾਣੀ ਇਸ ਵਿਦਿੱਅਕ ਸੰਸਥਾ ਤੱਕ ਪੁੱਜਦਾ ਕਰਨਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਮੰਗਾਂ ਵਿੱਚੋਂ ਜਿੱਥੋਂ ਤੱਕ ਸੰਭਵ ਹੋਇਆ ਸਰਕਾਰੀ ਹਦਾਇਤਾਂ ਮੁਤਾਬਿਕ ਵੱਧ ਤੋਂ ਵੱਧ ਮੰਗਾਂ ਨੂੰ ਪ੍ਰਵਾਨ ਕਰਕੇ ਕੰਮ ਕੀਤਾ ਜਾਵੇਗਾ।ਜਵਾਹਰ ਨਵੋਦਿਆ ਵਿਦਿਆਲਿਆ ਦੇ ਨੁੰਮਾਇੰਦਿਆਂ ਨੂੰ ਡਿਪਟੀ ਕਮਿਸ਼ਨਰ ਨੇ ਵਿਸ਼ਵਾਸ਼ ਦਿਵਾਇਆ ਕਿ ਸੰਸਥਾ ਦੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਲਈ ਉਹ ਨਿੱਜੀ ਦਿਲਚਸਪੀ ਲੈ ਕੇ ਕੰਮ ਕਰਨਗੇ ਕਿਉਂਕਿ ਇੱਥੋਂ ਦੇ ਵਿਦਿਆਰਥੀ ਦੇਸ਼ ਅਤੇ ਪੰਜਾਬ ਦਾ ਸੁਨਹਿਰੀ ਭਵਿੱਖ ਹਨ।