ਲੌਂਗੋਵਾਲ, (ਵਿਕਾਸ ਮਠਾੜੂ-ਅਸਵਨੀ) – ਨੇੜਲੇ ਮੰਡੇਰ ਕਲਾਂ ਤੋਂ ਇਕ ਪੁੱਤਰ ਵਲੋਂ ਆਪਣੀ ਮਾਂ ਦਾ ਕਹੀ ਮਾਰ ਕੇ ਕਤਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਸੂਤਰਾਂ ਅਨੁਸਾਰ ਕਿਸਾਨ ਪਰਿਵਾਰ ਨਾਲ ਸੰਬੰਧਿਤ ਅਮਰਜੀਤ ਕੌਰ (ਤਕਰੀਬਨ 60 ਸਾਲ) ਪਤਨੀ ਮਿੱਠੂ ਸਿੰਘ ਦੁਪਹਿਰ ਸਮੇਂ ਆਪਣੇ ਘਰ ਵਿਖੇ ਮੰਜੇ ਤੇ ਸੁੱਤੀ ਪਈ ਸੀ ਕਿ ਉਸਦੇ ਪੁੱਤਰ ਗੁਰਦੀਪ ਸਿੰਘ (35 ਸਾਲ) ਨੇ ਉਸ ਉੱਪਰ ਕਹੀ ਨਾਲ ਲਗਾਤਾਰ ਕਈ ਵਾਰ ਕੀਤੇ ਕਿ ਅਮਰਜੀਤ ਕੌਰ ਦੀ ਘਟਨਾ ਸਥਾਨ ਤੇ ਹੀ ਮੌਤ ਹੋ ਗਈ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀ.ਐੱਸ.ਪੀ. ਸੁਨਾਮ ਭਰਪੂਰ ਸਿੰਘ ਅਤੇ ਐੱਸ.ਐੱਚ.ਓ ਥਾਣ ਲੌਂਗੋਵਾਲ ਬਲਵੰਤ ਸਿੰਘ ਮੁਸਤੈਦੀ ਨਾਲ ਘਟਨਾ ਸਥਾਨ ਤੇ ਪੁੱਜ ਗਏ ਅਤੇ ਛਾਣਬੀਣ ਆਰੰਭ ਕਰ ਦਿੱਤੀ। ਇਸ ਸਬੰਧੀ ਐੱਸ.ਐੱਚ.ਓ. ਬਲਵੰਤ ਸਿੰਘ ਨੇ ਦੱਸਿਆ ਕਿ ਦੋਸ਼ੀ ਗੁਰਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਮ੍ਰਿਤਕਾ ਦੇ ਪਤੀ ਮਿੱਠ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਦੋਸ਼ੀ ਗੁਰਦੀਪ ਸਿੰਘ ਖਿਲਾਫ਼ ਕੇਸ ਦਰਜ਼ ਕੀਤਾ ਗਿਆ ਹੈ।
