Home Chandigrah ਨਾਂ ਮੈਂ ਕੋਈ ਝੂਠ ਬੋਲਿਆ..?ਟਾਈਟਲਰ ਖਿਲਾਫ ਚਾਰਜਸ਼ੀਟ ਬਨਾਮ ਇਨਸਾਫ

ਨਾਂ ਮੈਂ ਕੋਈ ਝੂਠ ਬੋਲਿਆ..?
ਟਾਈਟਲਰ ਖਿਲਾਫ ਚਾਰਜਸ਼ੀਟ ਬਨਾਮ ਇਨਸਾਫ

44
0


ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ 1984 ਵਿੱਚ ਹੋਏ ਸਿੱਖ ਵਿਰੋਧੀ ਦੰਗਿਆਂ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਜਿਸ ਤਰ੍ਹਾਂ ਸਿੱਖਾਂ ਨੂੰ ਬੇਰਹਿਮੀ ਨਾਲ ਗਲਾਂ ਵਿਚ ਸੜਦੇ ਟਾਇਰ ਪਾ ਕੇ ਸੜਕਾਂ ’ਤੇ ਉਨ੍ਹਾਂ ਨੂੰ ਜਿਉਂਦਾ ਸਾੜ ਦਿੱਤਾ ਗਿਆ ਸੀ। ਜਦੋਂ ਜਿੰਦਾ ਅੱਗ ਵਿਚ ਸੜਦੇ ਹੋਏ ਤੜਫ ਰਹੇ ਸਨ ਤਾਂ ਦੰਗਾਕਾਰੀ ਨੱਚ ਕੇ ਆਪਣੀ ਖੁਸ਼ੀ ਦਾ ਇਜਹਾਰ ਕਰਦੇ ਰਹੇ। ਭਾਵੇਂ ਇਸ ਸਬੰਧ ਵਿੱਚ ਸਮੇਂ ਦੀਆਂ ਸਰਕਾਰਾਂ ਵੱਲੋਂ ਕੁਝ ਲੋਕਾਂ ਨੂੰ ਫੜ ਕੇ ਸਜ਼ਾਵਾਂ ਵੀ ਦਿੱਤੀਆਂ ਗਈਆਂ, ਪਰ ਇਸ ਪਿੱਛੇ ਜਿਹੜੇ ਵੱਡੇ ਚਿਹਰੇ ਸਨ ਉਨ੍ਹਾਂ ਨੂੰ ਬਚਾਉਣ ਲਈ ਹੁਣ ਤੱਕ ਅੱਡੀ ਚੋ੍ਯੀ ਦਾ ਜ਼ੋਰ ਲੱਗਦਾ ਰਿਹਾ। ਉਨ੍ਹਾਂ ਵਿਚ ਵੱਡਾ ਸਿਆਸੀ ਚਿਹਰਾ ਜਗਦੀਸ਼ ਟਾਈਟਲਰ ਵੀ ਹੈ। ਉਸਦੇ ਖਿਲਾਫ ਕਾਰਵਾਈ ਕਰਨ ਲਈ ਸਿੱਖਾਂ ਦਾ ਸੰਘਰਸ਼ ਹੁਣ ਤੱਕ ਜਾਰੀ। ਹੁਣ 39 ਸਾਲਾਂ ਬਾਅਦ ਸੀਬੀਆਈ ਨੇ ਜਗਦੀਸ਼ ਟਾਈਟਲਰ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਹੈ। ਜਿਸ ਵਿਚ ਕਿਹਾ ਗਿਆ ਹੈ ਕਿ 1984 ਦੇ ਸਿੱਖ ਵਿਰੋਧੀ ਦੰਗਿਆਂ ਵਿੱਚ ਭੀੜ ਵਲੋਂ ਆਜ਼ਾਦ ਮਾਰਕੀਟ ਪੁਲ ਬੰਗਸ਼ ਗੁਰਦੁਆਰਾ ਸਾਹਿਬ ਨੂੰ ਅੱਗ ਲਗਾਉਣ ਅਤੇ ਭੀੜ ਨੂੰ ਹਿੰਸਾ ਲਈ ਭੜਕਾਉਣ ਦੇ ਦੋਸ਼ ਉਦੋਂ ਲਾਏ ਗਏ ਹਨ। ਜਦੋਂ ਕਿ ਭੜਕੀ ਭੀੜ ਵੱਲੋਂ ਗੁਰਦੁਆਰੇ ਨੂੰ ਅੱਗ ਲਗਾ ਦਿੱਤੀ ਗਈ ਸੀ ਅਤੇ ਗੁਰਦੁਆਰਾ ਸਾਹਿਬ ਨੇੜੇ ਠਾਕਰ ਸਿੰਘ, ਬਾਦਲ ਸਿੰਘ ਅਤੇ ਗੁਰਚਰਨ ਸਿੰਘ ਨੂੰ ਜਿੰਦਾ ਸਾੜ ਦਿੱਤਾ ਗਿਆ ਸੀ। ਸੀ.ਬੀ.ਆਈ ਵੱਲੋਂ ਟਾਈਟਲਰ ਖਿਲਾਫ ਚਾਰਜਸ਼ੀਟ ਦਾਇਰ ਹੋਣ ਤੋਂ ਬਾਅਦ ਵੀ ਕੋਈ ਨਹੀਂ ਕਹਿ ਸਕਦਾ ਕਿ ਟਾਈਟਲਰ ਨੂੰ ਸਜਾ ਦੇ ਮੁਕਾਮ ਤੱਕ ਲਿਆਉਣ ਲਈ ਹੋਰ ਕਿੰਨਾ ਸਮਾਂ ਲੱਗੇਗਾ ਕਿਉਂਕਿ ਇੰਨੀ ਕਾਰਵਾਈ ਲਈ ਦੇਸ਼ ਦੀਆਂ ਵੱਖ-ਵੱਖ ਏਜੰਸੀਆਂ ਬਣਾਈਆਂ ਗਈਆਂ ਹਨ, ਕਮੇਟੀਆਂ ਦੀਆਂ ਰਿਪੋਰਟਾਂ ਨੂੰ 39 ਸਾਲ ਲੱਗ ਗਏ ਹਨ ਤਾਂ ਜਾਂ ਕੇ ਇੰਨੇਂ ਲੰਬੇ ਅਰਸੇ ਵਿਚ ਟਾਇਟਲਰ ਖਿਲਾਫ ਚਾਰਜਸ਼ੀਟ ਦਾਇਰ ਹੋ ਸਕੀ ਹੈ। ਹੁਣ ਵੱਡਾ ਸਵਾਲ ਇਹ ਹੈ ਕਿ ਜਿਸ ਦੇਸ਼ ਵਿੱਚ ਇੰਨੀ ਵੱਡੀ ਜਿਸ ਦੌਰਾਨ ਇਨਸਾਫ਼ ਪ੍ਰਾਪਤ ਕਰਨ ਵਾਲੇ ਬਹੁਤੇ ਲੋਕ ਇਨਸਾਫ਼ ਹੁੰਦਾ ਦੇਖਣ ਲਈ ਜਿਉਂਦੇ ਨਹੀਂ ਰਹਿੰਦੇ ਅਤੇ ਜੋ ਉਸ ਸਮੇਂ ਬੱਚੇ ਸਨ, ਉਹ ਹੁਣ ਜਵਾਨ ਹੋ ਚੁੱਕੇ ਹਨ ਅਤੇ ਜੋ ਉਸ ਸਮੇਂ ਜਵਾਨ ਸਨ ਉਹ ਬੁਢਾਪੇ ਵਿਚ ਜਾ ਚੁੱਕੇ ਹਨ ਅਤੇ ਉਨ੍ਹਾਂ ਵਿਚੋਂ ਵੀ ਬਹੁਤੇ ਮਰ ਚੁੱਕੇ ਹਨ ਜਾਂ ਜ਼ਿੰਦਗੀ ਦੇ ਆਖਰੀ ਪੜਾਅ ’ਤੇ ਹਨ। ਅਜਿਹੀ ਸਥਿਤੀ ਇਨਸਾਫ਼ ਮਿਲਣਾ ਨਾਕਾਫੀ ਹੈ। ਇੱਕ ਕਹਾਵਤ ਹੈ ਕਿ ਦੇਰੀ ਨਾਲ ਨਿਆਂ ਮਿਲਣਾ ਇਨਸਾਫ਼ ਨਹੀਂ ਸਗੋਂ ਨਾਸੁਰ ਹੁੰਦਾ ਹੈ ਕਿਉਂਕਿ ਜਦੋਂ ਤੱਕ ਇਨਸਾਫ਼ ਨਹੀਂ ਮਿਲਦਾ ਉਦੋਂ ਤੱਕ ਇਨਸਾਫ਼ ਲਈ ਲੜਨ ਵਾਲਾ ਹਰ ਰੋਜ਼ ਤਿਲ ਤਿਲ ਕਰਕੇ ਮਰਦਾ ਹੈ। ਜਿੱਥੇ ਇਨਸਾਫ਼ ਹਾਸਿਲ ਕਰਨ ਲਈ ਇੰਨਾਂ ਲੰਬਾ ਸਮਾਂ ਸੰਘਰਸ਼ ਕਰਨਾ ਪਏ ਉਥੇ ਆਮ ਬੰਦੇ ਦੇ ਹਾਲਾਤ ਕੀ ਹੋ ਸਕਦੇ ਹਨ ਇਸ ਗੱਲ ਦਾ ਅੰਦਾਜਾ ਆਸਾਨੀ ਨਾਲ ਲਗਾਇਆ ਜਾ ਸਕਦਾ ਹੈ। ਅਪਰਾਧ ਕਰਕੇ ਵੀ ਲੰਬਾ ਸਮਾਂ ਕਾਨੂੰਨੀ ਕਾਰਵਾਈ ਤੋਂ ਬਚਣਾ ਭਾਰਤ ਵਿਚ ਬਹੁਤ ਆਸਾਨ ਗੱਲ ਬਣ ਚੁੱਕੀ ਹੈ। ਪੈਸੇ ਅਤੇ ਅਸਰ ਰਸੂਖ ਵਾਲਾ ਕੋਈ ਵੀ ਵਿਅਕਤੀ ਆਪਣੇ ਵਿਰੋਧੀ ਜਾਂ ਗਤ ਸੱਚ ਲਈ ਆਵਾਜ਼ ਬੁਲੰਦ ਕਰਨ ਵਾਲੇ ਨੂੰ ਆਸਾਨਾ ਨਾਲ ਨਿਸ਼ਾਨਾ ਬਣਾ ਲੈਂਦਾ ਹੈ। ਇਥੇ ਸਿਰਫ਼ ਇਕ ਟਾਈਟਲਰ ਦੀ ਹੀ ਮਿਸਾਲ ਨਹੀਂ ਹੈ, ਸਗੋਂ ਅਜਿਹੇ ਮਾਮਲੇ ਭਾਰਤ ਦੇ ਹਰ ਰਾਜ ਦੇ ਹਰ ਸ਼ਹਿਰ, ਪਿੰਡ ਅਤੇ ਜ਼ਿਲ੍ਹੇ ਵਿੱਚ ਦੇਖੇ ਜਾ ਸਕਦੇ ਹਨ। ਇੱਥੇ ਕਹਿਣ ਨੂੰ ਤਾਂ ਕਾਨੂੰਨ ਸਭ ਲਈ ਇੱਕ ਹੈ ਪਰ ਆਮ ਤੌਰ ’ਤੇ ਕਾਨੂੰਨ ਤਕੜੇ ਲਈ ਹੋਰ ਅਤੇ ਗਰੀਬ ਲਈ ਹੋਰ ਤਰ੍ਹਾਂ ਨਾਲ ਕੰਮ ਕਰਦਾ ਹੈ। ਕਮਜ਼ੋਰ ਵਿਅਕਤੀ ਤੇ ਹਰ ਜਾਇਜ ਨਜਾਇਜ ਕਾਨੂੰਨ ਲਾਗੂ ਹੁੰਦਾ ਹੈ ਅਤੇ ਤਕੜਾ ਅਤੇ ਪਹੁੰਚ ਵਾਲਾ ਹਪ ਅਪਰਾਧ ਕਰਨ ਤੋਂ ਬਾਅਦ ਵੀ ਕਾਨੂੰਨ ਨੂੰ ਆਪਣੇ ਪੈਰਾਂ ਹੇਠ ਰੌਂਦ ਕੇ ਅੱਗੇ ਤੁਰ ਜਾਂਦਾ ਹੈ। ਪੈਸੇ ਅਤੇ ਪ੍ਰਭਾਵ ਵਾਲੇ ਲੋਕਾਂ ਵਲੋਂ ਕਾਨੂੰਨ ਆਪਣੀ ਮਰਜੀ ਅਨੁਸਾਰ ਚਲਾਇਆ ਜਾਂਦਾ ਹੈ। ਅਜਿਹੇ ਲੋਕਾਂ ਅਤੇ ਰਾਜਨਾਤਿਕ ਨੇਤਾਵਾਂ ਦੇ ਇਸ਼ਾਰੇ ’ਤੇ ਕੰਮ ਕਰਨ ਵਾਲਾ ਕਾਨੂੰਨ ਬਿਨਾਂ ਕਿਸੇ ਕਾਰਨ ਕਮਜ਼ੋਰ ਨੂੰ ਨਿਸ਼ਾਨਾ ਬਣਾ ਰਿਹਾ ਹੈ। ਸਿੱਖ ਵਿਰੋਧੀ ਦੰਗਿਆਂ ’ਚ ਟਾਈਟਲਰ ਤਾਂ ਇਕ ਵੱਡਾ ਨਾਮ ਹੋਣ ਕਾਰਨ ਚਰਚਿਤ ਹੈ ਅਸਲੀਅਤ ਵਿਚ ਅਜਿਹੇ ਟਾਈਟਲਰ ਤਾਂ ਦੇਸ਼ ਦੇ ਹਰ ਸ਼ਹਿਰ, ਪਿੰਡ ਅਤੇ ਸੂਬੇ ਵਿਚ ਵਿਚ ਮੌਜੂਦ ਹਨ। ਜਿੰਨਾਂ ਖਿਲਾਫ ਲੋਕਾਂ ਨੂੰ ਇਨਸਾਫ ਦੀ ਲੜਾਈ ਲਈ ਇਸੇ ਤਰ੍ਹਾਂ ਸਾਲਾਂ ਬੱਧੀ ਸਮਾਂ ਲੱਗ ਜਾਂਦਾ ਹੈ ਪਰ ਇਨਸਾਫ ਨਹੀਂ ਮਿਲਦਾ। ਇਸ ਲਈ ਦੇਸ਼ ਦੇ ਕਾਨੂੰਨ ਨੂੰ ਇਸ ਪਾਸੇ ਥੋੜ੍ਹਾ ਹੋਰ ਧਿਆਨ ਦੇਣਾ ਚਾਹੀਦਾ ਹੈ। ਬੇਬੁਨਿਆਦ ਮਾਮਲਿਆਂ ’ਤੇ ਅੱਗੇ ਵਧਣ ਤੋਂ ਪਹਿਲਾਂ ਨਿਯਮਾਂ ’ਤੇ ਗੌਰ ਕਰਨਾ ਚਾਹੀਦਾ ਹੈ, ਉਹ ਲੋਕ ਜੋ ਆਪਣੇ ਪੈਸੇ ਦੀ ਵਰਤੋਂ ਕਰਦੇ ਹਨ ਅਤੇ ਬਿਨ੍ਹਾਂ ਵਜਹ ਕਮਜੋਰ ਅਤੇ ਇਨਸਾਫ ਲਈ ਲੜਣ ਵਾਲਿਆਂ ਨੂੰ ਕਾਨੂੰਨ ਦੀਆਂ ਚੋਰ ਮੋਰੀਆਂ ਰਾਹੀਂ ਤੰਗ ਪ੍ਰੇਸ਼ਾਨ ਕਰਨ ਵਾਲੇ ਲੋਕਾਂ ਨੂੰ ਕਾਨੂੰਨ ਅਨੁਸਾਰ ਸਜ਼ਾ ਮਿਲੇ। ਇਹ ਯਕੀਨੀ ਬਣਾਇਆ ਜਾਵੇ ਕਿ ਸਭ ਨੂੰ ਸਮੇਂ ਸਿਰ ਨਿਆਂ ਮਿਲ ਸਕੇ, ਨਹੀਂ ਤਾਂ ਤਕੜਾ ਆਰਥਿਕ ਪੱਖੋਂ ਕਮਜ਼ੋਰਾਂ ਨੂੰ ਇੱਕ ਅਦਾਲਤ ਤੋਂ ਦੂਜੀ ਅਦਾਲਤ ਵਿੱਚ ਫਸਾ ਕੇ ਆਪਣੇ ਨਾਪਾਕ ਇਰਾਦਿਆਂ ਵਿੱਚ ਕਾਮਯਾਬ ਹੋ ਜਾਂਦਾ ਹੈ।
ਹਰਵਿੰਦਰ ਸਿੰਘ ਸੱਗੂ।

LEAVE A REPLY

Please enter your comment!
Please enter your name here