ਜਗਰਾਉਂ 21 ਮਈ ( ਬੌਬੀ ਸਹਿਜਲ, ਧਰਮਿੰਦਰ )- ਸਾਹਿਤ ਸਭਾ ਜਗਰਾਉਂ ਦੀ ਮਾਸਿਕ ਇਕੱਤਰਤਾ ਸਭਾ ਦੇ ਪ੍ਰਧਾਨ ਕਰਮ ਸਿੰਘ ਸੰਧੂ ਦੀ ਅਗਵਾਈ ਹੇਠ ਹੋਈ,ਜਿਸ ਵਿੱਚ ਨਵੀਂ ਪੀੜ੍ਹੀ ਅੰਦਰ ਸਾਹਿਤਕ ਚੇਤਨਾਂ ਪੈਦਾ ਕਰਨ ਅਤੇ ਸੰਭਾਵੀ ਲੇਖਕਾਂ ਨੂੰ ਕਾਵਿ ਕਲਾ ਦੀਆਂ ਸੂਖਮ ਵਿਧਾਵਾਂ ਬਾਰੇ ਜਾਗਰੂਕ ਕਰਨ ਲਈ ਗੰਭੀਰ ਸੰਵਾਦ ਰਚਾਇਆ। ਇਸ ਮੌਕੇ ਉੱਘੇ ਸ਼ਾਇਰਾ ਗੁਰਚਰਨ ਕੋਰ ਕੋਚਰ ਦੇ ਪਤੀ ਜੇ.ਬੀ ਸਿੰਘ ਕੋਚਰ ਤੇ ਉੱਘੀ ਲੇਖਿਕਾ ਹਰਕੀਰਤ ਚਾਹਲ ਦੇ ਬੇਟੇ ਦੇ ਬੇਵਕਤ ਦਿਹਾਂਤ ‘ਤੇ ਅਫਸੋਸ ਪ੍ਰਗਟ ਕੀਤਾ ਗਿਆ ।ਇਸ ਦੌਰਾਨ ਭਾਰਤ ਸਰਕਾਰ ਵਲੋਂ ਕਲਮ ਦੀ ਤਾਕਤ ਰਾਹੀਂ ਲੋਕ ਮਸਲਿਆਂ ਨੂੰ ਉਭਾਰਨ ਵਾਲੇ ਉੱਘੀ ਨਾਟਕਕਾਰਾ ਨਵਸ਼ਰਨ ਕੌਰ ਨੂੰ ਦਬਾਉਣ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ।ਇਸ ਮੌਕੇ ਸਭਾ ਵਲੋਂ ਨਵਸ਼ਰਨ ਕੌਰ ਦੇ ਹੱਕ ਵਿੱਚ ਡਟਣ ਦਾ ਫ਼ੈਸਲਾ ਵੀ ਲਿਆ ਗਿਆ।ਇਸ ਮੌਕੇ ਕਵੀ ਦਰਬਾਰ ਵਿੱਚ ਹਾਜ਼ਰ ਸਾਹਿਤਕਾਰਾਂ ਨੇ ਆਪਣੀਆਂ ਮੌਲਿਕ ਸਾਹਿਤਕ ਕਿਰਤਾਂ ਰਾਹੀਂ ਹਾਜ਼ਰੀ ਭਰੀ। ਸ਼ੁਰੂਆਤੀ ਦੌਰ ਅੰਦਰ ਰੂਮੀ ਰਾਜ ਨੇ “ਮੇਰਾ ਪਿੰਡ” ਕਵਿਤਾ ਰਾਹੀਂ ਬਦਲਦੇ ਪੰਜਾਬ ਦਾ ਦੁਖਾਂਤ ਪੇਸ਼ ਕੀਤਾ। ਉੱਭਰਦੇ ਕਵੀ ਧਰਮਿੰਦਰ ਸਿੰਘ ਨੀਟਾ ਨੇ ” ਬੋਲਣ ਨਹੀਂ ਦੇਣਾਂ ” ਰਾਹੀਂ ਤਿੱਖਾ ਤੰਜ ਕਸਿਆ। ਜਗਦੀਸ਼ ਮਹਿਤਾ ਨੇ ਤਰੰਨਮ ਵਿੱਚ”ਚਰਖ਼ਾ ” ਗੀਤ ਗਾ ਕੇ ਰੰਗ ਬੰਨ੍ਹਿਆ। ਹਰਕੋਮਲ ਬਰਿਆਰ ਨੇ “ਪਿਛਲੇ ਪਹਿਰ ” ਸਮੇਤ ਅਨੇਕਾਂ ਗ਼ਜ਼ਲਾਂ ਤੇ ਨਜ਼ਮਾਂ ਪੇਸ਼ ਕਰਕੇ ਮਹਿਫ਼ਿਲ ਨੂੰ ਚਾਰ ਚੰਨ ਲਾ ਦਿੱਤੇ। ਗ਼ਜ਼ਲਗੋ ਗੁਰਜੀਤ ਸਹੋਤਾ ਨੇ ਖੂਬਸੂਰਤ ਗ਼ਜ਼ਲ ” ਕੀ ਕੀ ਦੱਸਾਂ ” ਪੇਸ਼ ਕਰਕੇ ਮਨ ਮੋਹ ਲਿਆ। ਜੋਗਿੰਦਰ ਅਜ਼ਾਦ ਨੇ “ਅੱਜ ਦਾ ਦਰਯੋਧਨ” ਪੇਸ਼ ਕਰਕੇ ਹਾਜ਼ਰੀ ਭਰੀ। ਕੁਲਦੀਪ ਸਿੰਘ ਲੋਹਟ ਨੇ ” ਮਾਂ ” ਕਵਿਤਾ ਰਾਹੀਂ ਸਮੇਂ ਤੇ ਸਮਾਜ ‘ਤੇ ਤਿੱਖਾ ਵਿਅੰਗ ਕੀਤਾ। ਸਰਬਜੀਤ ਸਿੰਘ ਨੇ “ਸਾਡਾ ਵਸੇਬਾ” ਗੀਤ ਪੇਸ਼ ਕੀਤਾ।ਮੇਜਰ ਸਿੰਘ ਛੀਨਾ ਨੇ ਵਾਤਾਵਰਣ ਪ੍ਰਤੀ ਚੇਤੰਨ ਕਰਦੀ ਕਵਿਤਾ “ਰੁੱਖ ” ਪੇਸ਼ ਕੀਤੀ।ਇਸ ਮੌਕੇ ਰਾਜਦੀਪ ਤੂਰ ਨੇ ਗ਼ਜ਼ਲ ਪੇਸ਼ ਕੀਤੀ।ਸਭਾ ਦੇ ਪ੍ਰਧਾਨ ਕਰਮ ਸਿੰਘ ਸੰਧੂ ਨੇ “ਆਪਣਾਂ ਪੰਜਾਬ ” ਕਵਿਤਾ ਰਾਹੀਂ ਸੋਹਣੇ ਪੰਜਾਬ ਦੀ ਖੂਬਸੂਰਤ ਤਸਵੀਰ ਪੇਸ਼ ਕਰਕੇ ਮਾਹੌਲ ਭਾਵੁਕ ਕਰ ਦਿੱਤਾ। ਇਸ ਮੌਕੇ ਸਭਾ ਦੇ ਸਰਪ੍ਰਸਤ ਪ੍ਰਭਜੋਤ ਸੋਹੀ ਨੇ ਸਾਹਿਤ ਸਭਾ ਦੀਆਂ ਸਾਹਿਤਕ ਗਤੀਵਿਧੀਆਂ ਨੂੰ ਹੋਰ ਵਿਸ਼ਾਲ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਉਪਰੰਤ ਐਚ. ਐਸ.ਡਿੰਪਲ ਨੇ ਕਾਵਿ ਕਲਾ ਦੀਆਂ ਸੂਖਮ ਵਿਧਾਵਾਂ ‘ਤੇ ਸੰਖੇਪ ਚਰਚਾ ਕੀਤੀ। ਮੌਕੇ ਸਭਾ ਦੇ ਪ੍ਰਧਾਨ ਕਰਮ ਸਿੰਘ ਸੰਧੂ ਨੇ ਕਿਹਾ ਕਿ ਸਭਾ ਦੀਆਂ ਸਾਹਿਤਕ ਗਤੀਵਿਧੀਆਂ ਨੂੰ ਹੋਰ ਬੇਹਤਰੀਨ ਬਣਾਉਣ ਲਈ ਸਮੂਹ ਮੈਂਬਰਾਨ ਦੇ ਸਹਿਯੋਗ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਾਹਿਤ ਸਭਾ ਨਵੀਂ ਪੀੜ੍ਹੀ ਅੰਦਰ ਸਾਹਿਤਕ ਜਾਗ ਲਾਉਣ ਤੇ ਸੰਭਾਵੀ ਲੇਖਕਾਂ ਨੂੰ ਸਭਾ ਨਾਲ ਜੋੜ ਕੇ ਚੰਗਾ ਮਿਆਰੀ ਸਾਹਿਤ ਲਿਖਣ ਲਈ ਪ੍ਰੇਰਿਤ ਕਰੇਗੀ।ਇਸ ਮੌਕੇ ਡਾ.ਜਸਵੰਤ ਸਿੰਘ ਢਿੱਲੋਂ,ਸੱਤਪਾਲ ਦੇਹੜਕਾ,ਮੇਜਰ ਸਿੰਘ ਛੀਨਾ ਆਦਿ ਹਾਜ਼ਰ ਸਨ।ਮੰਚ ਦਾ ਸੰਚਾਲਨ ਕੁਲਦੀਪ ਸਿੰਘ ਲੋਹਟ ਨੇ ਬਾਖੂਬੀ ਕੀਤਾ।